ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ( ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਭਾਈ ਵੀਰ ਸਿੰਘ ਨੇ ‘ਜਪੁ’ ਬਾਣੀ ਵਿੱਚ ‘ਏਕਾ’ ਸ਼ਬਦ ਦੇ ਅਰਥ ‘ਇੱਕ ਅਕਾਲ ਪੁਰਖ’ ਕਰ ਕੇ ਗੁਰਬਾਣੀ ਵਿੱਚ ਕਈ ਥਾਵਾਂ ਉੱਤੇ ਵਰਤੇ ‘ਏਕਾ’ ਸ਼ਬਦ ਦੇ ਅਰਥਾਂ ਪੱਖੋਂ ਆਪਣੀ ਪੂਰੀ ਅਗਿਆਨਤਾ ਪ੍ਰਗਟਾਈ ਹੈ ਅਤੇ ਨਾਲ਼ ਹੀ ਉਸ ਸਮੇਂ ਦੀ ਪ੍ਰਚੱਲਤ ਵਿਚਾਰਧਾਰਾ ਨੂੰ ਵੀ ਗੁਰੂ ਜੀ ਨਾਲ਼ ਜੋੜ ਦਿੱਤਾ ਹੈ ਜੋ ਗੁਰੂ ਜੀ ਨਾਲ਼ ਅਨਿਆਂ ਹੈ । ਭਾਈ ਵੀਰ ਸਿੰਘ ਵਲੋਂ ‘ਏਕਾ’ ਸ਼ਬਦ ਦੇ ਕੀਤੇ ਗ਼ਲਤ ਅਰਥਾਂ ਦੀ ਨਕਲ ਕਰ ਕੇ ਇੱਕ ਚੋਟੀ ਦੇ ‘ਭਾਈ ਸਾਹਿਬ’ ਦਾ ਖ਼ਿਤਾਬ ਪ੍ਰਾਪਤ ਕਥਾਕਾਰ ਨੇ ਵੀ ‘ਜਪੁ’ ਜੀ ਦੇ ਰੀਕਾਰਡ ਕੀਤੇ ਟੀਕੇ ਵਿੱਚ ਉਹੀ ਅਰਥ ਵਰਤੇ ਹਨ ਅਤੇ ਨਾਲ਼ ਭਾਈ ਵੀਰ ਸਿੰਘ ਦੇ ਅਜਿਹੇ ਕੀਤੇ ਅਰਥਾਂ ਦਾ ਹਵਾਲਾ ਵੀ ਕਥਾਕਾਰ ਨੇ ਦਿੱਤਾ ਹੈ । ਗੁਰਬਾਣੀ ਦੇ ਸੰਸਾਰ ਪ੍ਰਸਿੱਧ ਵਿਆਕਰਣਵੇਤਾ ਪ੍ਰੋ. ਸਾਹਿਬ ਸਿੰਘ ਵਲੋਂ ‘ਜਪੁ’ ਬਾਣੀ ਦੀ ਪੰਕਤੀ ਵਿੱਚ  ‘ਏਕਾ’ ਸ਼ਬਦ ਦੇ ਕੀਤੇ ਅਰਥਾਂ ਨੂੰ ਵੀ ਕਥਾਕਾਰ ਨੇ ਅਣਗੌਲ਼ਿਆ ਕੀਤਾ ਹੈ ਜਿਸ ਤੋਂ ਅਜਿਹੀ ਆਸ ਨਹੀਂ ਕੀਤੀ ਜਾ ਸਕਦੀ ਸੀ ।

ਸੱਚ ਕੀ ਹੈ?
‘ਏਕਾ ਮਾਈ’ ਦੇ ਅਰਥ ਕਰਨ ਲੱਗਿਆਂ ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਇਸ ਪੰਕਤੀ ਵਿੱਚ ਗੁਰੂ ਜੀ ਆਪਣਾ ਖ਼ਿਆਲ ਨਹੀਂ ਦੇ ਰਹੇ ਸਗੋਂ ਪ੍ਰਚੱਲਤ ਖ਼ਿਆਲ ਦੀ ਗੱਲ ਕਰਦੇ ਹਨ । ਭਾਈ ਵੀਰ ਸਿੰਘ ਅਤੇ ਉਨ੍ਹਾਂ ਦੇ ਕੀਤੇ ਅਰਥਾਂ ਦੀ ਨਕਲ ਕਰਨ ਵਾਲ਼ੇ ਏਥੋਂ ਹੀ ਟਪਲ਼ਾ ਖਾ ਗਏ ਹਨ । ‘ਏਕਾ’ ਸ਼ਬਦ ਨੂੰ ਅਕਾਲ ਪੁਰਖ ਨਾਲ਼ ਨਹੀਂ ਜੋੜਿਆ ਜਾ ਸਕਦਾ । ‘ਏਕਾ’ ਸ਼ਬਦ ਇਸਤ੍ਰੀ ਲਿੰਗ ਹੈ । ‘ਏਕਾ’ ਸ਼ਬਦ ਦਾ ਸੰਬੰਧ ‘ਮਾਈ’  ਸ਼ਬਦ ਨਾਲ਼ ਬਣਦਾ ਹੈ ਕਿਉਂਕਿ ‘ਮਾਈ’ ਸ਼ਬਦ ਵੀ ਇਸਤਰੀ ਲਿੰਗ ਹੈ । 

‘ਏਕਾ ਮਾਈ ਦਾ ਕੀ ਅਰਥ ਹੈ?
ਏਕਾ= ਇਕੱਲੀ । ਮਾਈ= ਮਾਇਆ ।
‘ਜੁਗਤਿ ਵਿਆਈ’ ਦਾ ਕੀ ਅਰਥ ਹੈ ?
ਜੁਗਤੀ ਨਾਲ਼ ਪ੍ਰਸੂਤ ਹੋਈ । ਜੇ ‘ਏਕਾ’ ਸ਼ਬਦ ਦਾ ਅਰਥ ਅਕਾਲਪੁਰਖ ਮੰਨਿਆਂ ਜਾਵੇ ਤਾਂ ‘ਅਕਾਲਪੁਰਖ ਮਾਈ ਵਿਆਈ’ ਦੇ ਕੋਈ ਸਾਰਥਕ ਅਰਥ ਨਹੀਂ ਬਣਦੇ । ਅਕਾਲਪੁਰਖ ‘ਮਾਈ’ ਨਹੀਂ ਹੈ ਅਤੇ ਅਕਾਲਪੁਰਖ ਸ਼ਬਦ ਨਾਲ਼ ‘ਵਿਆਈ’ ਸ਼ਬਦ ਨਹੀਂ ਜੁੜਦਾ । ਪ੍ਰਸੂਤ ਹੋਣ ਵਾਲੀ ਏਕਾ ਮਾਈ (ਮਾਇਆ) ਹੈ ਕਿਉਂਕਿ ਅਕਾਲਪੁਰਖ ਪ੍ਰਸੂਤ ਨਹੀਂ ਹੋ ਸਕਦਾ ਜੋ ਨਿਰਾਕਾਰ ਅਤੇ ਪੁਲਿੰਗ ਹੈ । 

ਤਿੰਨਿ ਚੇਲੇ ਪਰਵਾਣੁ’ ਦਾ ਕੀ ਅਰਥ ਹੈ?
ਪ੍ਰਤੱਖ ਤੌਰ ਉੱਤੇ ਉਸ ਮਾਇਆ ਤੋਂ ਤਿੰਨ ਚੇਲੇ {ਬ੍ਰਹਮਾ, ਵਿਸ਼ਣੂ ਅਤੇ ਸ਼ਿਵ} ਜੰਮ ਪਏ । 

ਏਕਾ ਸ਼ਬਦ ਦੇ ਅਰਥ ਅਕਾਲਪੁਰਖ ਕਿਉਂ ਠੀਕ ਨਹੀਂ?
ਗੁਰੂ ਜੀ ਨੇ ਵਿਚਾਰ ਅਧੀਨ ਪੂਰੀ ਪੰਕਤੀ ਅਤੇ ਇਸ ਤੋਂ ਅਗਲੀ ਪੰਕਤੀ ਵਿੱਚ ਉਸ ਸਮੇਂ ਦੇ ਲੋਕਾਂ ਵਿੱਚ ਪ੍ਰਚੱਲਤ ਖ਼ਿਆਲ ਨੂੰ ਦੱਸਿਆ ਹੈ ਜਿਸ ਨਾਲ਼ ਗੁਰੂ ਜੀ ਸਹਿਮਤ ਨਹੀਂ ਹਨ । ਲੋਕ ਇੱਕ ਅਕਾਲਪੁਰਖ ਨੂੰ ਨਾ ਮੰਨ ਕੇ ਵੱਖ-ਵੱਖ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ । ਇੱਕ ਅਕਾਲਪੁਰਖ ਦਾ ਖ਼ਿਆਲ ਤਾਂ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਲੋਕਾਂ ਨੂੰ ਦਿੱਤਾ ਕਿਉਂਕਿ ਲੋਕਾਂ ਕੋਲ਼ ਪਹਿਲਾਂ ਅਜਿਹੀ ਸੋਚ ਨਹੀਂ ਸੀ । ਇਸ ਲਈ ‘ਏਕਾ’ ਸ਼ਬਦ ਦਾ ਅਰਥ ‘ਅਕਾਲਪੁਰਖ’ ਕਰ ਕੇ ‘ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥’ ਅਤੇ ‘ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ’ ਵਾਲ਼ੀਆਂ ਦੋ ਪੰਕਤੀਆਂ ਨੂੰ ਗੁਰੂ ਜੀ ਦੀ ਸੋਚ ਨਾਲ਼ ਨਹੀਂ ਜੋੜਿਆ ਜਾ ਸਕਦਾ । ਗੁਰੂ ਜੀ ਦੀ ਸੋਚ ਇਨ੍ਹਾਂ ਤੋਂ ਅਗਲੀਆਂ ਪੰਕਤੀਆਂ ਵਿੱਚ ਹੈ । ਗੁਰੂ ਜੀ ਨੇ ਤਾਂ ਪ੍ਰਚੱਲਤ ਗ਼ਲਤ ਸੋਚ ਨੂੰ ਸਹੀ ਸੇਧ ਦਿੱਤੀ ਹੈ । ਗੁਰੂ ਜੀ ਨੇ ਆਪਣਾ ਮੱਤ ‘ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ॥’ ਵਾਲ਼ੀਆਂ ਪੰਕਤੀਆਂ ਵਿੱਚ ਸਪੱਸ਼ਟ ਕਰ ਕੇ ਦੱਸਿਆ ਹੈ ਕਿ ਤਿੰਨਾਂ ਚੇਲਿਆਂ ਦੇ ਹੱਥ ਵਿੱਚ ਕੁੱਝ ਵੀ ਨਹੀਂ ਹੈ ਕਿਉਂਕਿ ਸੰਸਾਰੀ, ਭੰਡਾਰੀ ਅਤੇ ਦੀਬਾਣ ਲਾਉਣ ਵਾਲ਼ਾ ਪ੍ਰਭੂ ਆਪ ਹੀ ਹੈ ਹੋਰ ਕੋਈ ਨਹੀਂ ਹੈ । ਓਹੁ=ਅਕਾਲਪੁਰਖ । ਓਨਾ= ਸੰਸਾਰੀਆਂ ਨੂੰ । ਵਿਡਾਣੁ=ਅਸਚੱਰਜ ।}

‘ਏਕਾ’ ਸ਼ਬਦ ਦੀ ਵਰਤੋਂ ਦੇ ਗੁਰਬਾਣੀ ਵਿੱਚੋਂ ਹੀ ਪ੍ਰਮਾਣ:-
ਗੁਰਬਾਣੀ ਵਿੱਚ ਕਿਤੇ ਵੀ ‘ਏਕਾ’ ਸ਼ਬਦ ਕਰਤਾ ਕਾਰਕ ਵਜੋਂ ਨਹੀਂ ਵਰਤਿਆ ਗਿਆ । ਏਕਾ ਸ਼ਬਦ ਇਸਤ੍ਰੀ ਲਿੰਗ ਜਾਂ ਸੰਬੰਧ ਕਾਰਕ ਵਿੱਚ ਹੀ ਵਰਤਿਆ ਗਿਆ ਮਿਲ਼ਦਾ ਹੈ ।
੧). ਸੰਬੰਧ ਕਾਰਕ ਵਜੋਂ ‘ਏਕਾ ਸ਼ਬਦ’ ਦੀ ਵਰਤੋਂ:
a. ਏਕਾ ਓਟ ਗਹੁ ਹਾਂ॥ {ਗਗਸ ੪੧੦/੨}
ਵਿਚਾਰ: ਏਕਾ ਓਟ- ਇੱਕ ਓਟ ਜਾਂ ਇੱਕ ਦੀ ਓਟ ।
ਅ. ਏਕਾ ਸਰਣਿ ਗਹੀ ਮਨ ਮੇਰੈ ਤੁਧੁ ਬਿਨੁ ਦੂਜਾ ਨਾਹੀ ਠਾਉ॥     { ਗਗਸ ੮੯੩/੧੨}
ਵਿਚਾਰ: ਏਕਾ ਸਰਣਿ- ਇੱਕ ਸ਼ਰਣਿ ਜਾਂ ਇੱਕ ਦੀ ਸ਼ਰਣਿ ।
e. ਏਕਾ ਖੋਜੈ ਏਕ ਪ੍ਰੀਤਿ॥{ਗਗਸ ੧੧੮੦/੧੮}
ਵਿਚਾਰ: ਏਕਾ ਖੋਜੈ- ਇੱਕ ਦੀ ਖੋਜ ਕਰਦਾ ਹੈ ।
ਸ. ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ॥     {ਗਗਸ ੮੮੫/੧}
ਵਿਚਾਰ: ਏਕਾ ਦੇਸੀ {ਦੇਸ਼ੀ}- ਇੱਕ ਦੇ ਦੇਸ਼ ਦਾ ਵਾਸੀ ।
ਹ. ਏਕਾ ਟੇਕ ਮੇਰੈ ਮਨਿ ਚੀਤ॥       {ਗਗਸ ੧੮੭/੧੭}
ਵਿਚਾਰ: ਏਕਾ ਟੇਕ- ਇੱਕੋ ਹੀ ਟੇਕ ਜਾਂ ਇੱਕ ਦੀ ਟੇਕ ।
੨). ਇਸਤ੍ਰੀ ਲਿੰਗ ਵਜੋਂ ‘ਏਕਾ’ ਸ਼ਬਦ ਦੀ ਵਰਤੋਂ:
a. ਏਕਾ ਸੁਰਤਿ ਜੇਤੇ ਹੈ ਜੀਅ॥   {ਗਗਸ ੨੪/੧੯}
ਅ. ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ॥ {ਗਗਸ ੮੮੫/੨}
e. ਏਕਾ ਜੋਤਿ ਜੋਤਿ ਹੈ ਸਰੀਰਾ॥    {ਗਗਸ ੧੨੫/੧੦}
ਸ. ਏਕਾ ਨਿਰਭਉ ਬਾਤ ਸੁਨੀ॥
ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ॥ਰਹਾਉ॥
{ਗਗਸ ੯੯੮/੧੮}

ਵਿਚਾਰ: ਏਕਾ ਬਾਤ- ਇੱਕ ਗੱਲ । ਏਕਾ ਸ਼ਬਦ ‘ਨਿਰਭਉ’ ਨਾਲ਼ ਨਹੀਂ ਸਗੋਂ ਇਸਤ੍ਰੀ ਲਿੰਗ ਹੋਣ ਕਰਕੇ ‘ਬਾਤ’ ਨਾਲ਼ ਜੁੜਦਾ ਹੈ । ਏਕਾ ਨਿਰਭਉ ਬਾਤ- ਇੱਕ ਬਾਤ ਜੋ ਨਿਰਭਉ ਬਣਾ ਦਿੰਦੀ ਹੈ । ਕਿਹੜੀ ਬਾਤ ਹੈ ਜੋ ਨਿਰਭਉ ਬਣਾ ਦਿੰਦੀ ਹੈ ? ‘ਸੋ ਸੁਖੀਆ’ ਵਾਲ਼ੀ ਅਗਲੀ ਪੰਕਤੀ ਵਿੱਚ ਸਪੱਸ਼ਟ ਉੱਤਰ ਹੈ ।
ਹ. ਏਕਾ ਬਖਸ ਫਿਰਿ ਬਹੁਰਿ ਨ ਬੁਲਾਵੈ॥  {ਗਗਸ ੧੩੩੭/੧੯}
ਵਿਚਾਰ: ਏਕਾ ਬਖਸ- ਇੱਕੋ ਵਾਰੀ ਬਖ਼ਸ਼ਸ਼ ।
ਕ. ਏਕਾ ਬੇਦਨ ਦੂਜੈ ਬਿਆਪੀ ਨਾਮੁ ਰਸਾਇਣੁ ਵੀਸਰਿਆ॥    {ਗਗਸ ੯੪੦/੧੯}
ਵਿਚਾਰ: ਏਕਾ ਬੇਦਨ- ਇੱਕ ਪੀੜ ।
ਖ. ਏਕਾ ਮਾਟੀ ਏਕਾ ਜੋਤਿ॥   {ਗਗਸ ੧੮੮/੧੦}
ਗ. ਏਕਾ ਮੂਰਤਿ ਸਾਚਾ ਨਾਉ॥         {ਗਗਸ ੧੧੮੮/੧੭}
ਘ. ਏਕਾ ਲਿਵ ਏਕੋ ਮਨਿ ਭਾਉ॥        {ਗਗਸ ੧੮੪/੧}
ਙ. ਏਕਾ ਲਿਵ ਪੂਰਨ ਪਰਮੇਸੁਰ ਭਉ ਨਹੀ ਨਾਨਕ ਤਾ ਕੈ॥    {ਗਗਸ ੧੨੨੩/੩}
ਚ. ਏਕਾ ਭਗਤਿ ਏਕੋ ਹੈ ਭਾਉ॥      {ਗਗਸ ੧੧੮੮}
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!

————-*****————

ਨੋਟ : ਪ੍ਰੋਫੈਸਰ ਕਸ਼ਮੀਰ ਸਿੰਘ ਜੀ ਵਾਂਗ ਅਸੀਂ ਇਹ ਨਹੀਂ ਆਖਾਂਗੇ ਕੇ ਭਾਈ ਵੀਰ ਸਿੰਘ ਜੀ ਨੇ ਕੋਈ ਅਗਿਆਨਤਾ ਵਿਖਾਈ ਹੈ ‘ਏਕਾ’ ਸ਼ਬਦ ਨੂੰ ਬ੍ਰਹਮ ਨਾਲ ਜੋੜਕੇ, ਕਿਓਂਕਿ ਉਹ ਵੀ ਪਹਿਲਾ ਬਣਾਈਆਂ/ਸਥਾਪਤ ਕੀਤੀਆਂ ਸ਼ਕਤੀਆਂ ਅੱਗੇ ਇੱਕੋ ਪ੍ਰਭ ਦੀ ਤਾਕਤ ਨੂੰ ਪਹਿਲ ਦੇਂਦੇ ਹਨ ; ਜਿਵੇਂ ਉਹ ਲਿਖਦੇ ਹਨ, ‘ਜਿਕਰ ਏਕੈ = ਅਕਾਲਪੁਰਖ ਨੂੰ ਭਾਉਂਦਾ ਹੈ ਤਿਕਰ ਉਹ ਚੇਲਿਆਂ ਨੂੰ ਚਲਾਉਂਦਾ ਹੈ| ” ਭਾਵ ਉਨ੍ਹਾਂ ਤਿੰਨਾਂ, ਬਰਮਾ, ਵਿਸ਼ਨੂੰ ਤੇ ਸ਼ਿਵਜੀ, ਦੀ ਆਪਣੀ ਹਸਤੀ ਕੋਈ ਨਹੀਂ | ਅਸੀਂ ਪ੍ਰੋਫੈਸਰ ਕਸ਼ਮੀਰ ਸਿੰਘ ਨਾਲ ਸਹਿਮਤ ਹਾਂ ਕਿ ਸ਼ਬਦ ‘ਏਕਾ ‘ ਦਾ ਸਬੰਧ ਸਿਰਫ ਸ਼ਬਦ ‘ਮਾਈ’ ਨਾਲ ਜੁੜਦਾ ਹੈ ਨਾ ਕਿ ‘ਏਕੈ= ਬ੍ਰਹਮ /ਅਕਾਲਪੁਰਖ ‘| ਪ੍ਰੋਫੈਸਰ ਕਸ਼ਮੀਰ ਸਿੰਘ ਜੀ ਨੇ ਇਸ ਪ੍ਰਸੰਗ ਵਿਚ ਇਸ ਸ਼ਬਦ ‘ਏਕਾ’ ਦੀ ਹੋਰਾਂ ਸ਼ਬਦਾਂ ਨਾਲ ਗੁਰਬਾਣੀ ਵਿਚ ਹੋਈ ਵਰਤੋਂ ਦਾ ਹਵਾਲਾ ਦੇਕੇ ਆਪਣਾ ਕਿੰਤੂ ਸਿੱਧ ਕੀਤਾ ਹੈ | ਮੁਕਦੀ ਗੱਲ ਇਹ ਹੈ ਕਿ ਭਾਈ  ਵੀਰ ਸਿੰਘ ਜੀ ਵੀ ਸਹਿਮਤ ਹਨ ਕਿ ਗੁਰੂ ਜੀ ਪ੍ਰਚਲਤ ਵਿਸ਼ਵਾਸ਼ ਉਤੇ ਕਿੰਤੂ ਕਰਕੇ ਇੱਕੋ ਅਕਾਲਪੁਰਖ ਦੀ ਸ਼ਕਤੀ ਉਤੇ ਵਿਸ਼ਵਾਸ਼ ਰੱਖਣ ਨੂੰ ਆਖ ਰਹੇ ਹਨ | ਪਰ ਉਨ੍ਹਾਂ ਦਾ ‘ਏਕਾ’ ਸ਼ਬਦ ਨੂੰ ਅਕਾਲਪੁਰਖ ਨਾਲ ਜੋੜਨਾ ਸਹੀ ਨਹੀਂ ਹੈ |
ਗੁਰਦੀਪ ਸਿੰਘ