ਗੁਰਬਾਣੀ ਅਨੁਸਾਰ ਹਰੇਕ ਮਨੁੱਖ ਆਪਣੇ ਕਰਮਾਂ ਦਾ ਆਪ ਜੁਮੇਵਾਰ ਹੈ, ਕੋਈ ਹੋਰ ਦੂਸਰਾ ਨਹੀਂ (ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)

Everyone is responsible for his own deeds and not someone else

ਕੋਈ ਵਿਰਲਾ ਮਨੁੱਖ ਹੀ ਜਾਣਦਾ ਹੈ ਕਿ ਇਥੇ ਜਗਤ ਵਿਚ ਅਸਲੀ ਮਿੱਤਰ ਜਾਂ ਸਾਥੀ ਕੌਣ ਹੈ। ਜਿਸ ਮਨੁੱਖ ਉੱਤੇ ਅਕਾਲ ਪੁਰਖ ਦਇਆਲ ਹੁੰਦਾ ਹੈ, ਉਹੀ ਮਨੁੱਖ ਇਸ ਗੱਲ ਨੂੰ ਸਮਝ ਸਕਦਾ ਹੈ। ਮਾਤਾ, ਪਿਤਾ, ਪਤਨੀ, ਪੁੱਤਰ, ਧੀ, ਪਿਆਰੇ, ਮਿੱਤਰ ਤੇ ਭਰਾ ਆਦਿ, ਸਭ ਦਾ ਸਾਥ ਸਿਰਫ ਪੂਰਬਲੇ ਜਨਮਾਂ ਕਰਕੇ ਹੈ, ਤੇ ਜਾਂ ਸਾਡੇ ਕਰਮਾਂ ਕਰਕੇ ਹੈ। ਇਨ੍ਹਾਂ ਵਿਚੋਂ ਕਿਸੇ ਨੇ ਵੀ ਅੰਤ ਵਿਚ ਸਹਾਈ ਨਹੀਂ ਹੋਣਾ ਹੈ।

ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥

ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥੧॥ (੭੦੦)

ਅਕਾਲ ਪੁਰਖੁ ਨੇ ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ। ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ ਵੱਸਦੇ ਹਨ, ਜਿਨ੍ਹਾਂ ਦੇ ਅਨੇਕਾਂ ਤੇ ਅਨਗਿਣਤ ਨਾਮ ਹਨ। ਇਨ੍ਹਾਂ ਅਨੇਕਾਂ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ ਆਪੋ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਅਕਾਲ ਪੁਰਖ ਦੇ ਦਰ ਤੇ ਨਿਬੇੜਾ ਹੁੰਦਾ ਹੈ। ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ, ਕਿਉਂਕਿ ਨਿਆਂ ਕਰਨ ਵਾਲਾ ਅਕਾਲ ਪੁਰਖ ਆਪ ਸੱਚਾ ਹੈ, ਉਸਦਾ ਦਰਬਾਰ ਵੀ ਸੱਚਾ ਹੈ। 

“ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥ (੭)

ਗੁਰਬਾਣੀ ਅਨੁਸਾਰ ਅਕਾਲ ਪੁਰਖੁ ਹੀ ਸਭ ਦਾ ਮਾਤਾ ਪਿਤਾ, ਰਿਸ਼ਤੇਦਾਰ ਤੇ ਭਰਾ ਹੈ। ਸਭ ਥਾਂਵਾਂ ਤੇ ਰੱਖਿਆਂ ਕਰਨ ਵਾਲਾ ਵੀ ਅਕਾਲ ਪੁਰਖ ਆਪ ਹੀ ਹੈ, ਇਸ ਲਈ ਕਿਸੇ ਤਰ੍ਹਾਂ ਦੀ ਚਿੰਤਾ ਜਾਂ ਭੈ ਨਹੀਂ ਕਰਨਾ ਚਾਹੀਦਾ ਹੈ। ਗੁਰਬਾਣੀ ਵਿਚ ਇਹੀ ਸਮਝਾਇਆ ਗਿਆ ਹੈ, ਕਿ ਸਿੱਖ ਨੇ ਦੁਨਿਆਵੀ ਰਿਸ਼ਤਿਆਂ ਦੀ ਬਜਾਏ ਅਕਾਲ ਪੁਰਖੁ ਨਾਲ ਸਾਂਝ ਪਾਣੀ ਹੈ।

ਮਾਝ ਮਹਲਾ ੫ ॥ ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥

ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥

ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥ (੧੦੩)

ਗੁਰਬਾਣੀ ਅਨੁਸਾਰ ਸਭ ਦੁਨਿਆਵੀ ਰਿਸ਼ਤੇ ਝੂਠੇ ਹਨ। ਸਾਰੇ ਲੋਕ ਭਾਵੇਂ ਪਤਨੀ ਹੋਵੇ ਜਾਂ ਮਿੱਤਰ ਹੋਵੇ, ਸਭ ਆਪਣੇ ਸੁਖਾਂ ਦੀ ਖਾਤਰ ਹੀ ਨਾਲ ਤੁਰੇ ਫਿਰਦੇ ਹਨ।

ਦੇਵਗੰਧਾਰੀ ਮਹਲਾ ੯ ॥ ਜਗਤ ਮੈ ਝੂਠੀ ਦੇਖੀ ਪ੍ਰੀਤਿ ॥

ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥ (੫੩੬)

ਆਪਣੇ ਮਨ ਨੂੰ ਇਕ ਪਿਆਰੇ ਮਿੱਤਰ ਦੀ ਤਰ੍ਹਾਂ ਸਮਝਾਣਾ ਹੈ ਕਿ ਤੂੰ ਸਦਾ ਸੱਚ ਦੀ ਸੰਭਾਲ ਕਰ। ਇਹ ਸਾਰਾ ਪਰਿਵਾਰ ਜੋ ਦਿਖਾਈ ਦੇ ਰਿਹਾ ਹੈ, ਉਨ੍ਹਾਂ ਵਿਚੋਂ ਕਿਸੇ ਨੇ ਵੀ ਅੰਤ ਸਮੇਂ ਨਾਲ ਨਹੀਂ ਚਲਣਾ ਹੈ। ਇਸ ਲਈ ਇਨ੍ਹਾਂ ਦੀ ਬਜਾਏ ਅਕਾਲ ਪੁਰਖੁ ਨਾਲ ਆਪਣੀ ਲਿਵ ਜੋੜ।

ਏ ਮਨ ਪਿਆਰਿਆ ਤੂ ਸਦਾ ਸਚੁ ਸਮਾਲੇ ॥

ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ ॥

ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ ॥੧੧॥ (੯੧੮)

ਜੇਕਰ ਪੁੱਤਰ ਝਗੜਾਲੂ ਹੈ ਤਾਂ ਇਹ ਮਾਤਾ ਪਿਤਾ ਦਾ ਕਸੂਰ ਨਹੀਂ। ਗੁਰਬਾਣੀ ਤਾਂ ਇਹੀ ਸਿਖਿਆ ਦਿੰਦੀ ਹੈ ਕਿ ਐ ਪੁੱਤਰ ਤੂੰ ਆਪਣੇ ਬਾਪ ਨਾਲ ਕਿਉਂ ਲੜ ਰਿਹਾ ਹੈ, ਜਿਸ ਨੇ ਤੈਨੂੰ ਪੈਦਾ ਕੀਤਾ, ਪਾਲਿਆਂ ਤੇ ਵੱਡਾ ਕੀਤਾ ਹੈ, ਉਸ ਨਾਲ ਝਗੜਨਾ ਪਾਪ ਹੈ।

ਕਾਹੇ ਪੂਤ ਝਗਰਤ ਹਉ ਸੰਗਿ ਬਾਪ ॥

ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥੧॥ ਰਹਾਉ ॥ (੧੨੦੦)

ਇਹ ਸਭ ਰਤਨ, ਮੋਤੀ, ਸੋਨਾ, ਚਾਂਦੀ, ਆਦਿਕ ਕੀਮਤੀ ਪਦਾਰਥ ਸਭ ਮਿੱਟੀ ਸਮਾਨ ਹੀ ਹਨ, ਕਿਉਂਕਿ ਇਹ ਸਭ ਇਥੇ ਹੀ ਪਏ ਰਹਿ ਜਾਣੇ ਹਨ। ਮਾਤਾ ਪਿਤਾ ਪੁੱਤਰ ਤੇ ਸਬੰਧੀਆਂ ਦੇ ਸਾਕ ਸਭ ਝੂਠੇ ਹਨ, ਕਿਉਂਕਿ ਇਹ ਸਭ ਸਾਥ ਇਥੇ ਹੀ ਛੱਡ ਜਾਣੇ ਹਨ। ਜਿਸ ਅਕਾਲ ਪੁਰਖੁ ਨੇ ਸਾਨੂੰ ਪੈਦਾ ਕੀਤਾ, ਜਿਸ ਅਕਾਲ ਪੁਰਖੁ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ, ਉਸ ਅਕਾਲ ਪੁਰਖੁ ਨੂੰ ਜਿਹੜਾ ਮਨੁੱਖ ਆਪਣੇ ਮਨ ਵਿਚ ਨਹੀਂ ਵਸਾਉਂਦਾ ਹੈ, ਤਾਂ ਸਮਝ ਲੈਣਾਂ ਚਾਹੀਦਾ ਹੈ ਕਿ ਉਹ ਮਨਮੁਖ ਹੈ ਤੇ ਇਕ ਪਸੂ ਦੇ ਸਮਾਨ ਹੈ। ਅਕਾਲ ਪੁਰਖੁ ਤੋਂ ਬਿਨਾ ਹੋਰ ਕੋਈ ਅਸਲ ਰਾਖਾ ਨਹੀਂ ਹੈ। ਇਸ ਲਈ ਦੁਨਿਆਵੀ ਰਿਸ਼ਤਿਆਂ ਦੀ ਬਜਾਏ ਅਕਾਲ ਪੁਰਖੁ ਨਾਲ ਆਪਣਾ ਸਬੰਧ ਬਣਾਣਾ ਹੈ।

ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ ॥

ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ ॥

ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ ॥੨॥ (੪੭)

ਮਾਤਾ ਪਿਤਾ ਪੁੱਤਰ ਧੀ ਪਤਨੀ ਦਾ ਸਾਥ ਸਦਾ ਲਈ ਨਹੀਂ ਚਲਣਾ ਹੈ। ਮਨੁੱਖ ਆਪਣਾ ਘਰ, ਇਸਤ੍ਰੀ, ਜਾਂ ਕੋਈ ਵੀ ਚੀਜ, ਆਪਣੇ ਨਾਲ ਨਹੀਂ ਲਿਜਾ ਸਕਦਾ ਹੈ। ਇਸ ਲਈ ਅਜੇਹੀ ਪੂੰਜੀ ਇਕੱਠੀ ਕਰੋ, ਜਿਹੜੀ ਕਦੇ ਨਾਸ ਨ ਹੋਵੇ ਤੇ ਜਿਸ ਨਾਲ ਅਕਾਲ ਪੁਰਖੁ ਦੇ ਦਰ ਤੇ ਇਜਤ ਨਾਲ ਜਾ ਸਕੀਏ। ਗੁਰਬਾਣੀ ਵਿਚ ਵਾਰ ਵਾਰ ਇਹੀ ਸਮਝਾਇਆ ਗਿਆ ਹੈ, ਕਿ ਅਕਾਲ ਪੁਰਖੁ ਨੂੰ ਹਰ ਵੇਲੇ ਯਾਦ ਰੱਖੋ ਤੇ ਉਸ ਦੇ ਹੁਕਮੁ ਤੇ ਰਜਾ ਅਨੁਸਾਰ ਚਲ ਕੇ ਆਪਣਾ ਜੀਵਨ ਸਫਲ ਕਰੋ।

ਕਾ ਕੋ ਮਾਤ ਪਿਤਾ ਸੁਤ ਧੀਆ ॥

ਗ੍ਰਿਹ ਬਨਿਤਾ ਕਛੁ ਸੰਗਿ ਨ ਲੀਆ ॥

ਐਸੀ ਸੰਚਿ ਜੁ ਬਿਨਸਤ ਨਾਹੀ ॥ ਪਤਿ ਸੇਤੀ ਅਪੁਨੈ ਘਰਿ ਜਾਹੀ ॥ (੨੫੩)

ਗੁਰੂ ਸਾਹਿਬ ਬਾਣੀ ਵਿਚ ਸੁਚੇਤ ਕਰਦੇ ਹਨ ਕਿ ਅਕਾਲ ਪੁਰਖੁ ਤੋਂ ਬਿਨਾ ਕੋਈ ਵੀ ਸਹਾਇਤਾ ਕਰਨ ਵਾਲਾ ਨਹੀਂ ਹੈ। ਜਦੋਂ ਮਨੁੱਖ ਦਾ ਸਰੀਰ ਨਾਲ ਸਾਥ ਮੁੱਕ ਜਾਂਦਾ ਹੈ, ਤਾਂ ਫਿਰ ਕੌਣ ਕਿਸੇ ਦੀ ਮਾਂ, ਕੌਣ ਕਿਸੇ ਦਾ ਪਿਉ, ਕੌਣ ਕਿਸੇ ਦਾ ਪੁੱਤਰ, ਕੌਣ ਕਿਸੇ ਦੀ ਵਹੁਟੀ, ਤੇ ਕੌਣ ਕਿਸੇ ਦਾ ਭਰਾ ਬਣ ਸਕਦਾ ਹੈ ?

ਰਾਗੁ ਸਾਰੰਗ ਮਹਲਾ ੯ ॥ ਹਰਿ ਬਿਨੁ ਤੇਰੋ ਕੋ ਨ ਸਹਾਈ ॥

ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥੧॥ ਰਹਾਉ ॥ (੧੨੩੧)

ਆਮ ਤੌਰ ਤੇ ਅਸੀਂ ਕਰਮਾਂ ਬਾਰੇ ਇਹ ਹੀ ਸਮਝਦੇ ਹਾਂ ਕਿ ਭਾਵੇਂ ਦੁਨੀਆਂ ਦਾ ਕੋਈ ਵੀ ਭੈੜਾ ਕੰਮ ਕਰ ਲਉ, ਬਸ ਥੋੜੀ ਜਿਹੀ ਪਾਠ ਪੂਜਾ ਕਰ ਲਉ, ਦਾਨ ਪੁੰਨ ਕਰ ਲਉ, ਫਿਰ ਸਾਡਾ ਆਪਣੇ ਆਪ ਭਲਾ ਹੋ ਜਾਵੇਗਾ। ਪਰ ਕੀ ਅਸੀਂ ਕਦੀ ਵੇਖਿਆ ਹੈ ਕਿ ਪਾਣੀ ਵਿਚ ਲੂਣ ਪਾਇਆ ਜਾਵੇ ਤੇ ਪੂਜਾ ਪਾਠ ਕਰਨ ਨਾਲ ਉਸ ਦਾ ਸਵਾਦ ਖੰਡ ਵਰਗਾ ਮਿਠਾ ਜੋ ਜਾਵੇ। ਜੇ ਕਰ ਅਜੇਹਾ ਸਰੀਰਕ ਤਲ ਤੇ ਨਹੀਂ ਹੋ ਸਕਦਾ ਤਾਂ ਫਿਰ ਉਹ ਆਤਮਿਕ ਤਲ ਤੇ ਕਿਸ ਤਰ੍ਹਾਂ ਹੋ ਜਾਵੇਗਾ। ਹੁਕਮੁ ਬਾਰੇ ਵੀ ਅਸੀਂ ਇਹ ਹੀ ਸਮਝਦੇ ਹਾਂ ਕਿ ਕਿਸੇ ਬਜ਼ੁਰਗ, ਵੱਡੇ, ਮਾਲਕ, ਅਫ਼ਸਰ ਜਾਂ ਅਧਿਆਪਕ ਨੇ ਜਿਹੜਾ ਵੀ ਕੰਮ ਕਿਹਾ ਹੈ, ਉਸ ਦਾ ਕਿਹਾ ਹੀ ਹੁਕਮੁ ਹੈ। ਪਰੰਤੂ ਗੁਰਬਾਣੀ ਵਿੱਚ ਹੁਕਮੁ ਦਾ ਸਬੰਧ ਅਕਾਲ ਪੁਰਖੁ ਦੇ ਨਿਯਮ, ਧਰਮ, ਅਸੂਲ ਜਾਂ ਸਿਸਟਮ ਨਾਲ ਹੈ। ਇਹ ਸੀਮਿਤ ਨਹੀਂ ਹੈ ਕਿਉਂਕਿ ਅਕਾਲ ਪੁਰਖੁ ਦਾ ਅਸੂਲ ਕੁਦਰਤ ਅਤੇ ਜੀਵਨ ਦੇ ਹਰ ਪਹਿਲੂ ਨਾਲ ਸਬੰਧਤ ਹੈ, ਇਸ ਵਿਚ ਅਨੇਕਤਾ ਹੈ। 

ਗੁਰੂ ਨਾਨਕ ਸਾਹਿਬ ਨੇ ਤਾਂ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਹੀ ਸਮਝਾ ਦਿੱਤਾ ਹੈ ਕਿ ਜੇ ਕਰ ਅਕਾਲ ਪੁਰਖੁ ਨੂੰ ਪਾਣਾਂ ਹੈ ਤਾਂ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਪਵੇਗਾ, ਜੋ ਕਿ ਧੁਰ ਤੋਂ ਹੀ ਜੀਵ ਦੇ ਨਾਲ ਲਿਖਿਆ ਹੋਇਆ ਹੈ। 

“ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥” (੧)

ਸਾਰੀ ਸ੍ਰਿਸ਼ਟੀ ਰੱਬ ਦੇ ਹੁਕਮੁ ਵਿਚ ਹੀ ਹੈ। “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥” (੧) ਕੋਈ ਜੀਵ ਹੁਕਮ ਤੋਂ ਬਾਹਰ, ਭਾਵ ਹੁਕਮੁ ਤੋ ਆਕੀ ਨਹੀਂ ਹੋ ਸਕਦਾ। ਭਾਵੇਂ ਕੋਈ ਰੱਬ ਨੂੰ ਮੰਨੇ ਜਾਂ ਨਾ ਮੰਨੇ। ਇਸ ਲਈ ਭਾਵੇਂ ਕੋਈ ਆਸਤਿਕ ਹੈ ਜਾਂ ਨਾਸਤਿਕ ਹੈ। ਉਹ ਹੈ ਹੁਕਮੁ ਦੇ ਅਧੀਨ ਹੀ। 

ਜਿਸ ਤਰ੍ਹਾਂ ਹਵਾ, ਭਾਵ ਪ੍ਰਾਣ ਮਨੁੱਖ ਦੇ ਸਰੀਰਾਂ ਲਈ ਜਰੂਰੀ ਹਨ, ਇਸੇ ਤਰ੍ਹਾਂ ਗੁਰੂ ਮਨੁੱਖ ਦੇ ਆਤਮਕ ਜੀਵਨ ਲਈ ਜਰੂਰੀ ਹੈ। ਪਾਣੀ ਸਭ ਜੀਵਾਂ ਦਾ ਪਿਉ ਹੈ, ਜਿਸ ਕਰਕੇ ਜੀਵਨ ਤੇ ਜੀਵਨ ਦਾ ਵਿਕਾਸ ਨਿਰਭਰ ਕਰਦਾ ਹੈ। ਧਰਤੀ ਸਭ ਦੀ ਵੱਡੀ ਮਾਂ ਦੀ ਤਰ੍ਹਾਂ ਹੈ, ਜਿਹੜੀ ਸਭ ਦਾ ਪਾਲਣ ਕਰਦੀ ਹੈ। ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਦੀ ਤਰ੍ਹਾਂ ਹਨ, ਜਿਨ੍ਹਾਂ ਕਰਕੇ ਸਾਰਾ ਸੰਸਾਰ ਖੇਡ ਰਿਹਾ ਹੈ, ਭਾਵ, ਸੰਸਾਰ ਦੇ ਸਾਰੇ ਜੀਵ, ਰਾਤ ਨੂੰ ਸੌਣ ਵਿਚ ਤੇ ਦਿਨ ਵੇਲੇ ਕਾਰ-ਵਿਹਾਰ ਵਿਚ ਰੁਝੇ ਰਹਿੰਦੇ ਹਨ। ਇਹ ਜਗਤ ਇਕ ਰੰਗ-ਭੂਮੀ ਹੈ, ਜਿਸ ਵਿਚ ਜੀਵ ਖਿਲਾੜੀ ਆਪੋ ਆਪਣੀ ਖੇਡ ਖੇਡ ਰਹੇ ਹਨ। ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿਚ ਜੀਵਾਂ ਦੇ ਕੀਤੇ ਹੋਏ ਚੰਗੇ ਤੇ ਮੰਦੇ ਕਰਮ ਵਿਚਾਰਦਾ ਹੈ। ਹਰੇਕ ਜੀਵ ਦੀ ਪੜਤਾਲ ਬੜੇ ਚੰਗੇ, ਇਕਸਾਰ ਤੇ ਸਹੀ ਤਰੀਕੇ ਨਾਲ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਹੋ ਰਹੀ ਹੈ। ਆਪੋ ਆਪਣੇ ਇਨ੍ਹਾਂ ਕੀਤੇ ਹੋਏ ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਤੇ ਕਈ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ। ਜਿਹੜੇ ਮਨੁੱਖ ਨਿਰੀ ਮਾਇਆ ਦੀ ਖੇਡ ਹੀ ਖੇਡਦੇ ਰਹੇ, ਉਹ ਅਕਾਲ ਪੁਰਖੁ ਤੋਂ ਦੂਰ ਹੁੰਦੇ ਗਏ। ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮੁ ਚੇਤੇ ਰੱਖਿਆ, ਤੇ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਅਨੁਸਾਰ ਜੀਵਨ ਵਿਚ ਵਿਚਰਦੇ ਰਹੇ, ਉਹ ਆਪਣੀ ਮਿਹਨਤ ਸਫਲ ਕਰ ਗਏ। ਅਕਾਲ ਪੁਰਖ ਦੇ ਦਰ ਤੇ ਅਜੇਹੇ ਮਨੁੱਖ ਉੱਜਲ ਮੁਖ ਵਾਲੇ ਹਨ। ਹੋਰ ਵੀ ਕਈ ਜੀਵ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਸੁਚੱਜੇ ਰਾਹ ਤੇ ਚਲਣ ਨਾਲ “ਕੂੜ ਦੀ ਪਾਲਿ” ਢਾਹ ਕੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ। 

ਸਲੋਕੁ ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥

ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥ (੮) (ਜਪੁਜੀ ਸਾਹਿਬ ਜੀ)

ਇਸ ਲਈ ਆਓ ਸਾਰੇ ਜਾਣੇ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਪੜ੍ਹ ਕੇ, ਸਮਝ ਕੇ, ਤੇ ਆਪਣੇ ਅਮਲੀ ਜੀਵਨ ਵਿਚ ਅਪਨਾ ਕੇ, ਅਕਾਲ ਪੁਰਖੁ ਦੇ ਨਾਮੁ ਤੇ ਹੁਕਮੁ ਨੂੰ ਸਮਝੀਏ ਤੇ ਆਪਣੇ ਕਰਮ ਠੀਕ ਕਰਕੇ ਇਹ ਮਨੁੱਖਾ ਜੀਵਨ ਸਫਲ ਕਰੀਏ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

——————–*********************———————-

Note:  Only Dr. Sarbjit Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।