ਬੱਚੇ ਮਾਤਾ ਪਿਤਾ ਦਾ ਕਹਿਣਾ ਕਿਉਂ ਨਹੀਂ ਮੰਨਦੇ ਹਨ? (ਭਾਗ ੩) (ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)

ਅਸੀਂ ਆਪਣੇ ਬੱਚਿਆਂ ਨਾਲ ਗੱਲਬਾਤ ਕਰਨ ਦਾ ਤਰੀਕਾ ਕਿਸ ਤਰ੍ਹਾਂ ਸੁਧਾਰ ਸਕਦੇ ਹਾਂ

Why children do not listen to the parents? (Part 3)

How to improve our way of talking with the children

ਮਨੁੱਖ ਇੱਕ ਸਮਾਜਕ ਪ੍ਰਾਣੀ ਹੈ, ਜਿਸ ਕਰਕੇ ਉਹ ਸਮਾਜ ਤੇ ਪਰਿਵਾਰ ਵਿੱਚ ਇੱਕਠਾ ਰਹਿੰਦਾ ਹੈ। ਪਰਿਵਾਰਕ ਜੀਵਨ ਵਿੱਚ ਸੁਖ ਤੇ ਸ਼ਾਂਤੀ ਤਾਂ ਹੀ ਆ ਸਕਦੀ ਹੈ ਜੇਕਰ ਸਾਰਾ ਪਰਿਵਾਰ ਆਪਸੀ ਸਾਂਝ ਤੇ ਤਾਲਮੇਲ ਨਾਲ ਰਹਿ ਰਿਹਾ ਹੋਵੇ। ਇਸ ਲਈ ਜਰੂਰੀ ਹੈ ਕਿ ਮਾਤਾ ਪਿਤਾ ਤੇ ਬੱਚੇ ਆਪਸ ਵਿੱਚ ਠੀਕ ਤਰ੍ਹਾਂ ਗਲਬਾਤ ਕਰਣ ਤੇ ਆਪਸ ਵਿੱਚ ਇੱਕ ਦੂਜੇ ਨਾਲ ਪ੍ਰੇਮ ਤੇ ਸਤਿਕਾਰ ਵਾਲਾ ਵਰਤਾਉ ਕਰਣ। ਮਾਤਾ ਪਿਤਾ ਦਾ ਠੀਕ ਤਰ੍ਹਾਂ ਗਲਬਾਤ ਕਰਨ ਨਾਲ ਬੱਚਿਆਂ ਦੇ ਵਿਕਾਸ ਉੱਪਰ ਬਹੁਤ ਡੂੰਘਾ ਅਸਰ ਪੈਂਦਾ ਹੈ। ਮਾਤਾ ਪਿਤਾ ਬੱਚਿਆਂ ਲਈ ਇੱਕ ਰੋਲ ਮਾਡਲ ਦਾ ਕੰਮ ਕਰਕੇ ਉਨ੍ਹਾਂ ਨੂੰ ਸਫਲ ਜੀਵਨ ਬਤੀਤ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ।

ਸਚੁ ਵਾਪਾਰੁ ਕਰਹੁ ਵਾਪਾਰੀ॥ ਦਰਗਹ ਨਿਬਹੈ ਖੇਪ ਤੁਮਾਰੀ॥ ਏਕਾ ਟੇਕ ਰਖਹੁ ਮਨ ਮਾਹਿ॥ ਨਾਨਕ ਬਹੁਰਿ ਨ ਆਵਹਿ ਜਾਹਿ॥ ੬॥ (੨੯੩)

ਹੇਠ ਲਿਖੇ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਨਾਲ ਮਾਤਾ ਪਿਤਾ ਆਪਣੇ ਬੱਚਿਆਂ ਨਾਲ ਗੱਲਬਾਤ ਕਰਨ ਦਾ ਤਰੀਕਾ ਸੁਧਾਰ ਸਕਦੇ ਹਨ:

ਬੱਚੇ ਨੂੰ ਨਾਂ ਲੈਕੇ ਬੁਲਾਉਂਣਾਂ: ਜਿਸ ਤਰ੍ਹਾਂ ਸਾਨੂੰ ਆਪਣਾ ਨਾਂ ਸੁਣਨਾਂ ਚੰਗਾ ਲਗਦਾ ਹੈ, ਇਸੇ ਤਰ੍ਹਾਂ ਬੱਚਿਆਂ ਨੂੰ ਵੀ ਆਪਣਾ ਨਾਂ ਸੁਣਨਾਂ ਬਹੁਤ ਚੰਗਾ ਲਗਦਾ ਹੈ। ਨਾਂ ਲੈਂਣ ਨਾਲ ਬੱਚੇ ਦਾ ਧਿਆਨ ਸਾਡੇ ਵੱਲ ਖਿਚਿਆ ਜਾਂਦਾ ਹੈ, ਜਿਸ ਨਾਲ ਅਸੀਂ ਆਪਣੀ ਗੱਲ, ਬੱਚੇ ਨੂੰ ਚੰਗੀ ਤਰ੍ਹਾਂ ਸਮਝਾਂ ਸਕਦੇ ਹਾਂ। ਛੋਟੇ ਬੱਚੇ ਇੱਕ ਸਮੇਂ, ਇੱਕ ਗੱਲ ਤੇ ਹੀ ਧਿਆਨ ਦੇ ਸਕਦੇ ਹਨ। ਇਸ ਲਈ ਬੱਚੇ ਦਾ ਨਾਂ ਲੈਂਣ ਨਾਲ ਬੱਚੇ ਦਾ ਧਿਆਨ ਸਾਡੇ ਵੱਲ ਆਪਣੇ ਆਪ ਖਿਚਿਆ ਜਾਂਦਾ ਹੈ, ਜੋ ਕਿ ਸਬੰਧ ਬਣਾਉਂਣ ਵਿੱਚ ਬਹੁਤ ਸਹਾਈ ਹੁੰਦਾ ਹੈ। ਬੱਚਿਆਂ ਨਾਲ ਆਪਣੇ ਦੋਸਤਾਂ ਦੀ ਤਰ੍ਹਾਂ ਸਬੰਧ ਬਣਾਣੇ ਹਨ।

ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ॥ ੩॥ (੬੭੧)

ਨਹੀਂ ਦੀ ਥਾਂ, ਹਾਂ ਵਾਲੀ ਭਾਸ਼ਾ ਵਰਤਣੀ: ਕਈ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਕਹਿੰਦੇ ਰਹਿੰਦੇ ਹਨ, ਕਿ ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਇਸ ਤਰ੍ਹਾਂ ਨਹੀਂ ਕਰਨਾ, ਇਹ ਕਿਉਂ ਕੀਤਾ। ਅਜੇਹੇ ਨਿਰਾਰਥਕ ਸ਼ਬਦਾ ਕਰਕੇ ਬੱਚਾ ਸੋਚਦਾ ਹੈ ਕਿ ਉਸ ਨੂੰ ਧਮਕਾਇਆ ਜਾ ਰਿਹਾ ਹੈ, ਉਸ ਤੇ ਹਮਲਾ ਕੀਤਾ ਜਾ ਰਿਹਾ ਹੈ, ਉਸ ਦੇ ਸਵੈਭਿਮਾਨ ਤੇ ਚੋਟ ਮਾਰੀ ਜਾ ਰਹੀ ਹੈ। ਬੱਚਾ ਇਸ ਦਾ ਕਾਰਨ ਨਹੀਂ ਸਮਝ ਸਕਦਾ, ਜਿਸ ਕਰਕੇ ਬੱਚਾ ਸੁਣਨਾ ਬੰਦ ਕਰ ਦਿੰਦਾ ਹੈ। ਅਜੇਹੀ ਭਾਸ਼ਾ ਵਰਤਣ ਦੀ ਥਾਂ ਬੱਚੇ ਨੂੰ ਪੁਛੋ ਕਿ ਬੇਟਾ ਤੂੰ ਕੀ ਕਰਨਾ ਚਾਹੁੰਦਾ ਹੈ, ਕਿਸ ਤਰ੍ਹਾਂ ਕਰਨਾ ਚਾਹੁੰਦਾ ਹੈ। ਇਸ ਵਾਸਤੇ ਸੋਚ ਵਿਚਾਰ ਤੇ ਅਭਿਆਸ ਦੀ ਲੋੜ ਹੈ। ਬੱਚੇ ਨੂੰ ਸ਼ਰਮਿੰਦਾ ਕਰਨਾ, ਗਾਲਾਂ ਕੱਢਣੀਆਂ ਤੇ ਡਾਂਟਣ ਨਾਲ ਕੋਈ ਲਾਭ ਨਹੀਂ ਹੋਣਾ ਹੈ, ਬਲਕਿ ਅਜੇਹਾ ਕਰਨ ਨਾਲ ਬੱਚੇ ਦਾ ਮਨੋਬਲ ਘਟਦਾ ਹੈ। ਅਜੇਹੇ ਹਾਲਾਤ ਵਿੱਚ ਬੱਚਾ ਗਲਬਾਤ ਕਰਨੀ ਬੰਦ ਕਰ ਦਿੰਦਾ ਹੈ। ਸਾਰਥਕ ਸ਼ਬਦਾ ਨਾਲ ਬੱਚੇ ਦਾ ਮਨੋਬਲ ਵਧਦਾ ਹੈ, ਬੱਚਾ ਹਿੰਮਤੀ ਬਣਦਾ ਹੈ, ਖੁਸ਼ ਰਹਿੰਦਾ ਹੈ, ਕਹਿਣਾ ਮੰਨਦਾ ਹੈ ਤੇ ਵੱਡਿਆਂ ਦੀ ਇਜ਼ਤ ਕਰਨੀ ਵੀ ਸਿਖ ਜਾਂਦਾ ਹੈ।

ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥ ੨੧॥ (੪੩੩)

ਬੱਚਿਆਂ ਨਾਲ ਅੱਖਾਂ ਨਾਲ ਅੱਖਾਂ ਮਿਲਾ ਕੇ ਸਾਂਝ ਪੈਦਾ ਕਰਨੀ: ਕਈ ਵਾਰੀ ਜਦੋਂ ਬੱਚਾ ਆਪਣੇ ਕਿਸੇ ਹੋਰ ਕੰਮ ਵਿੱਚ ਰੁਝਾ ਹੁੰਦਾ ਹੈ ਤਾਂ ਮਾਤਾ ਪਿਤਾ ਬੱਚੇ ਨਾਲ ਗੱਲਾਂ ਕਰਨ ਲਗ ਪੈਂਦੇ ਹਨ ਜਾਂ ਉਸ ਨੂੰ ਕੁੱਝ ਕਹਿਣ ਲਗ ਪੈਂਦੇ ਹਨ। ਅਜੇਹੀ ਸਥਿਤੀ ਵਿੱਚ ਜਾਂ ਤਾਂ ਬੱਚੇ ਦਾ ਧਿਆਨ ਹੀ ਨਹੀਂ ਹੁੰਦਾ ਹੈ ਤੇ ਜਾਂ ਬੱਚਾ ਉਸ ਵੱਲ ਆਪਣੀ ਤਵੱਜੋ ਨਹੀਂ ਦਿੰਦਾ। ਅਜੇਹੀ ਸਥਿਤੀ ਵਿੱਚ ਬੱਚੇ ਦਾ ਧਿਆਨ ਆਪਣੇ ਵੱਲ ਕੇਂਦਰਿਤ ਕਰਨਾ ਬਹੁਤ ਜਰੂਰੀ ਹੈ। ਬੱਚੇ ਨਾਲ ਅੱਖਾਂ ਨਾਲ ਅੱਖਾਂ ਮਿਲਾ ਕੇ ਸਾਂਝ ਪੈਦਾ ਕਰਨੀ ਬਹੁਤ ਸਹਾਇਕ ਹੁੰਦੀ ਹੈ। ਆਪ ਨੀਵੇਂ ਹੋ ਕੇ ਜਾਂ ਬੱਚੇ ਨੂੰ ਮੇਜ ਤੇ ਬਿਠਾ ਕੇ ਇਕੋ ਜਿਹੀ ਉਚਾਈ ਤੇ ਹੋ ਕੇ ਗੱਲਬਾਤ ਕਰਨੀ ਚਾਹੀਦੀ ਹੈ। ਬੱਚੇ ਲਈ ਆਪਣਾ ਉਚੇਚਾ ਸਮਾਂ ਕੱਢਣਾ ਚਾਹੀਦਾ ਹੈ ਤੇ ਉਸ ਦੀ ਗੱਲ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਬੱਚਾ ਚੰਗੀਆਂ ਆਦਤਾਂ ਸਿਖਦਾ ਹੈ।

ਉੱਚੀ ਆਵਾਜ਼ ਵਿੱਚ ਨਹੀਂ ਬੋਲਣਾ: ਜੇਕਰ ਬੱਚਾ ਉੱਚੀ ਆਵਾਜ਼ ਵਿੱਚ ਗੁਸੇ ਨਾਲ ਜਾਂ ਨਾਰਾਜਗੀ ਕਰਕੇ ਬੋਲ ਰਿਹਾ ਹੋਵੇ ਤਾਂ ਮਾਤਾ ਪਿਤਾ ਨੂੰ ਠਰੱਮੇ ਨਾਲ ਕੰਮ ਲੈਂਣਾਂ ਚਾਹੀਦਾ ਹੈ ਤੇ ਉੱਚੀ ਆਵਾਜ਼ ਵਿੱਚ ਨਹੀਂ ਬੋਲਣ ਚਾਹੀਦਾ। ਖਤਰੇ ਦੀ ਸਥਿਤੀ ਸਮੇਂ ਉੱਚੀ ਆਵਾਜ਼ ਵਿੱਚ ਕਹਿਣ ਲਈ ਕੋਈ ਹਰਜ਼ ਨਹੀਂ, ਪਰੰਤੂ ਰੋਜ਼ ਦੀ ਆਦਤ ਠੀਕ ਨਹੀਂ। ਇਸ ਨੂੰ ਬੱਚਾ ਚਿਤਾਵਨੀ ਦੀ ਤਰ੍ਹਾਂ ਸਮਝੇਗਾ ਤੇ ਅੱਗੇ ਤੋਂ ਧਿਆਨ ਰੱਖੇਗਾ ਕਿ ਦੁਬਾਰਾ ਨਾ ਹੋਵੇ। ਅਜੇਹੀ ਸਥਿਤੀ ਵਿੱਚ ਬੱਚੇ ਕੋਲ ਜਾ ਕੇ ਉਸ ਨੂੰ ਠੀਕ ਤਰ੍ਹਾਂ ਪਿਆਰ ਨਾਲ ਸਮਝਾਂਣਾ ਹੈ ਤਾਂ ਜੋ ਅੱਗੇ ਤੋਂ ਸੁਚੇਤ ਰਹੇ।

ਗੰਢੁ ਪਰੀਤੀ ਮਿਠੇ ਬੋਲ॥ (੧੪੩)

ਸਿਧਾ ਮਨਾਹ ਕਰਨ ਦੀ ਬਜਾਏ, ਹੋਰ ਯੋਗ ਤਰੀਕਾ ਵਰਤੋ ਤੇ ਸੁਝਾਅ ਦੱਸੋ: ਕਈ ਵਾਰੀ ਜਦੋਂ ਕਿ ਬੱਚਾ ਆਪਣੀ ਮਨ ਮਰਜੀ ਕਰਨਾ ਚਾਹੁੰਦਾ ਹੈ, ਪਰੰਤੂ ਮਾਤਾ ਪਿਤਾ ਨੂੰ ਉਹ ਠੀਕ ਨਹੀਂ ਲਗਦੀ। ਅਜੇਹੀ ਸਥਿਤੀ ਵਿੱਚ ਬੱਚੇ ਨੂੰ ਸਮਝਾਂਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤੇ ਜੇਕਰ ਬੱਚਾ ਨਾ ਮੰਨੇ ਤਾਂ ਸਿਧੀ ਨਾ ਕਰਨ ਦੀ ਬਜਾਏ, ਲੋਈ ਹੋਰ ਯੋਗ ਤਰੀਕਾ ਦੱਸਣਾ ਚਾਹੀਦਾ ਹੈ। ਲਾਭ ਤੇ ਨੁਕਸਾਨ ਸਮਝਾਂਣੇ ਚਾਹੀਦੇ ਹਨ। ਉਦਾਹਰਣ ਦੇ ਤੌਰ ਤੇ, ਜੇਕਰ ਕਪੜੇ ਪਾ ਲਏਗਾ ਤਾਂ ਡੈਡੀ ਤੈਨੂੰ ਬਾਹਰ ਘੁਮਾਣ ਵਾਸਤੇ ਲੈ ਕੇ ਜਾਣਗੇ, ਸਕੂਲ ਦਾ ਕੰਮ ਕਰ ਲਵੇਗਾ ਤਾਂ ਟੀ. ਵੀ. ਵੇਖ ਸਕਦਾ ਹੈ, ਕਿਹੜੀ ਕਿਤਾਬ ਚੰਗੀ ਲਗਦੀ ਹੈ, ਸਕੂਲ ਵਾਸਤੇ ਤਿਆਰ ਹੋਣ ਤੋਂ ਬਾਅਦ ਖਿਲੌਣਿਆਂ ਨਾਲ ਖੇਡ ਸਕਦਾ ਹੈ, ਆਦਿ। ਮਾਤਾ ਪਿਤਾ ਨੂੰ ਆਪਣੇ ਕੰਮਾਂ ਕਾਜਾਂ ਵਿੱਚ ਸਹਾਇਤਾ ਕਰਨ ਲਈ ਬੱਚਿਆਂ ਨੂੰ ਨਾਲ ਲਾਉਂਣਾ ਚਾਹੀਦਾ ਹੈ। ਮਾਤਾ ਪਿਤਾ ਦੇ ਅੰਦਰ ਸਬਰ ਸੰਤੋਖ ਹੋਣਾ ਚਾਹੀਦਾ ਹੈ ਤਾਂ ਜੋ ਆਪਣੇ ਬੱਚਿਆਂ ਨੂੰ ਧਿਆਨ ਨਾਲ ਸਮਝ ਸਕਣ ਤੇ ਲੋੜ ਅਨੁਸਾਰ ਸਿਖਿਆ ਦੇ ਸਕਣ।

ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿੑ॥ ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ॥ ੧੧੬॥ (੧੩੮੪)

ਸਮਝਾਂਣ ਦਾ ਤਰੀਕਾ ਛੋਟਾ ਤੇ ਸਪੱਸ਼ਟ: ਛੋਟੇ ਬੱਚਿਆਂ ਦੀ ਬੁਧੀ ਦਾ ਵਿਕਾਸ ਪੂਰਾ ਨਹੀਂ ਹੋਇਆ ਹੁੰਦਾ ਹੈ। ਉਨ੍ਹਾਂ ਨੂੰ ਬਹੁਤ ਸਾਰੀਆਂ ਹਦਾਇਤਾ ਇਕੋ ਵਾਰੀ ਦੇਣ ਨਾਲ ਸਮਝ ਨਹੀਂ ਆਂਉਂਦੀਆਂ ਹਨ। ਸਿਖਿਆਵਾਂ ਛੋਟੀਆਂ ਤੇ ਸਮੇਂ ਦੇ ਵਕਫੇ ਨਾਲ ਦੇਣੀਆਂ ਚਾਹੀਦੀਆਂ ਹਨ। ਸਾਰੇ ਮਾਤਾ ਪਿਤਾ ਆਪਣਿਆਂ ਬੱਚਿਆਂ ਨੂੰ ਸੁਧਾਰਨਾਂ ਚਾਹੁੰਦੇ ਹਨ, ਪਰੰਤੂ ਇਹ ਸਭ ਕੁੱਝ ਬੱਚਿਆਂ ਦੀ ਉਮਰ ਤੇ ਸਤੱਰ ਵੇਖ ਕੇ ਕਰਨਾ ਚਾਹੀਦੀ ਹੈ। ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਕਿ ਬੱਚਾ ਕਿਨਾਂ ਕੁ ਧਿਆਨ ਨਾਲ ਸੁਣ ਰਿਹਾ ਹੈ। ਗੁਰੂ ਦੀ ਮਤ ਸੁਣਨ ਨਾਲ ਤੇ ਜੀਵਨ ਵਿੱਚ ਅਪਨਾਣ ਨਾਲ ਮਨੁੱਖਾ ਜੀਵਨ ਸਫਲ ਹੋ ਸਕਦਾ ਹੈ। ਇਸ ਲਈ ਹਮੇਸ਼ਾਂ ਧਿਆਨ ਵਿੱਚ ਰੱਖਣਾ ਹੈ, ਕਿ ਮਾਤਾ ਪਿਤਾ ਦੁਆਰਾ ਗੁਰੂ ਦੀ ਲਈ ਹੋਈ ਮਤ, ਬੱਚਿਆਂ ਤਕ ਪਹੁੰਚ ਰਹੀ ਹੈ ਕਿ ਨਹੀਂ। ਜੇਕਰ ਅਜੇਹਾ ਨਹੀਂ ਹੋ ਰਿਹਾ ਹੈ ਤਾਂ ਉਸ ਦੇ ਕਾਰਣ ਤੇ ਹਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ॥ (੨)

ਬੱਚਿਆਂ ਨੂੰ ਪ੍ਰੇਸ਼ਾਨ ਕਰਨਾ ਤੇ ਨਿੰਦਣਾ ਨਹੀਂ: ਇਹ ਬਹੁਤ ਜਰੂਰੀ ਹੈ ਕਿ ਬੱਚਿਆਂ ਦੇ ਚੰਗੇ ਕੰਮਾਂ ਦੀ ਸ਼ਲਾਘਾ ਕੀਤੀ ਜਾਵੇ। ਚੰਗੀਆਂ ਉਪਲਬਧੀਆਂ ਤੇ ਕਹਿਣਾਂ ਮੰਨਣ ਲਈ ਇਨਾਮ ਵੀ ਦੇਣੇ ਚਾਹੀਦੇ ਹਨ। ਬੱਚਿਆਂ ਦਾ ਟਾਈਮ ਟੇਬਲ ਬਣਾਣਾ ਚਾਹੀਦਾ ਹੈ, ਕਿ ਉਨ੍ਹਾਂ ਨੇ ਕਿਸ ਸਮੇਂ ਕੀ ਕਰਨਾ ਹੈ। ਜੇਕਰ ਕੋਈ ਖੇਡਣ ਵੇਲੇ ਰੋਕੇ ਤਾਂ ਬੱਚਿਆਂ ਨੂੰ ਚੰਗਾ ਨਹੀਂ ਲਗਦਾ ਹੈ। ਜੇਕਰ ਬੱਚੇ ਦਾ ਟਾਈਮ ਟੇਬਲ ਬਣਿਆ ਹੋਵੇਗਾ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਹੋਵੇਗਾ ਕਿ ਕੀ ਕਰਨਾ ਹੈ, ਇਸ ਲਈ ਡਾਂਟਣ ਦੀ ਲੋੜ ਨਹੀਂ ਪਵੇਗੀ।

ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥ ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥ ੧੨੯॥ (੧੩੮੪)

ਮਾਤਾ ਪਿਤਾ ਨੂੰ ਆਪਣੇ ਬੱਚਿਆਂ ਲਈ ਇੱਕ ਚੰਗਾ ਰੋਲ ਮਾਡਲ ਬਣਨਾ: ਜੇਕਰ ਮਾਤਾ ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਚੰਗੇ ਬਣਨ ਤਾਂ ਜਰੂਰੀ ਹੈ ਕਿ ਘਰ ਵਿੱਚ ਵੀ ਉਸੇ ਅਨੁਸਾਰ ਮਹੌਲ ਹੋਵੇ। ਬੱਚੇ ਅਕਸਰ ਆਪਣੇ ਮਾਤਾ ਪਿਤਾ ਦੀ ਨਕਲ ਕਰਦੇ ਹਨ। ਇਸ ਲਈ ਮਾਤਾ ਪਿਤਾ ਨੂੰ ਬੱਚਿਆਂ ਲਈ ਇੱਕ ਚੰਗਾ ਰੋਲ ਮਾਡਲ ਬਣਨਾ ਚਾਹੀਦਾ ਹੈ। ਜੇਕਰ ਮਾਤਾ ਪਿਤਾ ਆਪਣੇ ਬੱਚਿਆਂ ਦੀ ਗੱਲ ਧਿਆਨ ਨਾਲ ਸੁਣਦੇ ਹਨ ਤਾਂ ਬੱਚੇ ਵੀ ਮਾਤਾ ਪਿਤਾ ਦੀ ਗੱਲਾਂ ਧਿਆਨ ਨਾਲ ਸੁਣਨਾ ਸਿਖ ਜਾਂਦੇ ਹਨ। ਜੇਕਰ ਮਾਤਾ ਪਿਤਾ ਜਦੋਂ ਕਿਸੇ ਦੂਸਰੇ ਨਾਲ ਗੱਲਾਂ ਕਰਨ ਵੇਲੇ, ਉਸ ਦੀ ਗੱਲ ਨਹੀਂ ਸੁਣਦੇ ਹਨ ਤਾਂ ਬੱਚੇ ਵੀ ਨਾ ਸੁਣਨ ਵਾਲੀ ਆਦਤ ਸਿਖ ਜਾਂਦੇ ਹਨ। ਆਪਣੇ ਜੀਵਨ ਸਾਥੀ ਨਾਲ ਨਾ ਤਾਂ ਉੱਚੀ ਬੋਲਣਾ ਚਾਹੀਦਾ ਹੈ ਤੇ ਨਾ ਹੀ ਲੜਨਾਂ ਚਾਹੀਦਾ ਹੈ, ਤੇ ਨਾ ਹੀ ਉਸ ਦੀ ਕਹੀ ਗੱਲ ਵੱਲ ਬੇਧਿਆਨੇ ਹੋਣਾ ਚਾਹੀਦਾ ਹੈ। ਬੱਚੇ ਇਹ ਸਭ ਕੁੱਝ ਵੇਖਦੇ ਰਹਿੰਦੇ ਹਨ ਤੇ ਮਾਤਾ ਪਿਤਾ ਦੀਆਂ ਨਕਲਾਂ ਵੀ ਲਾਂਉਂਦੇ ਰਹਿੰਦੇ ਹਨ। ਇਹ ਸਭ ਕੁੱਝ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਮਾਤਾ ਪਿਤਾ ਨੂੰ ਪਤਾ ਵੀ ਨਹੀਂ ਲਗਦਾ। ਨਿਮਰਤਾ ਨਾਲ ਬੋਲਣਾ, ਧੰਨਵਾਦ ਕਰਨਾ, ਝੂਠ ਨਹੀਂ ਬੋਲਣਾ, ਆਏ ਗਏ ਦਾ ਸਵਾਗਤ ਕਰਨਾ, ਵੱਡਿਆਂ ਦੀ ਇਜ਼ਤ ਕਰਨਾ, ਆਦਿ ਸਭ ਕੁੱਝ ਬੱਚੇ, ਮਾਤਾ ਪਿਤਾ ਭੈਣ ਭਰਾ ਰਿਸ਼ਤੇਦਾਰਾਂ ਤੇ ਆਸੇ ਪਾਸੇ ਦੇ ਲੋਕਾਂ ਵੱਲ ਵੇਖ ਕੇ ਹੀ ਸਿਖਦੇ ਹਨ।

ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥ ੧੨੭॥ (੧੩੮੪)

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥  ੫ ॥ (੬੨)

ਨਿਮਰਤਾ, ਸ਼ਾਂਤੀ ਤੇ ਦ੍ਰਿੜਤਾ: ਜੇਕਰ ਕੋਈ ਪੱਕਾ ਫੈਸਲਾ ਕੀਤਾ ਗਿਆ ਹੈ ਤਾਂ ਉਸ ਤੇ ਦ੍ਰਿੜ ਰਹਿੰਣਾ ਚਾਹੀਦਾ ਹੈ। ਅਜੇਹੇ ਫੈਸਲਾ ਕਰਨ ਲਈ ਆਪਣੇ ਜੀਵਨ ਸਾਥੀ ਦੀ ਸਹਿਮਤੀ ਤੇ ਸਾਥ ਜਰੂਰੀ ਹੈ। ਹੋ ਸਕਦਾ ਹੈ ਕਿ ਬੱਚਿਆਂ ਨੂੰ ਭਾਂਵੇਂ ਮਾਤਾ ਜਾਂ ਪਿਤਾ ਦੀ ਇਹ ਗੱਲ ਪਸੰਦ ਨਾ ਆਵੇ ਤੇ ਉਹ ਪਿਤਾ ਜਾਂ ਮਾਤਾ ਦਾ ਆਸਰਾ ਲੈਣ ਦੀ ਕੋਸ਼ਿਸ਼ ਕਰ ਸਕਦਾ ਹੈ। ਇਸ ਲਈ ਦੋਵਾਂ ਨੂੰ ਦ੍ਰਿੜ ਰਹਿੰਣਾ ਚਾਹੀਦਾ ਹੈ, ਤੇ ਆਪਣੀ ਗੱਲ ਪਿਆਰ ਨਾਲ ਸਮਝਾਂਣੀ ਚਾਹੀਦੀ ਹੈ। ਇਹ ਦ੍ਰਿੜਤਾਂ ਰੋਜ਼ਾਨਾ ਦੀ ਆਦਤ ਨਹੀਂ ਬਣ ਜਾਣੀ ਚਾਹੀਦੀ ਹੈ, ਕਿਉਂਕਿ ਵਾਰ ਵਾਰ ਅਜੇਹੇ ਹਾਲਾਤ ਵਿੱਚ ਬੱਚਾ ਇਕੱਲਾ ਤੇ ਬੇਸਹਾਰਾ ਸਮਝਣ ਲਗ ਜਾਂਦਾ ਹੈ। ਦ੍ਰਿੜਤਾਂ ਤੇ ਕਾਇਮ ਰਹਿੰਦੇ ਹੋਏ, ਹੋਰ ਬਾਕੀ ਸਭ ਕੰਮ ਨਿਮਰਤਾ, ਸ਼ਾਂਤੀ ਤੇ ਪਿਆਰ ਨਾਲ ਹੋਣੇ ਚਾਹੀਦੇ ਹਨ।

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ੨੦॥ (੧੪੧੨)

ਸੋਚਣ ਸ਼ਕਤੀ ਪੈਦਾ ਕਰਨ ਵਾਲੇ ਸਵਾਲ ਜੁਆਬ: ਬੱਚਿਆਂ ਦੇ ਮਾਨਸਕ ਵਿਕਾਸ ਲਈ ਉਨ੍ਹਾਂ ਦੀ ਸੋਚਣ ਸ਼ਕਤੀ ਵਧਾਉਂਣੀ ਬਹੁਤ ਜਰੂਰੀ ਹੈ। ਉਸ ਲਈ ਸਿਰਫ ਹਾਂ, ਜਾਂ ਨਾ, ਵਿੱਚ ਉੱਤਰ ਲੈਂਣ ਦੀ ਬਜਾਏ, ਇਹ ਪੁਛਿਆ ਜਾ ਸਕਦਾ ਹੈ, ਕਿ ਉਸ ਨੇ ਕਿਸ ਤਰ੍ਹਾਂ ਕੀਤਾ, ਕੌਣ ਕੌਣ ਉਸ ਨੂੰ ਪਾਰਟੀ ਵਿੱਚ ਮਿਲਿਆ ਸੀ, ਉਸ ਨਾਲ ਕਿਹੜੀਆਂ ਕਿਹੜੀਆਂ ਗੱਲਾਂ ਕੀਤੀਆਂ ਸਨ, ਪਾਰਕ ਜਾਂ ਮਿਊਜ਼ੀਅਮ ਵਿੱਚ ਕੀ ਕੁੱਝ ਵੇਖਿਆ, ਕਿਹੜੀ ਚੀਜ ਜਿਆਦਾ ਪਸੰਦ ਆਈ, ਆਦਿ। ਅਜੇਹਾ ਕਰਨ ਨਾਲ ਬੱਚੇ ਦੀ ਸੋਚਣ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਤੇ ਬੱਚੇ ਦੇ ਵੀਚਾਰਾਂ ਬਾਰੇ ਵੀ ਪਤਾ ਲਗ ਜਾਂਦਾ ਹੈ। ਅਜੇਹਾ ਸੁਭਾਅ ਬੱਚੇ ਅੰਦਰ ਉੱਦਮ ਕਰਨ ਦੀ ਰੁਚੀ ਪੈਦਾ ਕਰਦਾ ਹੈ।

ਸਲੋਕੁ ਮਃ ੫॥ ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ ੧॥ (੫੨੨)

ਬੱਚੇ ਦੀ ਸਮਝ ਤੇ ਸੋਚਣ ਸ਼ਕਤੀ ਬਾਰੇ ਜਾਨਣਾ: ਜੇਕਰ ਬੱਚਾ ਨਹੀਂ ਸੁਣਦਾ ਹੈ ਤੇ ਜਾਂ ਹੈਰਾਨ ਹੋਇਆ ਰਹਿੰਦਾ ਹੈ, ਤਾਂ ਉਸ ਨੂੰ ਵਾਰ ਵਾਰ ਕਹਿਣ ਦੀ ਬਜਾਏ ਜਾਂ ਡਾਂਟਣ ਦੀ ਬਜਾਏ, ਬੱਚੇ ਦੀ ਸਮਝ ਸ਼ਕਤੀ ਬਾਰੇ ਜਾਨਣਾ ਬਹੁਤ ਜਰੂਰੀ ਹੈ। ਜੋ ਵੀ ਬੱਚੇ ਨੂੰ ਕਿਹਾ ਹੈ ਉਸ ਨੂੰ ਦੁਬਾਰਾ ਦੁਹਰਾਣ ਲਈ ਕਹਿਣਾ ਚਾਹੀਦਾ ਹੈ। ਜੇਕਰ ਬੱਚਾ ਦੁਹਰਾ ਨਹੀਂ ਸਕਦਾ ਹੈ, ਤਾਂ ਫਿਰ ਹੋ ਸਕਦਾ ਹੈ, ਕਿ ਇਹ ਗੱਲ ਬਹੁਤ ਲੰਮੀ ਹੈ, ਤੇ ਜਾਂ ਇਹ ਗੱਲ ਬੱਚੇ ਦੀ ਸਮਝ ਤੋਂ ਬਾਹਰ ਹੈ। ਅਜੇਹੀ ਸਥਿਤੀ ਵਿੱਚ ਗੱਲ ਬਹੁਤ ਛੋਟੀ ਜਾਂ ਕਿਸੇ ਹੋਰ ਤਰੀਕੇ ਨਾਲ ਕਹਿੰਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥ (੧੪੧੦)

ਬੱਚੇ ਨੂੰ ਸਮਝਾਓ ਕਿ ਕੀ ਤੇ ਕਿਸ ਤਰ੍ਹਾਂ ਕਰਨਾ ਹੈ: ਜਦੋਂ ਅਸੀਂ ਬੱਚੇ ਨੂੰ ਕੁੱਝ ਕਰਨ ਲਈ ਕਹਿੰਦੇ ਹਾਂ, ਤੇ ਜੇਕਰ ਉਸ ਨੂੰ ਸਮਝਾ ਦਿਤਾ ਜਾਵੇ ਕਿ ਕੀ ਕਰਨਾ ਹੈ ਤੇ ਕਿਸ ਤਰ੍ਹਾਂ ਕਰਨਾ ਹੈ, ਤਾਂ ਬੱਚਾ ਜਿਆਦਾ ਧਿਆਨ ਨਾਲ ਸੁਣੇਗਾ ਤੇ ਕਹਿਣਾਂ ਵੀ ਮੰਨੇਗਾ। ਹੁਕਮ ਕਰਨ ਨਾਲੋਂ ਇਹ ਤਰੀਕਾ ਬਹੁਤ ਅਸਰਦਾਇਕ ਹੁੰਦਾ ਹੈ। ਬੱਚੇ ਨੂੰ ਆਮ ਤੌਰ ਤੇ ਸਮਝ ਨਹੀਂ ਹੁੰਦੀ ਕਿ ਵੱਡੇ ਉਸ ਬਾਰੇ ਕੀ ਸੋਚਦੇ ਹਨ। ਬੱਚੇ ਨੂੰ ਪਹਿਲਾ ਸਮਝਾਣ ਨਾਲ ਤੇ ਕੰਮ ਕਰਨ ਦਾ ਤਰੀਕਾ ਦੱਸਣ ਨਾਲ, ਬੱਚੇ ਦੇ ਅੰਦਰ ਕੁੱਝ ਕੁ ਸੋਚ ਪੈਦਾ ਹੁੰਦੀ ਹੈ ਕਿ ਉਸ ਦੀਆਂ ਹਰਕਤਾ ਨਾਲ ਵੱਡਿਆਂ ਤੇ ਕੀ ਅਸਰ ਹੁੰਦਾ ਹੈ। ਬੱਚਿਆਂ ਅੰਦਰ ਜਿੰਮੇਵਾਰੀ ਦਾ ਅਹਿਸਾਸ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਬੱਚੇ ਨੂੰ ਹੁਕਮ ਕਰਨ ਦੀ ਬਜਾਏ, ਪਿਆਰ ਨਾਲ ਇਹ ਕਿਹਾ ਜਾਵੇ ਕਿ ਇਹ ਤੇਰੀ ਛੋਟੀ ਭੈਣ ਹੈ, ਇਸ ਨੂੰ ਵੀ ਇੱਕ ਖਿਲੌਣਾ ਦੇ ਕੇ ਨਾਲ ਖਿਡਾ। ਮਾਤਾ ਪਿਤਾ ਬੱਚੇ ਨਾਲ ਕਿਸ ਤਰ੍ਹਾਂ ਤੇ ਕਿਸ ਤਰੀਕੇ ਨਾਲ ਬੋਲਦੇ ਹਨ, ਇਸ ਦਾ ਬੱਚੇ ਦੇ ਮਨ ਉਪਰ ਬਹੁਤ ਅਸਰ ਪੈਂਦਾ ਹੈ। ਸਹੀ ਤੇ ਉਚਿਤ ਤਰੀਕਾ ਕੀ ਹੈ ਤੇ ਉਸ ਨੂੰ ਅਪਨਾਣ ਲਈ ਜੁਗਤੀ ਜਾਨਣੀ ਬਹੁਤ ਜਰੁਰੀ ਹੈ।

ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ॥ ਧਰਤਿ ਕਾਇਆ ਸਾਧ ਕੈ ਵਿਚਿ ਦੇਇ ਕਰਤਾ ਬੀਉ॥ (੪੬੮)

ਜਰੂਰੀ ਕੰਮ ਹੋਵੇ ਤਾਂ ਬੱਚੇ ਨੂੰ ਪਹਿਲਾਂ ਹੀ ਸੁਚੇਤ ਕਰ ਦੇਣਾ ਚਾਹੀਦਾ ਹੈ: ਬੱਚੇ ਅਕਸਰ ਆਪਣੀ ਖੇਡ ਵਿੱਚ ਮਸਤ ਰਹਿੰਦੇ ਹਨ ਤੇ ਉਨ੍ਹਾਂ ਦਾ ਜਲਦੀ ਕਰਕੇ ਜਾਣ ਨੂੰ ਜੀ ਨਹੀਂ ਕਰਦਾ। ਜੇਕਰ ਜਰੂਰੀ ਕੰਮ ਹੋਵੇ ਜਾਂ ਸਮੇਂ ਸਿਰ ਨਿਕਲਣਾ ਹੋਵੇ ਤਾਂ ਬੱਚੇ ਨੂੰ ਸਮੇਂ ਤੋਂ ਪਹਿਲਾਂ ਹੀ ਸੁਚੇਤ ਕਰ ਦੇਣਾ ਚਾਹੀਦਾ ਹੈ। ਉਦਾਹਰਣ ਦੇ ਤੌਰ ਤੇ, ਬੱਚੇ ਨੂੰ ਪਹਿਲਾਂ ਹੀ ਕਿਹਾ ਜਾ ਸਕਦਾ ਹੈ ਕਿ ਆਪਣੇ ਖਿਲੌਨੇ ਸੰਭਾਲ ਕੇ ਰੱਖ ਲਉ, ਕਿਉਂਕਿ ਹੁਣ ਬਾਹਰ ਕਿਸੇ ਦੇ ਘਰ ਜਾਂ ਮਾਰਕੀਟ ਜਾਣਾ ਹੈ। ਗੁਰੂ ਸਾਹਿਬ ਨੇ ਵੀ ਮਨੁੱਖ ਨੂੰ ਹਮੇਸ਼ਾਂ ਵਿਕਾਰਾਂ ਤੋਂ ਸੁਚੇਤ ਰਹਿੰਣ ਦੀ ਸਿਖਿਆ ਦਿਤੀ ਹੈ।

ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ॥ ਸਾਬਤੁ ਵਸਤੁ ਓਹੁ ਅਪਨੀ ਲਹੈ॥ ੧॥ ਰਹਾਉ॥ (੧੮੨)

ਜੇਕਰ ਹੁਣ ਸਮਾਂ ਨਹੀਂ ਹੈ ਤਾਂ ਬਾਅਦ ਵਿੱਚ ਗੱਲਬਾਤ ਕਰਨ ਲਈ ਬੱਚਿਆਂ ਨੂੰ ਸਮਾਂ ਜਰੂਰੀ ਦਿਓ: ਬੱਚਿਆਂ ਨੂੰ ਪੂਰਾ ਭਰੋਸਾ ਦਿਓ ਕਿ ਤੁਸੀਂ ਉਨ੍ਹਾਂ ਨੂੰ ਪੂਰੇ ਧਿਆਨ ਨਾਲ ਸੁਣਦੇ ਹੋ। ਹੋ ਸਕਦਾ ਹੈ ਕਿ ਤੁਸੀਂ ਕਿਸੇ ਖਾਸ ਕੰਮ ਵਿੱਚ ਬਹੁਤ ਰੁਝੇ ਹੋਵੋ, ਜਿਸ ਤਰ੍ਹਾਂ ਕਿ ਪੜ੍ਹਨਾਂ, ਕੰਮਪਿਊਟਰ ਤੇ ਕੰਮ, ਕੋਈ ਹੋਰ ਕੰਮ ਜਿਸ ਵਿੱਚ ਪੂਰੇ ਧਿਆਨ ਦੀ ਲੋੜ ਹੈ। ਜੇਕਰ ਉਸ ਸਮੇਂ ਗੱਲਬਾਤ ਨਹੀਂ ਕਰ ਸਕਦੇ ਤਾਂ, ਸੁਣਨ ਦਾ ਨਾਟਕ ਨਾ ਕਰੋ। ਬੱਚਿਆਂ ਨਾਲ ਗੱਲਬਾਤ ਕਰਨ ਲਈ ਸਮੇਂ ਦਾ ਵਾਇਦਾ ਕਰੋ ਤੇ ਉਸ ਉੱਪਰ ਕਾਇਮ ਰਹੋ, ਬੱਚਿਆਂ ਦਾ ਭਰੋਸਾ ਜਿਤੋ ਤੇ ਗੱਲਬਾਤ ਕਰਨ ਲਈ ਪੂਰਾ ਸਮਾਂ ਦਿਓ। ਜੇਕਰ ਮਾਤਾ ਪਿਤਾ ਬੱਚਿਆਂ ਸੰਬੰਧੀ ਬੇਧਿਆਨੇ ਰਹੇ ਤਾਂ ਕਲ ਨੂੰ ਬੱਚੇ ਵੀ ਕੋਈ ਪਰਵਾਹ ਨਹੀਂ ਕਰਨਗੇ।

ਸੂਹੀ ਲਲਿਤ॥ ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥ ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥ ੧॥ ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ॥ ੧॥ ਰਹਾਉ॥ (੭੯੪)

ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ॥ ਸਾਬਤੁ ਵਸਤੁ ਓਹੁ ਅਪਨੀ ਲਹੈ॥ ੧॥ ਰਹਾਉ॥ (੧੮੨)

ਜੇਕਰ ਦੋ ਬੱਚਿਆਂ ਦੀ ਉਮਰ ਵਿੱਚ ਜਿਆਦਾ ਅੰਤਰ ਹੈ ਤਾਂ ਦੋਵਾਂ ਨੂੰ ਉਚੇਚਾ ਵੱਖਰਾ ਸਮਾਂ ਦਿਓ: ਜਦੋਂ ਦੋ ਬੱਚਿਆਂ ਦੀ ਉਮਰ ਵਿੱਚ ਜਿਆਦਾ ਅੰਤਰ ਹੋਵੇ ਤਾਂ ਦੋਵਾਂ ਦਾ ਮਾਨਸਕ ਵਿਕਾਸ ਵੱਖਰਾ ਹੋਣ ਕਰਕੇ ਗੱਲਾਂਬਾਤਾਂ ਤੇ ਗੱਲਬਾਤ ਕਰਨ ਦੇ ਤਰੀਕੇ ਵੱਖਰੇ ਹੁੰਦੇ ਹਨ। ਕਈ ਵਾਰੀ ਵੱਡਾ ਬੱਚਾ ਗੱਲਬਾਤ ਕਰਦਾ ਰਹਿੰਦਾ ਹੈ ਤੇ ਛੋਟਾ ਉਨ੍ਹਾਂ ਦੇ ਮੂੰਹ ਵੱਲ ਹੀ ਵੇਖਦਾ ਰਹਿੰਦਾ ਹੈ। ਵੱਡਿਆਂ ਬੱਚਿਆਂ ਨੇ ਹੋਰ ਜਿਆਦਾ ਸਿਖਣਾਂ ਹੁੰਦਾ ਹੈ, ਇਸ ਲਈ ਜਿਆਦਾ ਗੱਲਾਬਾਤਾਂ ਕਰਦੇ ਹਨ। ਇਸ ਲਈ ਛੋਟੇ ਬੱਚੇ ਲਈ ਵੱਖਰਾ ਉਚੇਚਾ ਸਮਾਂ ਕੱਢਣਾ ਬਹੁਤ ਜਰੂਰੀ ਹੈ ਤਾਂ ਜੋ ਉਸ ਦੇ ਸਤੱਰ ਅਨੁਸਾਰ ਗੱਲਬਾਤ ਕੀਤੀ ਜਾ ਸਕੇ। ਸੈਰ ਕਰਦੇ ਸਮੇਂ, ਸੌਣ ਸਮੇਂ, ਇਕੱਠੇ ਕਿਤਾਬ ਪੜ੍ਹਦੇ ਸਮੇਂ ਲੋੜੀਦਾ ਧਿਆਨ ਦਿਤਾ ਜਾ ਸਕਦਾ ਹੈ।

ਕਈ ਵਾਰੀ ਇਸ ਦੇ ਉਲਟ ਵੀ ਹੋ ਜਾਂਦਾ ਹੈ, ਕਿ ਮਾਤਾ ਪਿਤਾ ਛੋਟੇ ਬੱਚੇ ਨੂੰ ਜਿਆਦਾ ਪਿਆਰ ਕਰਦੇ ਹਨ, ਤੇ ਵੱਡੇ ਵੱਲ ਘਟ ਤਵੱਜੋਂ ਦਿੰਦੇ ਹਨ। ਇਸ ਨਾਲ ਵੱਡੇ ਬੱਚੇ ਦੇ ਮਨ ਅੰਦਰ ਛੋਟੇ ਵਾਸਤੇ ਨਫਰਤ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਕਈ ਵਾਰੀ ਉਸ ਨੂੰ ਮਾਰਨਾ ਸ਼ੁਰੁ ਕਰ ਦਿੰਦਾ ਹੈ ਤੇ ਜਾਂ ਚੋਟ ਪਹੁੰਚਾ ਸਕਦਾ ਹੈ। ਅਜੇਹੀ ਸਥਿਤੀ ਵਿੱਚ ਵੱਡੇ ਬੱਚੇ ਲਈ ਪਿਆਰ ਘਟਾਨਾ ਨਹੀਂ ਚਾਹੀਦਾ ਹੈ ਤੇ ਉਸ ਲਈ ਵੀ ਉਚੇਚਾ ਸਮਾਂ ਕੱਢਣਾ ਬਹੁਤ ਜਰੂਰੀ ਹੈ।

ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ॥ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ॥ ੨੩੨॥ (੧੩੭੭)

ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥ ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ॥ ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ॥ ੫॥ (੪੧੭)

ਹਰੇਕ ਛੋਟੀ ਮੋਟੀ ਗੱਲ ਤੇ ਨੁਕਤਾਚੀਨੀ ਨਹੀਂ ਕਰਨੀ: ਜੇਕਰ ਕੋਈ ਪੱਕਾ ਤੇ ਜਰੁਰੀ ਫੈਸਲਾ ਕੀਤਾ ਗਿਆ ਹੈ, ਤਾਂ ਉਸ ਤੇ ਦ੍ਰਿੜ ਰਹਿੰਣਾ ਚਾਹੀਦਾ ਹੈ। ਪਰੰਤੂ ਹਰੇਕ ਛੋਟੀ ਮੋਟੀ ਗੱਲ ਤੇ ਬੱਚਿਆਂ ਦੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ ਹੈ। ਵਾਰ ਵਾਰ ਬੱਚੇ ਨੂੰ ਇਹ ਨਹੀਂ ਕਹਿਦੇ ਰਹਿਣਾਂ ਕਿ ਸਾਰਾ ਦਿਨ ਕੀ ਕਰਦਾ ਰਹਿੰਦਾ ਹੈ। ਬੱਚਾ ਇਹ ਸਭ ਕੁੱਝ ਸੁਣ ਕੇ ਅਕ ਜਾਂਦਾ ਹੈ। ਬੱਚੇ ਨੂੰ ਇਹ ਸਮਝਾਇਆ ਜਾ ਸਕਦਾ ਹੈ ਕਿ ਅਧਿਆਪਕ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਤਾਂ ਜੋ ਸਬਕ ਸਮਝ ਆ ਸਕੇ। ਕਿਹੜਾ ਵਿਸ਼ਾ ਜਾਂ ਚੈਪਟਰ ਸਮਝ ਨਹੀਂ ਆਉਂਦਾ ਹੈ, ਕਿਉਂ ਨਹੀਂ ਸਮਝ ਆਉਂਦਾ ਹੈ, ਉਸ ਲਈ ਕੀ ਕਰਨਾ ਚਾਹੀਦਾ ਹੈ। ਜੇਕਰ ਬੱਚੇ ਨੂੰ ਯਾਦ ਨਹੀਂ ਹੁੰਦਾ ਹੈ ਤਾਂ ਉਸ ਵਾਸਤੇ ਡਾਂਟਣਾ ਨਹੀਂ ਬਲਕਿ ਯਾਦ ਕਰਨ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਜਿਆਦਾਤਰ ਕੰਮ ਨਿਮਰਤਾ, ਸ਼ਾਂਤੀ ਤੇ ਪਿਆਰ ਨਾਲ ਹੋਣੇ ਚਾਹੀਦੇ ਹਨ। ਇਹ ਸਭ ਚੰਗੇ ਗੁਣ ਗੁਰੂ ਦੇ ਸਬਦ ਦੁਆਰਾ ਹੀ ਸਿਖੇ ਜਾ ਸਕਦੇ ਹਨ।

ਮਹਲ ਮਹਿ ਬੈਠੇ ਅਗਮ ਅਪਾਰ॥ ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ ਜਿਸੁ ਗੁਰ ਕਾ ਸਬਦੁ ਰਤਨੁ ਆਚਾਰ॥ ੧॥ ਰਹਾਉ॥ (੧੨੫੫, ੧੨੫੬)

ਬੱਚੇ ਕੋਈ ਰੌਬਟ ਨਹੀਂ ਹਨ, ਜਿਨ੍ਹਾਂ ਨੂੰ ਜਿਸ ਤਰ੍ਹਾਂ ਚਾਹੋ ਕਰਵਾ ਸਕਦੇ ਹਾਂ: ਛੋਟੇ ਬੱਚੇ ਇੱਕ ਰੌਬਟ ਦੀ ਤਰ੍ਹਾਂ ਨਹੀਂ ਹੁੰਦੇ, ਜਿਨ੍ਹਾਂ ਨੂੰ ਜਿਸ ਤਰ੍ਹਾਂ ਚਾਹੋ, ਉਸੇ ਤਰ੍ਹਾਂ ਬਦਲਿਆ ਜਾ ਸਕਦਾ ਹੈ, ਜਾਂ ਵਰਤਿਆ ਜਾ ਸਕਦਾ ਹੈ, ਤੇ ਹੁਕਮੁ ਚਲਾਇਆ ਜਾ ਸਕਦਾ ਹੈ। ਬੱਚਿਆਂ ਨੂੰ ਵੀ ਆਪਣੀ ਮਰਜੀ ਕਰਨ ਦਾ ਪੂਰਾ ਹੱਕ ਹੈ। ਇਹੀ ਕਾਰਨ ਹੈ ਕਿ ਕਈ ਵਾਰੀ ਬੱਚੇ ਕਹਿਣਾਂ ਨਹੀਂ ਮੰਨਦੇ ਹਨ ਤੇ ਮਾਤਾ ਪਿਤਾ ਦੇ ਕਹਿਣ ਤੋਂ ਉਲਟ ਕੰਮ ਕਰਦੇ ਹਨ। ਬੱਚਿਆਂ ਨੂੰ ਨਿਮਰਤਾ ਨਾਲ ਸਧਾਰਨ ਤੇ ਪਰੈਕਟੀਕਲ ਤਰੀਕੇ ਨਾਲ ਸਮਝਾਂਣਾਂ ਚਾਹੀਦਾ ਹੈ। ਨਾ ਤਾਂ ਜਿਆਦਾ ਰੋਅਬ ਪਾਣਾ ਚਾਹੀਦਾ ਹੈ ਤੇ ਨਾ ਹੀ ਜਿਆਦਾ ਹੁਕਮ ਚਲਾਣਾ ਚਾਹੀਦਾ ਹੈ। ਧਮਕੀਆਂ ਤੇ ਸਜਾਵਾਂ ਜਿਆਦਾ ਸਮੇਂ ਲਈ ਸਹਾਈ ਨਹੀਂ ਹੁੰਦੀਆਂ ਹਨ। ਜਿਆਦਾ ਸਜਾਵਾਂ ਨਾਲ ਬੱਚਾਂ ਹੋਰ ਵੀ ਢੀਠ ਹੋ ਜਾਂਦਾ ਹੈ। ਇਸ ਲਈ ਧਮਕੀਆਂ ਤੇ ਸਜਾਵਾਂ ਦੀ ਵਰਤੋਂ ਸਿਰਫ ਆਪਾਤਕਾਲੀਨ ਸਥਿੱਤੀ ਵਿੱਚ ਹੀ ਹੋਣੀ ਚਾਹੀਦੀ ਹੈ। ਬੱਚੇ ਦੇ ਨੁਕਸ ਵੇਖ ਕੇ ਉਸ ਉਪਰ ਆਪਣੀ ਮਰਜੀ ਥੋਪੀ ਜਾਣਾ ਠੀਕ ਨਹੀਂ, ਬੱਚੇ ਦੀ ਰੁਚੀ ਵੇਖ ਕੇ ਉਸ ਅਨੁਸਾਰ ਆਪਣੇ ਆਪ ਨੂੰ ਬਦਲਣਾ ਚਾਹੀਦਾ ਹੈ, ਤੇ ਯੋਗ ਕਾਰਵਾਈ ਕਰਨੀ ਚਾਹੀਦੀ ਹੈ।

ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ॥ ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ॥ ੨॥ (੫੯੮)

ਬੱਚਿਆਂ ਨਾਲ ਵੀ ਉਸੇ ਤਰ੍ਹਾਂ ਗੱਲ ਕਰੋਂ ਜਿਸ ਤਰ੍ਹਾਂ ਦੋਸਤਾਂ ਨਾਲ ਕਰਦੇ ਹੋ: ਮਾਤਾ ਪਿਤਾ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਕਿ ਕੀ ਉਹ ਬੱਚਿਆਂ ਨਾਲ ਵੀ ਉਸੇ ਤਰ੍ਹਾਂ ਗੱਲਬਾਤ ਕਰਦੇ ਹਨ, ਜਿਸ ਤਰ੍ਹਾਂ ਉਹ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਕਰਦੇ ਹਨ। ਜੇਕਰ ਮਾਤਾ ਪਿਤਾ ਬੱਚਿਆਂ ਨਾਲ ਵੀ ਆਪਣੇ ਹੋਰ ਦੋਸਤਾਂ ਮਿੱਤਰਾਂ ਦੀ ਤਰ੍ਹਾਂ ਗੱਲਬਾਤ ਕਰਦੇ ਹਨ, ਤਾਂ ਬੱਚੇ ਵੀ ਪੂਰੇ ਧਿਆਨ ਨਾਲ ਉਨ੍ਹਾਂ ਨੂੰ ਸੁਣਨਗੇ ਤੇ ਕਹਿਣਾਂ ਮੰਨਣਗੇ।

ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ॥ ੩॥ (੬੭੧)

ਬੱਚਿਆਂ ਦੇ ਸਹਾਇਕ ਤੇ ਹੌਸਲਾ ਦੇਣ ਵਾਲੇ ਬਣੋ: ਜੇਕਰ ਬੱਚਿਆਂ ਨੂੰ ਇਹ ਅਹਿਸਾਸ ਹੋ ਜਾਵੇ ਕਿ ਉਨ੍ਹਾਂ ਦੇ ਮਾਤਾ ਪਿਤਾ ਮਤਭੇਦ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਪਿਆਰ ਤੇ ਸਵਿਕਾਰ ਕਰਦੇ ਹਨ, ਤਾਂ ਬੱਚੇ ਵੀ ਆਪਣੀ ਹਰੇਕ ਗੱਲ ਮਾਤਾ ਪਿਤਾ ਨਾਲ ਸਾਂਝੀ ਕਰਨੀ ਸ਼ੁਰੂ ਕਰ ਦਿੰਦੇ ਹਨ। ਬੱਚੇ ਦੇ ਮਨ ਅੰਦਰ ਹੌਸਲਾ ਰਹਿੰਦਾ ਹੈ ਕਿ ਕੋਈ ਮੇਰੀ ਸਹਾਇਤਾ ਕਰਨ ਵਾਲਾ ਹੈ। ਕਈ ਬੱਚੇ ਇਹ ਕਹਿੰਦੇ ਹਨ ਕਿ ਮੈਨੂੰ ਇਕੱਲੇ ਬਿਸਤਰੇ ਤੇ ਡਰ ਲਗਦਾ ਹੈ, ਤਾਂ ਉਸ ਨੂੰ ਇਹ ਕਹਿਣ ਨਾਲ ਕਿ ਤੂੰ ਵੱਡਾ ਹੋ ਗਿਆ ਹੈ, ਡਰਨਾ ਨਹੀਂ ਚਾਹੀਦਾ, ਆਦਿ ਨਾਲ ਕੋਈ ਹੌਸਲਾ ਨਹੀਂ ਮਿਲਣਾ ਹੈ। ਅਜੇਹੀ ਅਵਸਥਾ ਵਿੱਚ ਉਸ ਲਈ ਦਰਵਾਜਾ ਖੁਲਾ ਛੱਡਿਆ ਜਾ ਸਕਦਾ ਹੈ ਤੇ ਲਾਈਟ ਚਲਦੀ ਰੱਖੀ ਜਾ ਸਕਦੀ ਹੈ, ਤੇ ਹੋਰ ਹੌਸਲਾ ਦੇਣ ਲਈ ਕਿਹਾ ਜਾ ਸਕਦਾ ਹੈ, ਕਿ ਵਿੱਚ ਵਿੱਚ ਆ ਕੇ ਮੈਂ ਵੇਖਦਾ ਰਹਾਂਗਾ। ਬੱਚਿਆਂ ਨੇ ਮਾਤਾ ਪਿਤਾ ਦੀ ਗੋਦ ਵਿੱਚ ਨਿਘ ਮਾਨਣਾ ਹੈ, ਤੇ ਮਾਤਾ ਪਿਤਾ ਨੇ ਸਤਿਗੁਰੁ ਦੀ ਸ਼ਰਨ ਵਿੱਚ ਓਟ ਆਸਰਾ ਲੈਣਾਂ ਹੈ।

ਟੋਡੀ ਮਹਲਾ ੫॥ ਸਤਿਗੁਰ ਆਇਓ ਸਰਣਿ ਤੁਹਾਰੀ॥ ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ॥ ੧॥ ਰਹਾਉ॥ (੭੧੩)

ਜਦੋਂ ਬੱਚਾ ਕੋਈ ਗੱਲ ਦੱਸ ਰਿਹਾ ਹੁੰਦਾ ਹੈ ਤਾਂ ਉਸ ਨੂੰ ਟੋਕਣਾ ਨਹੀਂ: ਜਦੋਂ ਬੱਚਾ ਕਹਾਣੀ ਸੁਣਾ ਰਿਹਾ ਹੁੰਦਾ ਹੈ, ਜਾਂ ਕੋਈ ਹੋਰ ਗੱਲ ਦੱਸ ਰਿਹਾ ਹੁੰਦਾ ਹੈ, ਤਾਂ ਉਸ ਨੂੰ ਵਿੱਚ ਟੋਕਣਾ ਨਹੀਂ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਬੱਚੇ ਦੇ ਮਨ ਨੂੰ ਠੇਸ ਪਹੁੰਚਦੀ ਹੈ, ਤੇ ਅੱਗੇ ਤੋਂ ਬੱਚਾ ਆਪਣੀ ਕੋਈ ਗੱਲ ਮਾਤਾ ਪਿਤਾ ਨੂੰ ਨਹੀਂ ਦੱਸਿਆ ਕਰੇਗਾ। ਭਾਂਵੇਂ ਬੱਚੇ ਨੇ ਕੋਈ ਗਲਤ ਕੰਮ ਵੀ ਕੀਤਾ ਹੋਵੇ, ਤਾਂ ਵੀ ਉਸ ਦੀ ਪੂਰੀ ਗੱਲ ਧਿਆਨ ਨਾਲ ਸੁਣਨ ਤੋਂ ਬਾਅਦ ਹੀ ਉਸ ਦੀ ਗਲਤੀ ਜਾਂ ਕਿਸੇ ਤਰ੍ਹਾਂ ਦੇ ਖਤਰੇ ਬਾਰੇ ਜਾਣੂ ਕਰਵਾਉਂਣਾਂ ਚਾਹੀਦਾ ਹੈ। ਜਿਸ ਤਰ੍ਹਾਂ ਕਿ ਇਕੱਲੇ ਪਾਣੀ ਵਿੱਚ ਜਾਣਾ, ਬਿਜਲੀ ਨੂੰ ਛੇੜਨਾਂ, ਆਦਿ।

ਮਃ ੧॥ ਨਾਨਕ ਗਾਲੀ ਕੂੜੀਆ ਬਾਝੁ ਪਰੀਤਿ ਕਰੇਇ॥ ਤਿਚਰੁ ਜਾਣੈ ਭਲਾ ਕਰਿ ਜਿਚਰੁ ਲੇਵੈ ਦੇਇ॥ ੨॥ (੫੯੪)

ਬੱਚਿਆਂ ਨਾਲ ਰੋਜਾਨਾ ਸਮਾਂ ਕੱਢ ਕੇ ਗੱਲਬਾਤ ਕਰਿਆ ਕਰੋ: ਬੱਚਿਆਂ ਨਾਲ ਗੱਲਬਾਤ ਕਰਨ ਨਾਲ ਮਾਤਾ ਪਿਤਾ ਦੀ ਆਪਸੀ ਸਾਂਝ ਵਧਦੀ ਹੈ, ਸਵੈ ਭਰੋਸਾ ਬਣਿਆ ਰਹਿੰਦਾ ਹੈ, ਆਪਸੀ ਮਿਲਵਰਤਨ ਤੇ ਸਬੰਧ ਠੀਕ ਤਰ੍ਹਾਂ ਬਣੇ ਰਹਿੰਦੇ ਹਨ। ਜੇਕਰ ਮਾਤਾ ਪਿਤਾ ਆਪਣੇ ਬੱਚੇ ਦੀ ਗੱਲ ਧਿਆਨ ਨਾਲ ਸੁਣਦੇ ਹਨ, ਤਾਂ ਬੱਚੇ ਵੀ ਮਾਤਾ ਪਿਤਾ ਦੀਆਂ ਗੱਲਾਂ ਧਿਆਨ ਨਾਲ ਸੁਣਨਾ ਸਿਖ ਜਾਂਦੇ ਹਨ। ਇਸ ਲਈ ਇਹ ਧਿਆਨ ਵਿੱਚ ਰੱਖਣਾ ਹੈ ਕਿ ਸਿਰਫ ਆਪ ਹੀ ਨਹੀਂ ਬੋਲੀ ਜਾਣਾ ਹੈ, ਬੱਚੇ ਨੂੰ ਵੀ ਪੂਰਾ ਬੋਲਣ ਦਾ ਮੌਕਾ ਦੇਣਾ ਹੈ। ਮਾਤਾ ਪਿਤਾ ਨੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਸਿਖਣੇ ਹਨ ਤੇ ਆਪਣੇ ਬੱਚਿਆਂ ਨਾਲ ਅਕਾਲ ਪੁਰਖੁ ਦੇ ਗੁਣ ਸਾਂਝੇ ਕਰਨੇ ਹਨ ਤਾਂ ਜੋ ਆਪਸੀ ਸਾਂਝ ਤੇ ਭਰੋਸਾ ਬਣਿਆ ਰਹੇ।

ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥ ਜੇ ਗੁਣ ਹੋਵਨਿੑ ਸਾਜਨਾ ਮਿਲਿ ਸਾਝ ਕਰੀਜੈ॥ ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥ (੭੬੫, ੭੬੬)

ਬੱਚਿਆਂ ਨੂੰ ਟੀ. ਵੀ. ਵੇਖਣ ਦਾ ਬਹੁਤ ਸ਼ੌਕ ਹੁੰਦਾ ਹੈ: ਇਸ ਲਈ ਉਨ੍ਹਾਂ ਵਿੱਚ ਇਹ ਆਦਤ ਪਾਈ ਜਾ ਸਕਦੀ ਹੈ ਕਿ ਉਹ ਦੰਦ ਸਾਫ ਕਰਨ, ਨਹਾਉਂਣ ਜਾਂ ਤਿਆਰ ਹੋਣ ਤੋਂ ਬਾਅਦ ਹੀ ਵੇਖ ਸਕਦੇ ਹਨ। ਇਸ ਤਰ੍ਹਾਂ ਬੱਚੇ ਸਮੇਂ ਸਿਰ ਸਕੂਲ ਜਾ ਸਕਿਆ ਕਰਨਗੇ। ਬੱਚਿਆਂ ਦੇ ਮਨ ਵਿੱਚ ਇਹ ਪਾਇਆ ਜਾ ਸਕਦਾ ਹੈ, ਕਿ ਜੇਕਰ ਉਹ ਸਕੂਲ ਸਮੇਂ ਸਿਰ ਜਾਣਗੇ ਤਾਂ ਚੰਗਾ ਗਰੇਡ ਮਿਲੇਗਾ, ਨੰਬਰ ਚੰਗੇ ਆਉਂਗੇ ਤਾਂ ਇਨਾਮ ਵੀ ਮਿਲੇਗਾ। ਜਦੋਂ ਮਾਤਾ ਪਿਤਾ ਕਿਸੇ ਹੋਰ ਕੰਮ ਵਿੱਚ ਰੁਝੇ ਹੁੰਦੇ ਹਨ, ਤਾਂ ਉਸ ਸਮੇਂ ਬੱਚਿਆਂ ਨੂੰ ਟੀ. ਵੀ. ਵੇਖਣ ਦਾ ਸਮਾਂ ਦਿਤਾ ਜਾ ਸਕਦਾ ਹੈ। ਬੱਚਿਆਂ ਨੂੰ ਟੀ. ਵੀ. ਵੇਖਣ ਦੀ ਆਦਤ ਘਟਾਨ ਲਈ, ਮਾਤਾ ਪਿਤਾ ਨੂੰ ਆਪਣੀ ਟੀ. ਵੀ. ਵੇਖਣ ਦੀ ਆਦਤ ਘਟਾਨੀ ਵੀ ਬਹੁਤ ਜਰੁਰੀ ਹੈ।

ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ॥ ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ॥ ੨॥ (੩੮੧)

ਗੁਰਦੁਆਰਾ ਸਾਹਿਬ ਬਹੁਤ ਵੱਡਾ ਸਿਖਿਆ ਦਾ ਕੇਂਦਰ ਬਣ ਸਕਦਾ ਹੈ: ਬੱਚਿਆਂ ਨੂੰ ਅਵਲ ਦਰਜ਼ੇ ਦੀ ਸਿਖਿਆ ਦੇਣ ਲਈ ਗੁਰਦੁਆਰਾ ਸਾਹਿਬ ਬਹੁਤ ਸਹਾਈ ਹੋ ਸਕਦੇ ਹਨ। ਬਿਨਾ ਕਿਸੇ ਉਚੇਚੇ ਉਪਰਾਲੇ ਕਰਨ ਦੇ ਬੱਚੇ ਬਹੁਤ ਸਾਰੀਆਂ ਚੰਗੀਆਂ ਆਦਤਾਂ ਸਿਖ ਸਕਦੇ ਹਨ। ਆਪਸ ਵਿੱਚ ਕਿਸ ਤਰ੍ਹਾਂ ਮਿਲਵਰਤਨ ਕਰਨਾ, ਲੰਗਰ ਬਣਾਣਾ ਤੇ ਵਰਤਾਣਾ, ਦਰਬਾਰ ਹਾਲ ਵਿੱਚ ਕਿਸ ਤਰ੍ਹਾਂ ਬੈਠਣਾਂ, ਗੁਰਬਾਣੀ ਸੁਣਨੀ ਤੇ ਗਾਇਨ ਕਰਨੀ, ਇੱਕ ਦੂਜੇ ਦੀ ਸਹਾਇਤਾ ਕਰਨੀ, ਆਦਿ।

ਕੋਈ ਬੱਚਾ ਵੀ ਵਿਹਲਾ ਨਹੀਂ ਰਹਿੰਣਾ ਚਾਹੁੰਦਾ: ਛੋਟੇ ਬੱਚੇ ਵੱਡੇ ਬੱਚਿਆਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਵੱਡੇ ਬੱਚੇ ਬਜੁਰਗਾਂ ਜਾਂ ਵੱਡਿਆਂ ਤੋਂ ਚੰਗੇ ਗੁਣ ਸਿਖ ਸਕਦੇ ਹਨ। ਇਸ ਤਰ੍ਹਾਂ ਇਹ ਲੜੀ ਕਾਇਮ ਕੀਤੀ ਜਾ ਸਕਦੀ ਹੈ। ਜਦੋਂ ਬੱਚਾ ਗੁਰਦੁਆਰਾ ਸਾਹਿਬ ਵਿਚੋਂ ਚੰਗੇ ਗੁਣ ਸਿਖ ਕੇ ਆਵੇਗਾ ਤਾਂ ਉਹ ਆਪਣੇ ਜੀਵਨ ਵਿੱਚ ਵੀ ਲਾਗੂ ਕਰਨ ਦੀ ਕੋਸ਼ਿਸ਼ ਕਰੇਗਾ। ਅਜੇਹੀਆਂ ਸਿਖਿਆਵਾਂ ਨਾਲ ਬੱਚਾ ਆਪਣੇ ਘਰ ਵਿਚ, ਰਸੋਈ, ਬੈਠਕ, ਸੌਣ ਵਾਲਾ ਕਮਰਾ, ਤੇ ਹੋਰ ਆਸੇ ਪਾਸੇ ਦੀਆਂ ਚੀਜ਼ਾਂ ਸਾਫ ਸੁਥਰੀਆਂ ਰੱਖਣੀਆਂ ਸਿਖ ਜਾਂਦਾ ਹੈ।

ਗੁਰਦੁਆਰਾ ਸਾਹਿਬ ਦੇ ਪ੍ਰੋਗਰਾਮਾਂ ਵਿੱਚ ਸੁਧਾਰ ਦੀ ਲੋੜ: ਜਿਆਦਾਤਰ ਗੁਰਦੁਆਰਾ ਸਾਹਿਬਾਂ ਦੇ ਪ੍ਰੋਗਰਾਮਾਂ ਬਾਰੇ ਵੇਖਿਆ ਜਾਵੇ ਤਾਂ ਸਾਰਿਆਂ ਵਾਸਤੇ ਉਹੀ ਪ੍ਰੋਗਰਾਮ ਹੁੰਦਾ ਹੈ, ਭਾਂਵੇ ਕੋਈ ੫ ਸਾਲ ਤੋਂ ਘਟ ਦਾ ਹੋਵੇ, ੫ ਤੋਂ ੧੦ ਸਾਲ ਦਾ, ੧੦ ਤੋਂ ੨੦ ਸਾਲ ਦਾ, ੨੦ ਤੋਂ ੪੦ ਸਾਲ ਦਾ, ੪੦ ਤੋਂ ੬੦ ਸਾਲ ਦਾ, ਜਾਂ ੬੦ ਸਾਲ ਤੋਂ ਉੱਪਰ ਦਾ ਹੋਵੇ। ਜਦੋਂ ਕਿ ਹਰੇਕ ਉੱਮਰ ਦੇ ਬੱਚੇ, ਨੌਜਵਾਨ ਜਾਂ ਬਜੁਰਗ ਦੀ ਸੋਚ, ਲੋੜ ਤੇ ਸਮਝਣ ਦਾ ਸਤੱਰ ਤੇ ਤਰੀਕਾ ਅਲੱਗ ਅਲੱਗ ਹੁੰਦਾ ਹੈ। ਇਸ ਲਈ ਉੱਮਰ ਅਨੁਸਾਰ ਹਰੇਕ ਗਰੁਪ ਲਈ ਗੁਰਦੁਆਰਾ ਸਾਹਿਬਾਂ ਵਿੱਚ ਵੱਖਰਾ ਵੱਖਰਾ ਪ੍ਰੋਗਰਾਮ ਹੋਣ ਚਾਹੀਦਾ ਹੈ। ਗੁਰੂ ਗਰੰਥ ਸਾਹਿਬ ਦੀ ਸਹਾਇਤਾ ਨਾਲ ਜੀਵਨ ਦੇ ਵੱਖ ਵੱਖ ਪਹਿਲੂਆਂ ਬਾਰੇ ਕਿਸ ਤਰ੍ਹਾਂ ਜਾਣਕਾਰੀ ਹਾਸਲ ਕਰ ਸਕਦੇ ਹਾਂ, ਇਨ੍ਹਾਂ ਵਿਸ਼ਿਆਂ ਉੱਪਰ ਉਚੇਚੇ ਤੌਰ ਤੇ ਗੁਰਮਤਿ ਵੀਚਾਰਾਂ ਤੇ ਵੀਚਾਰ ਵਟਾਂਦਰੇ ਹੋਣੇ ਚਾਹੀਦੇ ਹਨ।

ਗੁਰਦੁਆਰਾ ਸਾਹਿਬਾਂ ਵਿੱਚ ਗੁਰਮਤਿ ਤੇ ਆਮ ਸਿਖਿਆ ਸਬੰਧੀ ਛੋਟੀਆਂ ਜਾਂ ਮੱਧਮ ਸਮੇਂ ਵਾਲੀਆਂ ਪਿਕਚਰਾਂ ਜਾਂ ਨਾਟਕ ਵਿਖਾਏ ਜਾ ਸਕਦੇ ਹਨ। ਘਰਾਂ ਵਿਚ, ਆਵਾਜਾਈ ਵਿਚ, ਸਕੂਲਾਂ ਵਿਚ, ਦਫਤਰਾਂ ਵਿੱਚ ਤੇ ਫੈਕਟਰੀਆਂ ਵਿਚ, ਕਿਸ ਤਰ੍ਹਾਂ ਖਤਰਿਆਂ ਤੋ ਬਚਣਾ ਹੈ, ਉਸ ਸਬੰਧੀ ਫਿਲਮਾਂ ਵਿਖਾਈਆਂ ਜਾ ਸਕਦੀਆਂ ਹਨ। ਦੁਨਿਆਵੀ ਸਿਖਿਆ ਤੇ ਬੱਚਿਆਂ ਦੀਆਂ ਕਲਾਸਾਂ ਦੇ ਸਲੇਬਸ ਨਾਲ ਸਬੰਧਤ ਪ੍ਰੋਗਰਾਮ ਵਿਖਾਏ ਜਾ ਸਕਦੇ ਹਨ। ਗੁਰਦੁਆਰਾ ਸਾਹਿਬਾਂ ਵਿੱਚ ਇੱਕ ਲਾਇਬਰੇਰੀ ਹੋਣੀ ਚਾਹੀਦੀ ਹੈ, ਜਿਸ ਵਿੱਚ ਚੰਗੀਆਂ ਕਿਤਾਬਾਂ, ਸੀਡੀਆਂ, ਬੋਲਣ ਤੇ ਵੇਖਣ ਵਾਲੇ ਸਿਖਿਆ ਦੇ ਪ੍ਰਗਰਾਮ ਹੋਣੇ ਚਾਹੀਦੇ ਹਨ। ਸਮੇਂ ਸਮੇਂ ਤੇ ਇਨ੍ਹਾਂ ਦੀ ਜਾਣਕਾਰੀ ਆਪਸ ਵਿੱਚ ਸਾਂਝੀ ਕਰਨੀ ਚਾਹੀਦੀ ਹੈ।

ਅੱਜਕਲ ਦੇ ਸਮੇਂ ਵਿੱਚ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਇੱਕ ਚੰਗੇ ਸਿੱਖ ਤੇ ਚੰਗੇ ਨਾਗਰਿਕ ਬਣਾਣਾ ਚਾਹੁੰਦੇ ਹਾਂ, ਤਾਂ ਸਾਨੂੰ ਗੁਰਬਾਣੀ ਨੂੰ ਰਵਾਇਤੀ ਤੌਰ ਤੇ ਪੜ੍ਹਨਾਂ ਬੰਦ ਕਰਨਾ ਪਵੇਗਾ, ਤੇ ਗੁਰਬਾਣੀ ਨੂੰ ਚੰਗੀ ਤਰ੍ਹਾਂ ਸਮਝ ਕੇ ਆਪਣੇ ਜੀਵਨ ਦਾ ਹਿਸਾ ਬਣਾਣਾ ਪਵੇਗਾ।

ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ॥ (੨੮੮, ੨੮੯)

“ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ॥ ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ॥ ਤਾ ਦਰਗਹ ਪੈਧਾ ਜਾਇਸੀ॥ ੧੫॥” (੪੭੧)

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

——————–*********************———————-

Note:  Only Dr. Sarbjit Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।