ਗੁਰਬਾਣੀ ਅਨੁਸਾਰ ‘ਅਬਿਚਲ ਨਗਰੁ’ ਕਿੱਥੇ ਹੈ? (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਅਬਿਚਲ’ ਸ਼ਬਦ ੭ ਵਾਰੀ ਅਤੇ  ‘ਅਬਿਚਲੁ’ ਸ਼ਬਦ ੨ ਵਾਰੀ ਵਰਤਿਆ ਮਿਲ਼ਦਾ ਹੈ । ‘ਅਬਿਚਲ ਨਗਰੀ’ ਅਤੇ ‘ਅਬਿਚਲ ਨਗਰੁ’ ਦੋਵੇਂ ਵਾਕ-ਅੰਸ਼ ਇੱਕ-ਇੱਕ ਵਾਰੀ ਇਸੇ ਰੂਪ ਵਿੱਚ ਵਰਤੇ ਗਏ ਹਨ ਜਿਨ੍ਹਾਂ ਵਿੱਚ ‘ਅਬਿਚਲ’ ਸ਼ਬਦ /ਲੁ/  ਨਾ ਹੋਣ ਕਾਰਣ ਸੰਬੰਧ ਵਾਚਕ ਰੂਪ ਵਿੱਚ ਵਰਤਿਆ ਗਿਆ ਹੈ । ‘ਅਬਿਚਲ’ ਸ਼ਬਦ ਦੇ ਅਰਥ ਬਣਨਗੇ- ਅਬਿਚਲ ਦਾ, ਅਬਿਚਲ ਦੀ । ‘ਅਬਿਚਲ’ ਕਿਸੇ ਸ਼ਹਰ ਦਾ ਨਾਂ ਨਹੀਂ । ਅਬਿਚਲ- ਨਾ ਡੋਲਣ ਵਾਲ਼ੇ ਦਾ, ਨਾ ਡੋਲਣ ਵਾਲ਼ੇ ਦੀ । ‘ਅਬਿਚਲੁ’ ਸ਼ਬਦ ਨਾਲ਼ ‘ਨਗਰੁ’ ਜਾਂ ‘ਨਗਰੀ’ ਸ਼ਬਦ ਨਹੀਂ ਵਰਤੇ ਗਏ । ਗੁਰਬਾਣੀ ਵਿੱਚੋਂ ਹੇਠ ਲਿਖੀਆਂ ਦੋ ਪੰਕਤੀਆਂ ਅਤੇ ਉਨ੍ਹਾਂ ਦੀ ਵਿਚਾਰ ਵਿੱਚੋਂ ਪਤਾ ਲੱਗੇਗਾ ਕਿ ‘ਅਬਿਚਲ ਨਗਰੁ’ ਕਿੱਥੇ ਹੈ ।

a). ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖ ਪਾਇਆ ਰਾਮ॥ { ਗਗਸ ੭੮੩/੧੨}
ਵਿਚਾਰ: ਅਬਿਚਲ- ਨਾ ਡੋਲਣ ਵਾਲ਼ੇ ਦਾ, ਅਬਿਨਾਸ਼ੀ ਦਾ । ਨਗਰੁ- {ਪੁਲਿੰਗ ਇੱਕ-ਵਚਨ} ਸ਼ਹਰ, ਸ਼ਰੀਰ । ਗੋਬਿੰਦ ਗੁਰੂ ਕਾ- ਗੁਰੂ ਗੋਬਿੰਦ ਕਾ {ਕਾ ਨੇ ਗੋਬਿੰਦ ਸ਼ਬਦ ਦੇ ਦੱਦੇ ਦਾ (  ੁ ) ਹਟਾ ਦਿੱਤਾ ਹੈ} ਵੱਡੇ ਗੋਬਿੰਦ ਦਾ, ਪ੍ਰਭੂ ਦਾ । ਗੁਰੂ- ਵੱਡਾ ।

‘ਅਬਿਚਲ ਨਗਰੁ ਗੋਬਿੰਦ ਗੁਰੂ ਕਾ’ ਦੇ ਕੀ ਅਰਥ ਹਨ?
ਇਹ ਸ਼ਰੀਰ ਵੱਡੇ ਅਬਿਨਾਸ਼ੀ ਪ੍ਰਭੂ ਦਾ ਸ਼ਹਰ ਬਣ ਜਾਂਦਾ ਹੈ ।
ਇਹ ਤਬਦੀਲੀ ਕਦੋਂ ਹੁੰਦੀ ਹੈ?
ਉੱਤਰ: ਇਹ ਤਬਦੀਲੀ ‘ਨਾਮੁ ਜਪਤ ਸੁਖੁ ਪਾਇਆ ਰਾਮ’ ਵਾਕ-ਅੰਸ਼ ਤੋਂ ਸਪੱਸ਼ਟ ਹੁੰਦੀ ਹੈ । ਜਿਨ੍ਹਾਂ ਨੇ ਪ੍ਰਭੂ ਦੇ ਗੁਣ ਗਾਉਂਦਿਆਂ ਆਤਮਕ ਸੁੱਖ ਪ੍ਰਾਪਤ ਕਰ ਲਿਆ ਉਨ੍ਹਾਂ ਦਾ ਸ਼ਰੀਰ ਨਾ ਡੋਲਣ ਵਾਲ਼ੇ (ਅਬਿਨਾਸ਼ੀ) ਪ੍ਰਭੂ ਦਾ ਸ਼ਹਰ ਬਣ ਗਿਆ, ਭਾਵ, ਟਿਕਾਣਾ ਬਣ ਗਿਆ ।

ਅ). ‘ਨਗਰੁ’ ਦੇ ਥਾਂ ‘ਨਗਰੀ’ ਸ਼ਬਦ ਦੀ ਵਰਤੋਂ 
ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵ॥
ਅਬਿਚਲ ਨਗਰੀ ਨਾਨਕ ਦੇਵ॥੮॥੧॥ {ਗਗਸ ੪੩੦/੧੯}
ਵਿਚਾਰ: ਨਾਨਕ- ਹੇ ਨਾਨਕ! ਅਬਿਚਲ ਨਗਰੀ- ਨਾ ਡੋਲਣ ਵਾਲ਼ੇ ਦੀ ਨਗਰੀ, ਇਹ ਕਾਇਆ । ਦੇਵ- {ਸੰਬੰਧ ਕਾਰਕ} ਦੇਵ ਦੀ, ਪ੍ਰਭੂ ਦੀ । ਇਹ ਕਾਇਆ ਕਦੇ ਨਾ ਡੋਲਣ ਵਾਲ਼ੇ (ਅਬਿਨਾਸ਼ੀ) ਪ੍ਰਭੂ ਦੀ ਨਗਰੀ ਬਣ ਜਾਂਦੀ ਹੈ ਜੇ ਪੂਰੇ ਗੁਰੂ ਦੀ ਬਖ਼ਸ਼ਸ਼ ਹੋ ਜਾਵੇ ,ਭਾਵ, ਪ੍ਰਭੂ ਦਾ ਟਿਕਾਣਾ ਹੋਣ ਹੋਣ ਕਰ ਕੇ ਇਹ ਕਾਇਆ ਮੋਹ ਮਾਇਆ ਵਿੱਚ ਨਿਰਲੇਪ ਰਹਿੰਦੀ ਹੈ ।

ਨੋਟ: ਨਾਨਕ ਦੇਵ ਸ਼ਬਦਾਂ ਤੋਂ ਟਪਲ਼ਾ ਨਹੀਂ ਖਾਣਾ ਚਾਹੀਦਾ ਕਿ ਇਹ ਪਹਿਲੇ ਗੁਰੂ ਜੀ ਦਾ ਨਾਂ ਹੈ । ਟਪਲ਼ੇ ਕਰ ਕੇ ਹੀ ਪਹਿਲੇ ਗੁਰੂ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਆਖਿਆ ਜਾ ਰਿਹਾ ਹੈ ਜੋ ਸੱਚ ਨਹੀਂ ਹੈ । ਪਹਿਲੇ ਗੁਰੂ ਜੀ ਦਾ ਨਾਂ – ਸ਼੍ਰੀ ਗੁਰੂ ਨਾਨਕ ਸਾਹਿਬ ਹੀ ਸੱਚ ਹੈ । ਕਿਸੇ ਗੁਰੂ ਜੀ ਦੇ ਨਾਂ ਨਾਲ਼ ਗੁਰਬਾਣੀ ਵਿੱਚ ਵਰਤੇ ਨਾਵਾਂ ਅਨੁਸਾਰ ‘ਦੇਵ’ ਸ਼ਬਦ ਦੀ ਵਰਤੋਂ ਨਹੀਂ ਹੈ ।

ਸਾਰ-ਅੰਸ਼: ਅਬਿਚਲ ਨਗਰ ਜਾਂ ਨਗਰੀ ਵਾਲ਼ੇ  ਧਰਤੀ ਉੱਤੇ ਬਣੇ ਕਿਸੇ ਅਸਥਾਨ ਨੂੰ ਗੁਰਬਾਣੀ ਦੀਆਂ ਪੰਕਤੀਆਂ ਨਾਲ਼ ਜੋੜ ਕੇ ਨਹੀਂ ਦੇਖਣਾ ਚਾਹੀਦਾ । ਗੁਰਬਾਣੀ ਅਨੁਸਾਰ ਉਹ ਸ਼ਰੀਰ ਹੀ ਅਬਿਨਾਸ਼ੀ ਪ੍ਰਭੂ ਲਈ ‘ਅਬਿਚਲ ਨਗਰੁ’ ਜਾਂ ‘ਅਬਿਚਲ ਨਗਰੀ’ ਹੈ ਜੋ ਪ੍ਰਭੂ ਦੀ ਯਾਦ ਹਰਦਮ ਆਪਣੇ ਅੰਦਰ ਬਣਾਈ ਰੱਖਦਾ ਹੈ ।

————————————————————————————————————————

Note:  Only Professor Kashmira Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।