ਗੁਰੂਆਂ ਦੀ ਬਾਣੀ
ਗੁਰੂਆਂ ਦੀ ਬਾਣੀ ਦੱਸ ਰਹੀ ਹੈ ਜੀਣ ਦਾ ਮਕਸਦ,
ਸੱਚੇ ਰਾਹ ਤੇ ਚੱਲਕੇ ਅੰਮ੍ਰਿਤ ਪੀਣ ਦਾ ਮਕਸਦ
ਉੱਡਣ ਲੱਗੇ ਹੰਕਾਰ ‘ ਚ ਜੋ ਅਸਮਾਨੋਂ ਉੱਚੇ,
ਖੋਲ੍ਹੇ ਭੇਦ ਹੈ ਕੀ ਨੀਵੀਂ ਜ਼ਮੀਨ ਦਾ ਮਕਸਦ
ਦੱਸ ਰਹੀ ਹੈ ਸਭ ਨੇ ਜਾਣਾ ਧੁਰ ਦਰਗਾਹੇ,
ਭਗਤੀ ਦੇ ਵਿੱਚ ਕਾਹਤੋਂ ਹੋਣਾ ਲੀਨ ਦਾ ਮਕਸਦ
ਇੱਕ ਦਿਨ ਦੇਹ ਦੇ ਪੁਰਜ਼ੇ ਢਿੱਲੇ ਪੈ ਜਾਣੇ ਨੇ,
ਵਿੱਚ ਸ਼ਰੀਰ ਦੇ ਚਲਦੀ ਹੋਈ ਮਸ਼ੀਨ ਦਾ ਮਕਸਦ
ਯਸ਼ੂ ਜਾਨ ਤੇਰਾ ਇੱਕ ਦਿਨ ਘੋਗਾ ਚਿੱਤ ਹੋ ਜਾਣਾ,
ਲੱਗ ਜਾਊ ਪਤਾ ਜ਼ਿੰਦਗੀ ਇਸ ਹਸੀਨ ਦਾ ਮਕਸਦ |
ਬਾਬੇ ਨਾਨਕ ਨੇ
ਸੁੱਤੇ ਲੋਕ ਜਗਾਏ ਬਾਬੇ ਨਾਨਕ ਨੇ,
ਕਰਨੇ ਤਰਕ ਸਿਖਾਏ ਬਾਬੇ ਨਾਨਕ ਨੇ
ਹੱਥੀਂ ਕਿਰਤ ਕਰੋ ਤੇ ਖਾਓ ਖੁਸ਼ੀ-ਖੁਸ਼ੀ,
ਮਿਹਨਤ ਕਰਨੇ ਲਾਏ ਬਾਬੇ ਨਾਨਕ ਨੇ
ਸੱਚਾ ਨਾਮ ਹੈ ਉਸਦਾ ਰੱਬ ਇੱਕੋ ਹੀ ਹੈ,
ਬਾਣੀ ਪੜ੍ਹਨ ਲਗਾਏ ਬਾਬੇ ਨਾਨਕ ਨੇ
ਚਮਤਕਾਰਾਂ ਤੋਂ ਉੱਪਰ ਉਠਕੇ ਗੱਲ ਕਰੋ,
ਐਸੇ ਤੱਥ ਸਮਝਾਏ ਬਾਬੇ ਨਾਨਕ ਨੇ
ਯਸ਼ੂ ਜਾਨ ਦਾ ਸੋਚ ਹਨੇਰਾ ਦੂਰ ਹੋਇਆ,
ਜਦ ਵਿਹੜੇ ਰੁਸ਼ਨਾਏ ਬਾਬੇ ਨਾਨਕ ਨੇ|
ਬਾਜਾਂ ਵਾਲੇ ਦੀ ਸਿਫ਼ਤ
ਬਾਜਾਂ ਵਾਲੇ ਦੀ ਸਿਫ਼ਤ ਮੇਰੇ ਸ਼ਬਦਾਂ ਕੋਲੋਂ ਨਹੀਂ ਹੋ ਸਕਦੀ,
ਉਹਨਾਂ ਸਾਨੂੰ ਸ਼ੇਰ ਬਣਾਇਆ ਜਿੱਤੀ ਵੀ ਲੜਾਈ ਸੀ ਹੱਕ ਦੀ,
ਬਾਜਾਂ ਵਾਲੇ ਦੀ ਸਿਫ਼ਤ ਮੇਰੇ ਸ਼ਬਦਾਂ ਕੋਲੋਂ ਨਹੀਂ ਹੋ ਸਕਦੀ
ਤੀਰ ਉਹਨਾਂ ਦੇ ਤਿੱਖੇ ਸੀ ਤੇ ਸ਼ਬਦ ਉਹਨਾਂ ਦੇ ਮਿੱਠੇ ਸੀ,
ਉਹਨਾਂ ਕੌਮ ਦੀ ਖ਼ਾਤਿਰ ਸਿਰ ਦਿੱਤਾ ਜਦ ਬਾਕੀ ਹਟ ਗਏ ਪਿੱਛੇ ਸੀ,
ਜੋ ਸਾਨੂੰ ਬਖ਼ਸ਼ੀ ਮਤ ਉਹਨਾਂ ਕੋਈ ਸਰਕਾਰ ਨਹੀਂ ਖੋਹ ਸਕਦੀ,
ਬਾਜਾਂ ਵਾਲੇ ਦੀ ਸਿਫ਼ਤ ਮੇਰੇ ਸ਼ਬਦਾਂ ਕੋਲੋਂ ਨਹੀਂ ਹੋ ਸਕਦੀ
ਲੱਖਾਂ ਪਰਿਵਾਰ ਬਚਾਉਣ ਲਈ ਉਹਨਾਂ ਵਾਰ ਸਾਰਾ ਪਰਿਵਾਰ ਦਿੱਤਾ,
ਬਿਨ ਮਾਂ – ਬਾਪ ਦੇ ਬੱਚਿਆਂ ਨੂੰ ਉਹਨਾਂ ਹੱਦੋਂ ਵੱਧਕੇ ਪਿਆਰ ਦਿੱਤਾ,
ਅਸੀਂ ਸੱਚੇ ਸਿੱਖ ਗੁਰੂ ਗੋਬਿੰਦ ਦੇ ਜਿਹਨਾਂ ਨੂੰ ਮੌਤ ਨਹੀਂ ਛੋਹ ਸਕਦੀ,
ਬਾਜਾਂ ਵਾਲੇ ਦੀ ਸਿਫ਼ਤ ਮੇਰੇ ਸ਼ਬਦਾਂ ਕੋਲੋਂ ਨਹੀਂ ਹੋ ਸਕਦੀ
ਮੈਂ ਨਿਤਨੇਮ ਗੁਰਬਾਣੀ ਨੂੰ ਪੜ੍ਹਦਾ ਹਾਂ ਮਨ ਚਿੱਤ ਲਾਕੇ ਜੀ,
ਮੈਂ ਪੱਗ ਬੰਨ੍ਹਾਂ ਦਸ਼ਮੇਸ਼ ਪਿਤਾ ਨੂੰ ਸੱਚੇ ਮਨ ਨਾਲ ਧਿਆ ਕੇ ਹੀ,
ਸਾਡੀ ਸੋਚ ਹੈ ਗੁਰੂ ਗ੍ਰੰਥ ਸਾਹਿਬ ਜੋ ਵਹਿਮ, ਪਖੰਡ ਨਹੀਂ ਢੋ ਸਕਦੀ,
ਬਾਜਾਂ ਵਾਲੇ ਦੀ ਸਿਫ਼ਤ ਮੇਰੇ ਸ਼ਬਦਾਂ ਕੋਲੋਂ ਨਹੀਂ ਹੋ ਸਕਦੀ,
ਬਾਜਾਂ ਵਾਲੇ ਦੀ ਸਿਫ਼ਤ ਮੇਰੇ ਸ਼ਬਦਾਂ ਕੋਲੋਂ ਨਹੀਂ ਹੋ ਸਕਦੀ|
ਲੇਖ਼ਕ ਬਾਰੇ
ਯਸ਼ੂ ਜਾਨ (੯ ਫਰਵਰੀ ੧੯੯੪-) ਪੰਜਾਬੀ ਦੇ ਯੁਵਾ ਕਵੀ ਅਤੇ ਲੇਖਕ ਹਨ। ਉਹ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਹਨ। ਉਹਨਾਂ ਦਾ ਜੱਦੀ ਪਿੰਡ ਚੱਕ ਸਾਹਬੂ ਸ਼ਹਿਰ ਅੱਪਰੇ ਦੇ ਨਜ਼ਦੀਕ ਹੈ।ਉਨ੍ਹਾਂ ਦੇ ਪਿਤਾ ਜੀ ਦਾ ਨਾਂ ਸ਼੍ਰੀ ਰਣਜੀਤ ਰਾਮ ਅਤੇ ਮਾਤਾ ਜਸਵਿੰਦਰ ਕੌਰ ਜੀ ਹਨ। ਉਨ੍ਹਾਂ ਨੂੰ ਬਚਪਨ ਤੋਂ ਹੀ ਕਲਾ ਨਾਲ ਪਿਆਰ ਹੈ । ਗੀਤ, ਕਵਿਤਾਵਾਂ ਅਤੇ ਗ਼ਜ਼ਲ਼ਾਂ ਲਿਖ਼ਣਾ ਉਨ੍ਹਾਂ ਦਾ ਸ਼ੌਕ ਹੈ । ਉਹਨਾਂ ਨੂੰ ਅਲੱਗ-ਅਲੱਗ ਵਿਸ਼ਿਆਂ ਤੇ ਖੋਜ ਕਰਨਾ ਬਹੁਤ ਚੰਗਾ ਲੱਗਦਾ ਹੈ ।ਉਹ ਆਪਣੀ ਕਾਮਯਾਬੀ ਵਿੱਚ ਆਪਣੀ ਧਰਮ ਪਤਨੀ ਸ਼੍ਰੀਮਤੀ ਮਰਿਦੁਲਾ ਦਾ ਬਹੁਤ ਵੱਡਾ ਯੋਗਦਾਨ ਮੰਨਦੇ ਹਨ| (ਇਹ ਜਾਣਕਾਰੀ ਦਿੱਤੀ ਗਈ ‘ਯਸ਼ੂ ਜਾਨ’ ਵੱਲੋਂ)