ਤੀਰਥ ਕੀ ਹੈ?
ਹਿੰਦੂ ਮੱਤ ਅਨੁਸਾਰ ਤੀਰਥ ਕੀ ਹੈ?
ਗੁਰਬਾਣੀ ਵਿੱਚ ਅਠਾਹਠ {ਅਠਸਠਿ} ਤੀਰਥਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨਾਂ ਉੱਤੋ ਹਿੰਦੂ ਮੱਤ ਵਾਲ਼ਿਆਂ ਨੂੰ ਅਤੀ ਸ਼ਰਧਾ ਹੈ । ਹਿੰਦੂ ਮੱਤ ਅਨੁਸਾਰ ਤੀਰਥ ਉਹ ਅਸਥਾਨ ਹੈ ਜਿੱਥੇ ਸ਼ਰਧਾਲੂ ਕਿਸੇ ਦੇਵੀ ਜਾਂ ਦੇਵਤੇ ਨਾਲ਼ ਸੰਬੰਧਤ ਕਿਸੇ ਮੰਦਰ ਦੇ ਦਰਸ਼ਨ ਕਰਨ ਲਈ ਜਾਂਦੇ ਹਨ । ਕੁੱਝ ਨਦੀਆਂ ਵੀ, ਹਿੰਦੂ ਮੱਤ ਅਨੁਸਾਰ, ਪਵਿੱਤ੍ਰ ਮੰਨੀਆਂ ਗਈਆਂ ਹਨ ਜਿੱਥੇ ਹਿੰਦੂ ਜਨ ਇਸ਼ਨਾਨ ਕਰਨ ਲਈ ਜਾਣਾ ਪੁੰਨ ਕਰਮ ਸਮਝਦੇ ਹਨ ਅਤੇ ਇਹ ਅਸਥਾਨ ਵੀ ਤੀਰਥ ਕਹੇ ਜਾਂਦੇ ਹਨ । ਤੀਰਥਾਂ ਉੱਤੇ ਜਾਣ ਦੀ ਭਾਵਨਾ ਇਹ ਹੁੰਦੀ ਹੈ ਕਿ ਇਸ ਤਰ੍ਹਾਂ ਕਰਨ ਨਾਲ਼ ਕੀਤੇ ਪਾਪ ਧੁਲ ਜਾਂਦੇ ਹਨ ਤੇ ਮਨ ਪਵਿੱਤ੍ਰ ਹੋ ਜਾਂਦਾ ਹੈ ਪਰ ਗੁਰਬਾਣੀ ਇਸ ਭਾਵਨਾ ਨੂੰ ਨਹੀਂ ਮੰਨਦੀ ।
ਮਹਾਨ ਕੋਸ਼ ਵਿੱਚ ਤੀਰਥ ਬਾਰੇ ਇਸ ਤਰ੍ਹਾਂ ਲਿਖਿਆ ਗਿਆ ਹੈ –
“ਤੀਰਥ ਅਥਵਾ ਤੀਰਥੁ. ਸੰ. ਤੀਥੱ ਸੰਗਯਾ—ਜਿਸ ਦ੍ਵਾਰਾ ਪਾਪ ਤੋਂ ਬਚ ਜਾਈਏ. ਪਵਿਤ੍ਰ ਅਸਥਾਨ. ਜਿੱਥੇ ਧਰਮ ਭਾਵ ਨਾਲ਼ ਲੋਕ ਪਾਪ ਦੂਰ ਕਰਨ ਲਈ ਜਾਣ. ਸੰਸਾਰ ਦੇ ਸਾਰੇ ਮੱਤਾਂ ਨੇ ਆਪਣੇ ਆਪਣੇ ਨਿਸਚੇ ਅਨੁਸਾਰ ਅਨੇਕ ਪਵਿੱਤ੍ਰ ਥਾਂ ਤੀਰਥ ਮੰਨ ਰੱਖੇ ਹਨ, ਕਿਤਨਿਆਂ ਨੇ ਦਰਸ਼ਨ ਅਤੇ ਸਪੱਰਸ਼ ਮਾਤ੍ਰ ਤੋਂ ਹੀ ਤੀਰਥਾਂ ਨੂੰ ਮੁਕਤਿ ਦਾ ਸਾਧਨ ਨਿਸ਼ਚੇ ਕੀਤਾ ਹੈ. ਗੁਰਮਤ ਅਨੁਸਾਰ ਧਰਮ ਦੀ ਸਿੱਖਿਆ ਅਤੇ ਇਤਿਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ਤੇ ਜਾਣਾ ਉੱਤਮ ਹੈ, ਪਰ ਤੀਰਥਾਂ ਦਾ ਮੁਕਤਿ ਨਾਲ਼ ਸਾਕਸ਼ਾਤ ਸੰਬੰਧ ਨਹੀਂ ਹੈ” । ਭਾਈ ਕਾਨ੍ਹ ਸਿੰਘ ਨਾਭਾ ਵਲੋਂ ‘ਤੀਰਥ’ ਸ਼ਬਦ ਦੇ ਕੀਤੇ ਗਿਆਰਾਂ ਅਰਥਾਂ ਵਿੱਚ ਦੋ ਅਰਥ ‘ਗੁਰੂ’ ਅਤੇ ‘ਕਰਤਾਰ’ ਵੀ ਹਨ ਜੋ ਗੁਰਬਾਣੀ ਵਿੱਚੋਂ ਲਏ ਗਏ ਹਨ ।
ਗੁਰਮੱਤ ਅਨੁਸਾਰ ਤੀਰਥ ਕੀ ਹੈ?
ਗੁਰਮੱਤ ਅਨੁਸਾਰ ਤੀਰਥ ‘ਪੂਰਾ ਸਤਿਗੁਰੂ’ ਹੈ । ਗੁਰੂ ਦੇ ਬਰਾਬਰ ਦਾ ਦੁਨੀਆਂ ਵਿੱਚ ਕੋਈ ਤੀਰਥ ਨਹੀਂ ਹੈ । ਗੁਰੂ ਤੋਂ ਪ੍ਰਭੂ ਦੀ ਬੰਦਗੀ ਦੀ ਜੁਗਤੀ ਮਿਲ਼ਦੀ ਹੈ । ਪ੍ਰਭੂ ਭਗਤੀ ਵਿੱਚ ਰੰਗੇ ਜਾਣਾ ਹੀ ਤੀਰਥ ਬਣ ਜਾਂਦਾ ਹੈ । ਜਦੋਂ ਮਨ ਹੀ ਪ੍ਰਭੂ ਦਾ ਮੰਦਰ ਬਣ ਜਾਏ ਤੇ ਸ਼੍ਰੀਰਕ ਇੰਦ੍ਰੇ ਇਸ ਮੰਦਰ ਦੀ ਯਾਤਰਾ ਸ਼ੁਰੂ ਕਰ ਦੇਣ ਤਾ ਅੰਦਰ ਹੀ ਤੀਰਥ ਪ੍ਰਗਟ ਹੋ ਜਾਂਦਾ ਹੈ । ਗੁਰਮੱਤ ਅਨੁਸਾਰ ਕੋਈ ਇਮਾਰਤ ਜਾਂ ਸਰੋਵਰ ਤੀਰਥ ਨਹੀਂ ਹੁੰਦਾ । ਗੁਰਬਾਣੀ ਵਿੱਚੋਂ ‘ਤੀਰਥ’ ਦਾ ਸੰਕਲਪ ਪ੍ਰਗਟ ਕਰਦੇ ਕੁੱਝ ਪ੍ਰਮਾਣ ਇਸ ਤਰ੍ਹਾਂ ਹਨ: –
1). ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥
ਵਿਚਾਰ: ਸੋਚੈ, ਸੋਚਿ ਅਤੇ ਸੋਚੀ ਤਿੰਨਾਂ ਸ਼ਬਦਾਂ ਵਿੱਚ /ਸ਼/ ਧੁਨੀ ਹੈ, ਭਾਵੇਂ, ਅਜਿਹਾ ਪਾਠ ਵਿੱਚ ਬਹੁਤ ਘੱਟ ਸੁਣਨ ਵਿੱਚ ਆਉਂਦਾ ਹੈ । /ਸ਼/ ਧੁਨੀ ਸੰਸਕ੍ਰਿਤ ਦੇ ਸ਼ਬਦ ‘ਸ਼ੌਚ’ {ਸ਼ੌਚਾਲਿਆ ਇਸੇ ਤੋਂ ਬਣਦਾ ਹੈ} ਤੋਂ ਹੈ ਜਿਸ ਦਾ ਅਰਥ ਹੈ- ਤੀਰਥਾਂ ਉੱਤੇ ਬਣੇ ਸਰੋਵਰਾਂ ਜਾਂ ਨਦੀਆਂ ਵਿੱਚ ਇਸ਼ਨਾਨ ਕਰਨ ਨਾਲ਼ ਮਨ ਦੀ ਪਵਿੱਤ੍ਰਾ ਪ੍ਰਾਪਤ ਕਰਨੀ । ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ ਕਿ ਤੀਰਥ ਇਸ਼ਨਾਨ ਨਾਲ਼ ਮਨ ਦੀ ਪਵਿੱਤ੍ਰਤਾ ਨਹੀਂ ਹੌ ਸਕਦੀ ਪਰ ਸ਼ਰੀਰ ਨੂੰ ਲੱਗੀ ਮੈਲ਼ ਦੂਰ ਹੋ ਸਕਦੀ ਹੈ । ‘ਸੋਚੈ’ ਸ਼ਬਦ ਦਾ ਅਰਥ ਸੋਚਣਾ ਬਿਲਕੁਲ ਨਹੀਂ ਹੈ । ‘ਸੋਚ’ ਅਤੇ ‘ਸ਼ੋਚ’ ਦੋ ਵੱਖਰੇ-ਵੱਖਰੇ ਸ਼ਬਦ ਹਨ । ਪਹਿਲੇ ਦਾ ਅਰਥ ਹੈ ‘ਸੋਚ-ਵਿਚਾਰ ਕਰਨੀ’ ਅਤੇ ਦੂਜੇ ਦਾ ਅਰਥ ਹੈ ‘ਤੀਰਥ ਇਸ਼ਨਾਨ’ ।
2). ਭਰੀਐ ਹਥੁ ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥ ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ ਧੋਇ॥ ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥ {ਗਗਸ ੪}
ਵਿਚਾਰ: ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ- ਪਾਣੀ ਨਾਲ਼ ਸ਼ਰੀਰ ਨੂੰ ਲੱਗੀ ਮਿੱਟੀ ਲਾਹੀ ਜਾ ਸਕਦੀ ਹੈ ਅਤੇ ਸਾਬਣ ਵਰਤ ਕੇ ਕੱਪੜੇ ਵੀ ਪਾਣੀ ਨਾਲ਼ ਧੋਤੇ ਜਾ ਸਕਦੇ ਹਨ ਪਰ ਮਨ ਨਾ ਤਾਂ ਪਾਣੀ ਨਾਲ਼ ਅਤੇ ਨਾ ਹੀ ਸਾਬਣ ਅਤੇ ਪਾਣੀ ਨਾਲ਼ ਧੋਤਾ ਜਾ ਸਕਦਾ ਹੈ । ਤੀਰਥਾਂ ਦਾ ਪਾਣੀ, ਗੁਰੂ ਜੀ ਕਹਿੰਦੇ ਹਨ, ਮਨ ਦੀ ਮੈਲ਼ ਦੂਰ ਨਹੀਂ ਕਰ ਸਕਦਾ । ਮਨ ਵਿੱਚ ਉੱਠਦੇ ਪਾਪਾ ਦੇ ਫ਼ੁਰਨੇ ਸੂਕਸ਼ਮ ਹਨ ਜਿਨ੍ਹਾਂ ਨੂੰ ਸੂਕਸ਼ਮ ਰੱਬੀ ਰੰਗ ਨਾਲ਼ ਹੀ ਦੂਰ ਕੀਤਾ ਜਾ ਸਕਦਾ ਹੈ, ਪਾਣੀ ਨਾਲ਼ ਨਹੀਂ, ਕਿਉਂਕਿ ਪਾਣੀ ਇਨ੍ਹਾਂ ਸੂਕਸ਼ਮ ਫ਼ੁਰਨਿਆਂ ਤਕ ਨਹੀਂ ਪਹੁੰਚਦਾ ।
3). ਸੁਣਿਆ ਮੰਨਿਆ ਮਨਿ ਕੀਤਾ ਭਾਉ॥ ਅੰਤਰਗਤਿ ਤੀਰਥਿ ਮਲਿ ਨਾਉ॥ {ਗਗਸ ੪}
ਵਿਚਾਰ: ਗੁਰੂ ਦਾ ਉਪਦੇਸ਼ ਬਾਣੀ ਰਾਹੀਂ ਸੁਣ ਕੇ ਉਸ ਨੂੰ ਜੀਵਨ ਵਿੱਚ ਲਾਗੂ ਕਰ ਲੈਣਾ ਹੀ ਕਾਇਆ ਵਿੱਚਲੇ ਤੀਰਥ ਉੱਤੇ ਮਲ਼ ਮਲ਼ ਕੇ ਨਹਾ ਲੈਣ ਦੇ ਬਰਾਬਰ ਹੈ ਜਿਸ ਨਾਲ਼ ਬਾਹਰੀ ਕਿਸੇ ਤੀਰਥ ਉੱਤੇ ਮਨ ਦੀ ਪਵਿੱਤ੍ਰਤਾ ਲਈ ਜਾਣ ਦੀ ਲੋੜ ਨਹੀਂ ਰਹਿੰਦੀ ।
4). ਕਾਇਆ ਵਿੱਚ ਕਿਹੜਾ ਤੀਰਥ ਹੈ?
ਰਸਨਾ ਹਰਿ ਰਸੁ ਪੀਜੈ ਅੰਤਰੁ ਭੀਜੈ ਸਾਚ ਸਬਦਿ ਬੀਚਾਰੀ॥ ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ॥ {ਗਗਸ ੫੭੦/੧੮}
ਸੰਖੇਪ ਅਰਥ: ਅੰਤਰਿ—ਅੰਦਰ, ਮਨ ਵਿਚ । ਖੂਹਟਾ—ਸੋਹਣਾ ਜਿਹਾ ਖੂਹ, ਚਸ਼ਮਾ । ਅੰਮ੍ਰਿਤਿ— {ਕਰਣ ਕਾਰਕ, ਸਿਹਾਰੀ ਅੰਤਕ ਹੋਣ ਕਰ ਕੇ} ਅੰਮ੍ਰਿਤ ਨਾਲ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ । ਪੀਐ—ਪੀਂਦੀ ਹੈ । ਪਨਿਹਾਰੀ—ਪਾਣੀ ਭਰਨ ਵਾਲੀ ।
ਵਿਸਥਾਰ: ਜੀਭ ਨਾਲ ਹਰਿ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਹਿਰਦਾ ਤਰੋ-ਤਰ ਹੋ ਜਾਂਦਾ ਹੈ, ਅਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਨਾਲ ਵਿਚਾਰ-ਵਾਨ ਹੋ ਜਾਂਦਾ ਹੈ । ਹੇ ਭਾਈ! ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਰਿਆ ਹੋਇਆ ਚਸ਼ਮਾ ਮਨੁੱਖ ਦੇ ਅੰਦਰ ਹੀ ਹੈ, ਜਿਸ ਮਨੁੱਖ ਦੀ ਸੁਰਤਿ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਜਲ ਭਰਨਾ ਜਾਣਦੀ ਹੈ ਉਹ ਮਨੁੱਖ (ਅੰਦਰਲੇ ਚਸ਼ਮੇ ਵਿਚੋਂ ਨਾਮ-ਜਲ) ਕੱਢ ਕੇ ਪੀਂਦਾ ਰਹਿੰਦਾ ਹੈ ।
5). ਕਾਇਆ ਅੰਦਰ ਕਿਹੜਾ ਤੀਰਥ-ਦਰਿਆ ਵਗ ਰਿਹਾ ਹੈ?
ਅਸਮਾਨ ਮਿ´ਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ॥ ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ॥੩॥
ਸੰਖੇਪ ਅਰਥ: ਅਸਮਾਨ—ਅਕਾਸ਼, ਦਸਮ ਦੁਆਰ, ਅੰਤਹਕਰਨ, ਮਨ । ਮਿ´ਾਨੇ-ਮਿਆਨੇ, ਅੰਦਰ । ਲਹੰਗ—ਲੰਘਦਾ ਹੈ, ਵਗਦਾ ਹੈ । ਦਰੀਆ—(ਸਰਬ-ਵਿਆਪਕ ਪ੍ਰਭੂ-ਰੂਪ) ਨਦੀ । ਗੁਸਲ—ਇਸ਼ਨਾਨ । ਕਰਦਨ ਬੂਦ— {ਕਰਦਨੀ ਬੂਦ} ਕਰਨਾ ਚਾਹੀਦਾ ਸੀ । ਫਕਰੁ—ਫ਼ਕੀਰੀ, ਬੰਦਗੀ ਵਾਲਾ ਜੀਵਨ । ਚਸਮੇ—ਐਨਕਾਂ । ਜਹ ਤਹਾ—ਹਰ ਥਾਂ ।੩।
ਵਿਸਥਾਰ: ਉਹ ਪ੍ਰਭੂ-ਰੂਪ ਦਰਿਆ ਤੇ ਅੰਤਹਕਰਨ ਵਿਚ ਨਾਮ ਰੂਪੀ ਲਹਿਰਾਂ ਮਾਰ ਰਿਹਾ ਹੈ। ਪ੍ਰਾਣੀ! ਤੂੰ ਤਾਂ ਉਸ ਵਿਚ ਇਸ਼ਨਾਨ ਕਰਨਾ ਸੀ । ਸੋ, ਉਸ ਦੀ ਸਦਾ ਬੰਦਗੀ ਕਰ ਅਤੇ ਬੰਦਗੀ ਦੀ ਐਨਕ ਲਾ (ਕੇ ਵੇਖ), ਉਹ ਹਰ ਥਾਂ ਮੌਜੂਦ ਹੈ, ਬਾਹਰ ਕਿਸੇ ਤੀਰਥ ਉੱਤੇ ਇਸ਼ਨਾਨ ਦੀ ਲੋੜ ਨਹੀਂ ਹੈ ।।੩।
6). ਸਤਿਗੁਰੂ ਹੀ ਪੂਰਾ ਤੀਰਥ ਹੈ ।
ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਇ॥
ਓਹੁ ਆਪਿ ਛੁਟਾ ਕੁਟੰਬ ਸਿਉ ਦੇ ਹਰਿ ਹਰਿ ਨਾਮੁ ਸਭ ਸ੍ਰਿਸਟਿ ਛਡਾਏ॥ – {ਗਗਸ ਪੰਨਾਂ ੧੪੦}
7). ਗੁਰੂ ਹੀ ਤੀਰਥ ਹੈ ਜਿਸ ਦੇ ਬਰਾਬਰ ਦਾ ਦੁਨੀਆਂ ਉੱਤੇ ਕੋਈ ਤੀਰਥ ਨਹੀਂ ਹੈ:
ਪ੍ਰਭਾਤੀ ਮਹਲਾ ੧॥ ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ॥ ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸੁ ਖੋਜਿ ਲਹੈ ॥੧॥ ਗੁਰ ਸਮਾਨਿ ਤੀਰਥੁ ਨਹੀ ਕੋਇ॥ ਸਰੁ ਸੰਤੋਖੁ ਤਾਸੁ ਗੁਰੁ ਹੋਇ ॥੧॥ ਰਹਾਉ॥ ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ ॥ ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ ॥੨॥ {ਗਗਸ ੧੩੨੮-੨੯}
ਸੰਖੇਪ ਅਰਥ: ਅੰਮ੍ਰਿਤੁ—ਅਟਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ । ਨੀਰੁ—ਪਾਣੀ । ਗਿਆਨਿ—ਗਿਆਨ ਵਿਚ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿਚ । ਮਜਨੁ—ਚੁੱਭੀ, ਇਸ਼ਨਾਨ । ਅਠਸਠਿ—ਅਠਾਹਠ । ਸੰਗਿ—ਨਾਲ ਹੀ, ਗੁਰੂ-ਤੀਰਥ ਦੇ ਨਾਲ ਹੀ । ਗਹੇ—ਮਿਲ ਜਾਂਦੇ ਹਨ । ਉਪਦੇਸਿ—ਉਪਦੇਸ ਵਿਚ । ਸੁ— ਉਹ (ਸਿੱਖ) (ਨੋਟ:- ਅਸਲ ਲਫ਼ਜ਼ ਹੈ ‘ਸੋ’, ਪਰ ਇਥੇ ਪੜ੍ਹਨਾ ਹੈ ‘ਸੁ’) । ਲਹੈ—ਲੱਭ ਲੈਂਦਾ ਹੈ । ਖੋਜਿ—ਖੋਜ ਕੇ ।੨। ਸਮਾਨਿ—ਵਰਗਾ, ਬਰਾਬਰ ਦਾ । ਸਰੁ—ਤਾਲਾਬ । ਤਾਸੁ—ਉਹੀ ।੧।ਰਹਾਉ। ਨਿਰਮਲੁ—ਮਲ-ਰਹਿਤ, ਸਾਫ਼ । ਦੁਰਮਤਿ—ਭੈੜੀ ਅਕਲ । ਹਰੈ—ਦੂਰ ਕਰਦਾ ਹੈ । ਸਤਿਗੁਰਿ ਪਾਇਐ— ਜੋ ਸਤਿਗੁਰੂ ਮਿਲ ਪਏ । ਨਾਵਣੁ—ਇਸ਼ਨਾਨ । ਪਰੇਤਹੁ—ਪਰੇਤਾਂ ਤੋਂ । ਕਰੈ—ਬਣਾ ਦੇਂਦਾ ਹੈ ।੨।
ਵਿਸਥਾਰ: ਗੁਰੂ ਦੇ ਬਰਾਬਰ ਦਾ ਦੁਨੀਆਂ ਵਿੱਚ ਹੋਰ ਕੋਈ ਤੀਰਥ ਨਹੀਂ ਹੈ । ਉਹ ਗੁਰੂ ਹੀ ਸੰਤੋਖ-ਰੂਪ ਸਰੋਵਰ ਹੈ ।੧।ਰਹਾਉ। (ਗੁਰੂ ਤੋਂ ਮਿਲਣ ਵਾਲਾ) ਪ੍ਰਭੂ-ਨਾਮ (ਗੁਰੂ-ਤੀਰਥ ਦਾ) ਜਲ ਹੈ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿਚ ਮਨ ਦੀ ਚੁੱਭੀ (ਉਸ ਗੁਰ-ਤੀਰਥ ਦਾ) ਇਸ਼ਨਾਨ ਹੈ, (ਗੁਰੂ-ਤੀਰਥ ਦੇ) ਨਾਲ ਹੀ ਅਠਾਹਠ ਤੀਰਥ (ਦੇ ਇਸ਼ਨਾਨ) ਮਿਲ ਜਾਂਦੇ ਹਨ । ਗੁਰੂ ਦੇ ਉਪਦੇਸ਼ (-ਰੂਪ ਡੂੰਘੇ ਪਾਣੀਆਂ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਮੋਤੀ ਤੇ ਜਵਾਹਰ ਹਨ । ਜੇਹੜਾ ਸਿੱਖ (ਗੁਰੂ-ਤੀਰਥ ਨੂੰ) ਸੇਂਵਦਾ ਹੈ (ਸਰਧਾ ਨਾਲ ਆਉਂਦਾ ਹੈ) ਉਹ ਭਾਲ ਕਰ ਕੇ ਲੱਭ ਲੈਂਦਾ ਹੈ ।੧। ਗੁਰੂ ਇਕ (ਐਸਾ) ਦਰਿਆ ਹੈ ਜਿਸ ਪਾਸੋਂ ਮਿਲਦਾ ਨਾਮ-ਅੰਮ੍ਰਿਤ ਉਸ ਦਰਿਆ ਵਿਚ (ਐਸਾ) ਜਲ ਹੈ ਜੋ ਸਦਾ ਹੀ ਸਾਫ਼ ਰਹਿੰਦਾ ਹੈ, ਜਿਸ ਮਨੁੱਖ ਨੂੰ ਉਹ ਜਲ ਮਿਲਦਾ ਹੈ ਉਸ ਦੀ ਖੋਟੀ ਮਤਿ ਦੀ ਮੈਲ ਦੂਰ ਕਰ ਦੇਂਦਾ ਹੈ । ਜੇ ਗੁਰੂ ਮਿਲ ਪਏ ਤਾਂ (ਉਸ ਗੁਰੂ-ਦਰਿਆ ਵਿਚ ਕੀਤਾ ਇਸ਼ਨਾਨ) ਸਫਲ ਇਸ਼ਨਾਨ ਹੁੰਦਾ ਹੈ, ਗੁਰੂ ਪਸ਼ੂਆਂ ਤੋਂ ਪਰੇਤਾਂ ਤੋਂ ਚੰਗੇ ਆਤਮਕ ਗੁਣਾਂ ਵਾਲ਼ੇ ਇਨਸਾਨ ਬਣਾ ਦੇਂਦਾ ਹੈ ।੨।
8). ਧਨਾਸਰੀ ਮਹਲਾ ੧ ਛੰਤ < ਸਤਿਗੁਰ ਪ੍ਰਸਾਦਿ ॥ ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥ ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥ ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥ ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥੧॥ {ਗਗਸ ਪੰਨਾਂ ੬੮੭}
ਸੰਖੇਪ ਅਰਥ: ਤੀਰਥਿ—ਤੀਰਥ ਉਤੇ । ਜਾਉ—ਮੈਂ ਜਾਂਦਾ ਹਾਂ । ਸਬਦ ਬੀਚਾਰੁ—ਸ਼ਬਦ ਦੀ ਵਿਚਾਰ । ਅੰਤਰਿ—ਅੰਦਰ, ਮਨ ਵਿਚ ।ਗਿਆਨੁ—ਪਰਮਾਤਮਾ ਨਾਲ ਜਾਣ-ਪਛਾਣ । ਸਾਚਾ—ਸਦਾ-ਥਿਰ ਰਹਿਣ ਵਾਲਾ । ਦਸ ਪੁਰਬ—ਦਸ ਪਵਿਤ੍ਰ ਦਿਹਾੜੇ {ਮੱਸਿਆ, ਸੰਗ੍ਰਾਂਦ, ਪੂਰਨਮਾਸੀ, ਚਾਨਣਾ ਐਤਵਾਰ, ਸੂਰਜ ਗ੍ਰਹਣ, ਚੰਦ ਗ੍ਰਹਣ, ਦੋ ਅਸ਼ਟਮੀਆਂ, ਦੋ ਚੌਦੇਂ} । ਦਸਾਹਰਾ—ਦਸ ਪਾਪ ਹਰਨ ਵਾਲਾ ਦਿਨ, ਜੇਠ ਸੁਦੀ ਦਸਮੀ, ਗੰਗਾ ਦਾ ਜਨਮ ਦਿਨ । ਹਉ—ਮੈਂ । ਜਾਚਉ—ਮੰਗਦਾ ਹਾਂ । ਧਰਣੀਧਰਾ—{ਧਰਣੀ—ਧਰਤੀ । ਧਰ—ਆਸਰਾ} ਹੇ ਧਰਤੀ ਦੇ ਆਸਰੇ ਪ੍ਰਭੂ! ਸਾਚੁ—ਸਦਾ-ਥਿਰ ਰਹਿਣ ਵਾਲਾ । ਮਜਨਾ—ਇਸ਼ਨਾਨ ।੧
ਵਿਸਥਾਰ: ਅਰਥ:- ਮੈਂ (ਭੀ) ਤੀਰਥ ਉਤੇ ਇਸ਼ਨਾਨ ਕਰਨ ਜਾਂਦਾ ਹਾਂ (ਪਰ ਮੇਰੇ ਵਾਸਤੇ ਪਰਮਾਤਮਾ ਦਾ) ਨਾਮ (ਹੀ) ਤੀਰਥ ਹੈ । ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਟਿਕਾਣਾ (ਮੇਰੇ ਵਾਸਤੇ) ਤੀਰਥ ਹੈ (ਕਿਉਂਕਿ ਇਸ ਦੀ ਬਰਕਤਿ ਨਾਲ) ਮੇਰੇ ਅੰਦਰ ਪਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ । ਸਤਿਗੁਰੂ ਦਾ ਬਖ਼ਸ਼ਿਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ-ਅਸਥਾਨ ਹੈ, ਮੇਰੇ ਵਾਸਤੇ ਦਸ ਪਵਿਤ੍ਰ ਦਿਹਾੜੇ ਹੈ, ਮੇਰੇ ਵਾਸਤੇ ਗੰਗਾ ਦਾ ਜਨਮ-ਦਿਨ ਹੈ ।ਸਤਿਗੁਰੂ ਦਾ ਬਖ਼ਸ਼ਿਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ-ਅਸਥਾਨ ਹੈ, ਮੇਰੇ ਵਾਸਤੇ ਦਸ ਪਵਿਤ੍ਰ ਦਿਹਾੜੇ ਹੈ, ਮੇਰੇ ਵਾਸਤੇ ਗੰਗਾ ਦਾ ਜਨਮ-ਦਿਨ ਹੈ । ਮੈਂ ਤਾਂ ਸਦਾ ਪ੍ਰਭੂ ਦਾ ਨਾਮ ਹੀ ਮੰਗਦਾ ਹਾਂ ਤੇ (ਅਰਦਾਸ ਕਰਦਾ ਹਾਂ—) ਹੇ ਧਰਤੀ ਦੇ ਆਸਰੇ ਪ੍ਰਭੂ! (ਮੈਨੂੰ ਆਪਣਾ ਨਾਮ) ਦੇਹ । ਜਗਤ (ਵਿਕਾਰਾਂ ਵਿਚ) ਰੋਗੀ ਹੋਇਆ ਪਿਆ ਹੈ,
ਪਰਮਾਤਮਾ ਦਾ ਨਾਮ (ਇਹਨਾਂ ਰੋਗਾਂ ਦਾ) ਇਲਾਜ ਹੈ । ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ (ਮਨ ਨੂੰ ਵਿਕਾਰਾਂ ਦੀ) ਮੈਲ ਲੱਗ ਜਾਂਦੀ ਹੈ । ਗੁਰੂ ਦਾ ਪਵਿਤ੍ਰ ਸ਼ਬਦ (ਮਨੁੱਖ ਨੂੰ) ਸਦਾ (ਆਤਮਕ) ਚਾਨਣ (ਦੇਂਦਾ ਹੈ, ਇਹੀ) ਨਿੱਤ ਸਦਾ ਕਾਇਮ ਰਹਿਣ ਵਾਲਾ ਤੀਰਥ ਹੈ, ਇਹੀ ਤੀਰਥ-ਇਸ਼ਨਾਨ ਹੈ ।੧।
9). ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ॥
ਕਹੁ ਕਬੀਰ ਛੂਟਨ ਨਹੀਂ ਮਨ ਬਉਰਾ ਰੇ ਛੂਟਨ ਹਰਿ ਕੀ ਸੇਵ॥ {ਗਗਸ ਪੰਨਾਂ ੩੩੬/੫}
10). ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥
ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ॥ {ਗਗਸ ਪੰਨਾਂ ੪੮੪/੧੬}
11). ਮਨ ਕਾਮਨਾ ਤੀਰਥ ਦੇਹ ਛੁਟੈ ॥ ਗਰਬੁ ਗੁਮਾਨੁ ਨ ਮਨ ਤੇ ਹੁਟੈ ॥ ਸੋਚ ਕਰੈ ਦਿਨਸੁ ਅਰੁ ਰਾਤਿ ॥ ਮਨ ਕੀ ਮੈਲੁ ਨ ਤਨ ਤੇ ਜਾਤਿ ॥ ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥ ਮਨ ਤੇ ਕਬਹੂ ਨ ਬਿਖਿਆ ਟਰੈ ॥ ਜਲਿ ਧੋਵੈ ਬਹੁ ਦੇਹ ਅਨੀਤਿ ॥ ਸੁਧ ਕਹਾ ਹੋਇ ਕਾਚੀ ਭੀਤਿ ॥ ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥ ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥੩॥ {ਗਗਸ ਪੰਨਾਂ ੨੬੫}
ਅਰਥ ਵਿਸਥਾਰ: (ਕਈ ਪ੍ਰਾਣੀਆਂ ਦੇ) ਮਨ ਦੀ ਇੱਛਾ (ਹੁੰਦੀ ਹੈ ਕਿ) ਤੀਰਥਾਂ ਤੇ (ਜਾ ਕੇ) ਸਰੀਰਕ ਚੋਲਾ ਛੱਡਿਆ ਜਾਏ, (ਪਰ ਇਸ ਤਰ੍ਹਾਂ ਭੀ) ਹਉਮੈ ਅਹੰਕਾਰ ਮਨ ਵਿਚੋਂ ਘਟਦਾ ਨਹੀਂ । (ਮਨੁੱਖ) ਦਿਨ ਤੇ ਰਾਤ (ਭਾਵ, ਸਦਾ) (ਤੀਰਥਾਂ ਤੇ) ਇਸ਼ਨਾਨ ਕਰੇ, (ਫੇਰ ਭੀ) ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ । (ਜੇ) ਇਸ ਸਰੀਰ ਨੂੰ (ਸਾਧਨ ਦੀ ਖ਼ਾਤਰ) ਕਈ ਜਤਨ ਭੀ ਕਰੇ, (ਤਾਂ ਭੀ) ਕਦੇ ਮਨ ਤੋਂ ਮਾਇਆ (ਦਾ ਪ੍ਰਭਾਵ) ਨਹੀਂ ਟਲਦਾ । (ਜੇ) ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਭੀ ਧੋਵੇ (ਤਾਂ ਭੀ ਇਹ ਸਰੀਰ ਰੂਪੀ) ਕੱਚੀ ਕੰਧ ਕਿਥੇ ਪਵਿਤ੍ਰ ਹੋ ਸਕਦੀ ਹੈ? ਹੇ ਮਨ! ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ । ਹੇ ਨਾਨਕ! ਨਾਮ ਦੀ ਬਰਕਤਿ ਨਾਲ ਅਣਗਿਣਤ ਮੰਦ-ਕਰਮੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ ।੩।
12). ਤੀਰਥ ਆਪ ਅਪਵਿੱਤ੍ਰ ਹਨ ਅਤੇ ਸ਼ਰਧਾਲੂਆਂ ਨੂੰ ਪਵਿੱਤ੍ਰ ਨਹੀਂ ਕਰ ਸਕਦੇ:
ਦੇਖੋ ਅਤੇ ਵਿਚਾਰੌ ਇਹ ਪਾਵਨ ਸ਼ਬਦ-
ਮਲਾਰ ਮਹਲਾ ੪ ॥ ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ ॥ ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥੧॥ ਤੀਰਥਿ ਅਠਸਠਿ ਮਜਨੁ ਨਾਈ ॥ ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ ॥੧॥ ਰਹਾਉ ॥ ਜਾਹਰਨਵੀ ਤਪੈ ਭਾਗੀਰਥਿ ਆਣੀ ਕੇਦਾਰੁ ਥਾਪਿਓ ਮਹਸਾਈ ॥ ਕਾਂਸੀ ਕ੍ਰਿਸਨੁ ਚਰਾਵਤ ਗਾਊ ਮਿਲਿ ਹਰਿ ਜਨ ਸੋਭਾ ਪਾਈ ॥੨॥ ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ ॥ ਹਰਿ ਕਾ ਸੰਤੁ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰਿ ਮੁਖਿ ਲਾਈ ॥੩॥ ਜਿਤਨੀ ਸ੍ਰਿਸਟਿ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰਿ ਸਾਧੂ ਕੀ ਤਾਈ ॥ ਨਾਨਕ ਲਿਲਾਟਿ ਹੋਵੈ ਜਿਸੁ ਲਿਖਿਆ ਤਿਸੁ ਸਾਧੂ ਧੂਰਿ ਦੇ ਹਰਿ ਪਾਰਿ ਲੰਘਾਈ ॥੪॥੨॥ {ਗਗਸ ਪੰਨਾਂ ੧੨੬੩}
ਸੰਖੇਪ ਅਰਥ: ਤੇ—ਇਹ ਸਾਰੇ (ਬਹੁ-ਵਚਨ) । ਕਰਹਿ—ਕਰਦੇ ਹਨ, ਕਰਦੀਆਂ ਹਨ (ਬਹੁ-ਵਚਨ) । ਕੀ ਤਾਈ—ਕੀ ਤਾਈਂ, ਦੀ ਖ਼ਾਤਰ, ਪ੍ਰਾਪਤ ਕਰਨ ਵਾਸਤੇ । ਕਿਲਵਿਖ—ਪਾਪ । ਕਿਲਵਖਿ ਮੈਲੁ ਭਰੇ—ਪਾਪਾਂ ਦੀ ਮੈਲ ਨਾਲ ਲਿਬੜੇ ਹੋਏ (ਜੀਵ) ।੧। ਤੀਰਥਿ—ਤੀਰਥ ਉੱਤੇ, ਤੀਰਥ ਵਿਚ । ਨਾਈ—ਵਡਿਆਈ, ਸਿਫ਼ਤਿ-ਸਾਲਾਹ । ਮਜਨੁ—ਇਸ਼ਨਾਨ । ਤੀਰਥਿ ਨਾਈ—ਸਿਫ਼ਤਿ-ਸਾਲਾਹ ਦੇ ਤੀਰਥ ਵਿਚ । ਤੀਰਥਿ ਮਜਨੁ ਨਾਈ—ਸਿਫ਼ਤਿ-ਸਾਲਾਹ ਦੇ ਤੀਰਥ ਵਿਚ (ਆਤਮਕ) ਇਸ਼ਨਾਨ । ਅਠਸਠਿ ਮਜਨੁ—ਅਠਾਹਠ (ਤੀਰਥਾਂ) ਦਾ ਇਸ਼ਨਾਨ । ਪਰੀ—ਪਈ, ਪੈਂਦੀ ਹੈ । ਉਡਿ—ਉੱਡ ਕੇ । ਨੇਤ੍ਰੀ—ਅੱਖਾਂ ਵਿਚ ।੧।ਰਹਾਉ। ਜਾਹਰਨਵੀ—ਗੰਗਾ । ਤਪੈ—ਤਪੇ ਨੇ । ਤਪੈ ਭਾਗੀਰਥਿ—ਭਾਗੀਰਥ ਤਪੇ ਨੇ । ਆਣੀ—ਲਿਆਂਦੀ । ਮਹਸਾਈ—ਮਹੇਸ਼ ਨੇ, ਸ਼ਿਵ ਨੇ । ਮਿਲਿ—ਮਿਲ ਕੇ ।੨। ਦੇਵੀ—ਦੇਵੀਂ, ਦੇਵਤਿਆਂ ਨੇ । ਸਭਿ—ਸਾਰੇ (ਬਹੁ-ਵਚਨ) । ਲੋਚਹਿ—ਲੋਚਦੇ ਹਨ (ਬਹੁ-ਵਚਨ) । ਤਿਸ ਕੀ—ਸੰਬੰਧਕ ‘ਕੀ’ ਦੇ ਕਾਰਨ ਲਫ਼ਜ਼ ‘ਤਿਸੁ’ ਦਾ ੁ ਉੱਡ ਗਿਆ ਹੈ) । ਮੁਖਿ—ਮੂੰਹ ਉੱਤੇ ।੩। ਸੁਆਮੀ—ਹੇ ਸੁਆਮੀ! ਲੋਚੈ—ਲੋਚਦੀ ਹੈ (ਇਕ-ਵਚਨ) । ਜਿਸੁ ਲਿਲਾਟਿ—ਜਿਸ (ਮਨੁੱਖ) ਦੇ ਮੱਥੇ ਉੱਤੇ । ਦੇ—ਦੇ ਕੇ ।੪।
ਵਿਸਥਾਰ: ਹੇ ਭਾਈ! (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਦੇ ਤੀਰਥ ਵਿਚ (ਕੀਤਾ ਹੋਇਆ ਆਤਮਕ) ਇਸ਼ਨਾਨ (ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ । ਜਿਸ ਮਨੁੱਖ ਦੀਆਂ ਅੱਖਾਂ ਵਿਚ ਸਾਧ ਸੰਗਤਿ ਦੇ ਚਰਨਾਂ ਦੀ ਧੂੜ ਉੱਡ ਕੇ ਪੈਂਦੀ ਹੈ (ਉਹ ਧੂੜ ਉਸ ਦੇ ਅੰਦਰੋਂ) ਵਿਕਾਰਾਂ ਦੀ ਸਾਰੀ ਮੈਲ ਦੂਰ ਕਰ ਦੇਂਦੀ ਹੈ ।੧।ਰਹਾਉ। ਹੇ ਭਾਈ! ਗੰਗਾ, ਜਮਨਾ, ਗੋਦਾਵਰੀ, ਸਰਸ੍ਵਤੀ (ਆਦਿਕ ਪਵਿੱਤਰ ਨਦੀਆਂ) ਇਹ ਸਾਰੀਆਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਹਾਸਲ ਕਰਨ ਲਈ ਜਤਨ ਕਰਦੀਆਂ ਰਹਿੰਦੀਆਂ ਹਨ । (ਇਹ ਨਦੀਆਂ ਆਖਦੀਆਂ ਹਨ ਕਿ) (ਅਨੇਕਾਂ)
ਵਿਕਾਰਾਂ ਦੀ ਮੈਲ ਨਾਲ ਲਿਬੜੇ ਹੋਏ (ਜੀਵ) (ਸਾਡੇ ਵਿਚ (ਆ ਕੇ) ਚੁੱਭੀਆਂ ਲਾਂਦੇ ਹਨ (ਉਹ ਆਪਣੀ ਮੈਲ ਸਾਨੂੰ ਦੇ ਜਾਂਦੇ ਹਨ) ਸਾਡੀ ਉਹ ਮੈਲ ਸੰਤ-ਜਨਾਂ ਦੇ ਚਰਨਾਂ ਦੀ ਧੂੜ ਦੂਰ ਕਰਦੀ ਹੈ ।੧। ਹੇ ਭਾਈ! ਗੰਗਾ ਨੂੰ ਭਾਗੀਰਥ ਤਪੇ ਨੇ (ਸ੍ਵਰਗਾਂ ਵਿਚੋਂ) ਲਿਆਂਦਾ, ਸ਼ਿਵ ਜੀ ਨੇ ਕੇਦਾਰ ਤੀਰਥ ਅਸਥਾਪਨ ਕੀਤਾ, ਕਾਂਸ਼ੀ (ਸ਼ਿਵ ਦੀ ਨਗਰੀ), (ਬਿੰਦ੍ਰਾਬਨ ਜਿੱਥੇ) ਕ੍ਰਿਸ਼ਨ ਗਾਈਆਂ ਚਾਰਦਾ ਰਿਹਾ—ਇਹਨਾਂ ਸਭਨਾਂ ਨੇ ਹਰੀ ਦੇ ਭਗਤਾਂ ਨੂੰ ਮਿਲ ਕੇ ਹੀ ਵਡਿਆਈ ਹਾਸਲ ਕੀਤੀ ਹੋਈ ਹੈ ।੨।
ਹੇ ਭਾਈ! ਦੇਵਤਿਆਂ ਨੇ ਜਿਤਨੇ ਭੀ ਤੀਰਥ ਅਸਥਾਪਨ ਕੀਤੇ ਹੋਏ ਹਨ, ਉਹ ਸਾਰੇ (ਤੀਰਥ) ਸੰਤ ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਘ ਕਰਦੇ ਰਹਿੰਦੇ ਹਨ । ਜਦੋਂ ਉਹਨਾਂ ਨੂੰ ਪਰਮਾਤਮਾ ਦਾ ਸੰਤ ਗੁਰੂ ਸਾਧੂ ਮਿਲਦਾ ਹੈ, ਉਹ ਉਸ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਂਦੇ ਹਨ ।੩। ਹੇ ਮੇਰੇ ਮਾਲਕ-ਪ੍ਰਭੂ! ਤੇਰੀ ਪੈਦਾ ਕੀਤੀ ਹੋਈ ਜਿਤਨੀ ਭੀ ਸ੍ਰਿਸ਼ਟੀ ਹੈ, ਉਹ ਸਾਰੀ ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਲਈ ਤਾਂਘ ਕਰਦੀ ਹੈ । ਹੇ ਨਾਨਕ! (ਆਖ—ਹੇ ਭਾਈ!) ਜਿਸ ਮਨੁੱਖ ਦੇ ਮੱਥੇ ਉੱਤੇ ਲੇਖ ਲਿਖਿਆ ਹੋਵੇ, ਪਰਮਾਤਮਾ ਉਸ ਨੂੰ ਗੁਰੂ-ਸਾਧੂ ਦੇ ਚਰਨਾਂ ਦੀ ਧੂੜ ਦੇ ਕੇ ਉਸ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ।੪।੨।
ਗੁਰਬਾਣੀ ਵਿੱਚ ਹੋਰ ਬਹੁਤ ਪ੍ਰਮਾਣ ਹਨ ਜੋ ਮਨ ਦੀ ਪਵਿੱਤ੍ਰਤਾ ਵਾਸਤੇ ਤੀਰਥ ਇਸ਼ਨਾਨ ਦੀ ਲੋੜ ਨਹੀਂ ਦੱਸਦੇ । ਹੁਣ ਵਿਚਾਰ ਕੀਤੀ ਜਾਵੇਗੀ ਕਿ ਤੀਰਥ ਸੱਭ ਤੋਂ ਵੱਡਾ ਹੈ ਕਿ ਤੀਰਥ ਨੂ ਪੈਦਾ ਕਰਨ ਵਾਲ਼ਾ । ਤੀਰਥ ਨੂੰ ਪੈਦਾ ਕਰਨ ਵਾਲ਼ੇ ਦੇ ਉਪਦੇਸ਼ਾਂ ਨੂੰ ਅਮਲ ਵਿੱਚ ਨਾ ਲਿਆ ਕੇ ਕੇਵਲ ਇਮਾਰਤਾਂ ਦੇ ਦਰਸ਼ਨ ਨਾਲ਼ ਹੀ ਜੁੜਨ ਨਾਲ਼ ਕੀ ਤੀਰਥ ਪੈਦਾ ਕਰਨ ਵਾਲ਼ੇ ਦੀ ਨਿਰਾਦਰੀ ਨਹੀਂ?
ਵਿਚਾਰ ਅਧੀਨ, ਇਸ ਲੇਖ ਦੇ ਸਿਰਲੇਖ ਵਿੱਚ ਲਿਖੀ ਤੁਕ, ਭਗਤ ਕਬੀਰ ਜੀ ਦੇ ਲਿਖੇ ਗਉੜੀ ਰਾਗ ਦੇ ਸ਼ਬਦ ਵਿੱਚੋਂ ਹੈ । ਪੂਰਾ ਸਬਦ ਇਉਂ ਹੈ-
ਗਉੜੀ॥
ਝਗਰਾ ਏਕੁ ਨਿਬੇਰਹੁ ਰਾਮ॥
ਜਉ ਤੁਮ ਅਪਨੇ ਜਨ ਸੌ ਕਾਮੁ॥੧॥ ਰਹਾਉ॥
ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ॥
ਰਾਮੁ ਬਡਾ ਕੈ ਰਾਮਹਿ ਜਾਨਿਆ॥੧॥
ਬ੍ਰਹਮਾ ਬਡਾ ਕਿ ਜਾਸੁ ਉਪਾਇਆ॥
ਬੇਦੁ ਬਡਾ ਕਿ ਜਹਾਂ ਤੇ ਆਇਆ॥੨॥
ਕਹਿ ਕਬੀਰ ਹਉ ਭਇਆ ਉਦਾਸੁ॥
ਤੀਰਥੁ ਬਡਾ ਕਿ ਹਰਿ ਕਾ ਦਾਸੁ॥੩॥੪੨॥– {ਗਗਸ ਪੰਨਾਂ ੩੩੧}
ਸੰਖੇਪ ਅਰਥ: ਝਗਰਾ—ਮਨ ਵਿਚ ਪੈ ਰਿਹਾ ਝਗੜਾ, ਸ਼ੰਕਾ । ਰਾਮ—ਹੇ ਹਰ ਥਾਂ ਰਮੇ ਹੋਏ ਰਾਮ!ਪ੍ਰਭੂ! ਜਉ—ਜੇ । ਜਨ—ਸੇਵਕ । ਸੌ {ਸਿਉਂ)—ਨਾਲ । ਕਾਮੁ—ਕੰਮ ।੧।ਰਹਾਉ। ਬਡਾ—ਵੱਡਾ, ਸਤਕਾਰ-ਜੋਗ । ਕਿ—ਜਾਂ । ਜਾ ਸਉ {ਸਿਉਂ}—ਜਿਸ (ਪ੍ਰਭੂ) ਨਾਲ । ਮਾਨਿਆ—ਮੰਨ ਗਿਆ ਹੈ, ਪਤੀਜ ਗਿਆ ਹੈ, ਟਿਕ ਗਿਆ ਹੈ । ਰਾਮੁ—ਪ੍ਰਭੂ । ਰਾਮਹਿ {ਸੰਪਰਦਾਨ ਕਾਰਕ}—ਪ੍ਰਭੂ ਨੂੰ । ਜਾਨਿਆ—(ਜਿਸ ਨੇ) ਪਛਾਣ ਲਿਆ ਹੈ । ਕੈ—ਜਾਂ ।੧।
ਬ੍ਰਹਮਾ—ਬ੍ਰਹਮਾ ਆਦਿਕ ਦੇਵਤੇ । ਜਾਸੁ—ਜਿਸ ਦਾ । ਉਪਾਇਆ—ਪੈਦਾ ਕੀਤਾ ਹੋਇਆ ।੨। ਕਹਿ—ਕਹੈ, ਆਖਦਾ ਹੈ । ਹਉ—ਮੈਂ । ਉਦਾਸੁ—ਦੁਚਿੱਤਾ (ੁਨਦeਚਦਿeਦ) । ਕਿ—ਜਾਂ । ਤੀਰਥੁ— ਧਰਮ-ਅਸਥਾਨ ।੩।੪੨।
ਵਿਚਾਰ ਵਿਸਥਾਰ: –
੧. ਸ਼ਬਦ ਦੀਆਂ ਪਹਿਲੀਆਂ ਦੋ ਤੁਕਾਂ, ਰਹਾਉ॥ ਤਕ:
ਭਗਤ ਕਬੀਰ ਜੀ ਬੇਨਤੀ ਕਰਦੇ ਹਨ- ਹੇ ਪ੍ਰਭੂ ਜੀ! ਦਾਸ ਆਪ ਜੀ ਦੇ ਸਿਮਰਨ ਨੂੰ ਤਿਆਗਣਾਂ ਨਹੀਂ ਚਾਹੁੰਦਾ ਪਰ ਮੇਰਾ ਇੱਕ ਸ਼ੰਕਾ ਜ਼ਰੂਰ ਦੂਰ ਕਰ ਦਿਓ । ਜੇ ਇਹ ਸ਼ੰਕਾ ਬਣਿਆ ਰਿਹਾ ਤਾਂ ਇਹ ਮੈਨੂੰ ਆਪ ਜੀ ਦੀ ਯਾਦ ਵਿੱਚ ਜੁੜਨ ਨਹੀਂ ਦੇਵੇਗਾ ਦ੍ਵੈਤ-ਭਾਵਨਾ ਬਣੀ ਰਹੇਗੀ । ਅਸਲ ਵਿੱਚ ਸਾਡੇ ਹੀ ਮਨਾ ਵਿੱਚ ਪੈਦਾ ਹੁੰਦੇ ਸ਼ੰਕਿਆਂ ਨੂੰ ਕਬੀਰ ਜੀ ਨੇ ਰਹੱਸਮਈ ਢੰਗ ਨਾਲ਼ ਦੂਰ ਕੀਤਾ ਹੈ । ਸ਼ੰਕੇ ਪ੍ਰਗਟ ਕਰਦੇ ਅਤੇ ਉੇੱਤਰ ਦਿੰਦੇ ਕਬੀਰ ਜੀ ਬਿਆਨ ਕਰਦੇ ਹਨ-
੨. ਤੁਕ ਨੰਬਰ ੩.
ਮਨ ਵੱਧ ਸ਼ਕਤੀ-ਸ਼ਾਲੀ ਹੈ ਕਿ ਰੱਬ, ਜਿਸ ਦੀ ਕਿਰਪਾ ਨਾਲ਼ ਮਨ ਪਤੀਜਦਾ ਹੈ ਤੇ ਭਟਕਣੋਂ ਹਟ ਜਾਂਦਾ ਹੈ? ਲਿਖਣ-ਸ਼ੈਲੀ ਤੋਂ ਉੱਤਰ ਸਪੱਸ਼ਟ ਹੈ ਕਿ ਮਨ ਨਾਲ਼ੋਂ ਰੱਬ ਵੱਡਾ ਅਤੇ ਸ਼ਕਤੀਸ਼ਾਲੀ ਹੈ । ਗੁਰਬਾਣੀ ਅਨੁਸਾਰ ਮਨ ਨਾਲੋਂ ਰੱਬ ਵੱਡਾ ਅਤੇ ਸ਼ਕਤੀਸ਼ਾਲੀ ਹੈ ਕਿਉਂਕਿ ਰੱਬ ਦੀ ਕਿਰਪਾ ਨਾ ਹੋਵੇ ਤਾਂ ਮਨ ਵਸ਼ ਵਿੱਚ ਨਹੀਂ ਆ ਸਕਦਾ, ਜਿਵੇਂ- ਸਲੋਕੁ ॥ ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ ॥ ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ ॥੧੦॥ {ਗਗਸ ੨੯੮} ਫਿਰਿਓ {ਫਿਰਿਓਂ, ਉੱਤਮ ਪੁਰਖ ਦੀ ਭੂਤ ਕਾਲ਼ ਦੀ ਕਿਰਿਆ} ਫਿਰਿਆ ਹਾਂ । ਦੇਖਉ {ਦੇਖਉਂ, ਉੱਤਮ ਪੁਰਖ ਦੀ ਵਰਤਮਾਨ ਕਿਰਿਆ} ਦੇਖਦਾ ਹਾਂ । ਦਸ ਦਿਸ- ਦਸਾਂ ਦਿਸ਼ਾਵਾਂ ਵਲ, ਹਰ ਥਾਂ ।
੩. ਤੁਕ ਨੰਬਰ ੪.
ਜਗਿਆਸੂ ਲਈ ਕੀ ਪ੍ਰਭੂ ਵੱਧ ਸਤਿਕਾਰ ਯੋਗ ਹੈ ਕਿ ਪ੍ਰਭੂ ਨੂੰ ਜਾਣਨ ਵਾਲ਼ਾ? ਉੱਤਰ- ਪ੍ਰਭੂ ਨੂੰ ਜਾਣਨ ਤੇ ਪਛਾਣਨ ਵਾਲ਼ਾ ਵੱਧ ਸਤਿਕਾਰ ਯੋਗ ਹੈ ਕਿਉਂਕਿ ਪ੍ਰਾਣੀ ਨੂੰ ਪ੍ਰਭੂ ਨੂੰ ਜਾਣਨ ਵਾਲ਼ੇ ਤੋਂ ਹੀ ਪ੍ਰਭੂ ਦਾ ਗਿਆਨ ਮਿਲ਼ਦਾ ਹੈ, ਸਿੱਧਾ ਪ੍ਰਭੂ ਤੋਂ ਨਹੀਂ । ਸਿੱਖ ਨੂੰ ਗੁਰੂ ਤੋਂ ਹੀ ਰੱਬੀ ਸੂਝ ਮਿਲ਼ਦੀ ਹੈ, ਸਿੱਧੀ ਰੱਬ ਤੋਂ ਨਹੀਂ । ਇਸ ਲਈ ਪ੍ਰਿਥਮ, ਸਿੱਖ ਗੁਰੂ ਨੂੰ ਯਾਦ ਕਰਦਾ ਹੈ ਕਿਸੇ ਦੁਰਗਾ ਦੇਵੀ ਭਗਉਤੀ ਅਦਿਕ ਦੇਵੀਆਂ ਨੂੰ ਨਹੀਂ ਜਿਨ੍ਹਾਂ ਨੂੰ ਕਈ ਸਿੱਖਾਂ ਨੇ ਆਪਣਾ ਰੱਬ ਵੀ ਬਣਾ ਰੱਖਿਆ ਹੈ । ਰੱਬ ਦੀ ਪੈਦਾ ਕੀਤੀ ਦੁਰਗਾ, ਭਗਵਤੀ, ਭਗਉਤੀ ਗੁਰਬਾਣੀ ਅਨੁਸਾਰ ਰੱਬ ਨਹੀਂ ਅਤੇ ਨਾ ਹੀ ਸਿੱਖ ਲਈ ਗੁਰੂ ਤੋਂ ਪਹਿਲਾਂ ਰੱਬ ਹੈ । ਗੁਰੂ ਪਹਿਲਾਂ ਹੈ ਅਤੇ ਰੱਬ ਪਿੱਛੋਂ ਹੈ ਕਿਉਂਕਿ ਗੁਰੂ ਤੋਂ ਹੀ ਰੱਬੀ ਗਿਆਨ ਦੀ ਸੂਝ-ਬੂਝ ਹੁੰਦੀ ਹੈ ।
੪. ਤੁਕ ਨੰਬਰ ੫.
ਬ੍ਰਹਮਾ ਵੱਡਾ ਹੈ ਕਿ ਜਿਸ ਦੇ ਹੁਕਮ ਨਾਲ਼ ਬ੍ਰਹਮਾ ਪੈਦਾ ਹੋਇਆ ਉਹ ਵੱਡਾ ਹੈ? ਉੱਤਰ ਹੈ- ਹæੁਕਮੀ ਹੀ ਵੱਡਾ ਹੈ, ਬ੍ਰਹਮਾ ਨਹੀਂ । ਜੋ ਵੀ ਦ੍ਰਿਸ਼ਟੀਮਾਨ ਜਗਤ ਹੈ ਉਹ ਰੱਬੀ ਹੁਕਮ ਵਿੱਚ ਹੀ ਹੋਂਦ ਵਿੱਚ ਆਇਆ ਹੈ ਅਤੇ ਬ੍ਰਹਮਾ ਵੀ ਇਸ ਜਗਤ ਦਾ ਅੰਸ਼ ਹੈ ਜੋ ਰੱਬ ਨਹੀਂ ਹੈ ।
ਗੁਰਬਾਣੀ ਅਨੁਸਾਰ ਬ੍ਰਹਮਾ ਰੱਬ ਦੇ ਹੁਕਮ ਨਾਲ਼ ਪੈਦਾ ਹੋਇਆ, ਜਿਵੇਂ- ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥ {ਗਗਸ ੯੨੯} ਸੰਖੇਪ ਅਰਥ: ਓਅੰਕਾਰਿ—ਓਅੰਕਾਰ ਤੋਂ । ਓਅੰਕਾਰੁ—{ਨੋਟ:- ‘ਕਾਰ’ ਸੰਸਕ੍ਰਿਤ ਦਾ ਇਕ ‘ਪਿਛੇਤਰ’ ਹੈ, ਇਸ ਦਾ ਅਰਥ ਹੈ ‘ਇਕ-ਰਸ, ਲਗਾਤਾਰ, ਵਿਆਪਕ’ ਜਿਵੇਂ ਲਫ਼ਜ਼ ‘ਧੁਨਿ’ ਦਾ ਅਰਥ ਹੈ “ਆਵਾਜ਼” ਤੇ, ਲਫ਼ਜ਼ ‘ਧੁਨਿਕਾਰ’ ਦਾ ਅਰਥ ਹੈ ‘ਇਕ-ਰਸ ਆਵਾਜ਼’} ਓਅੰ+ਕਾਰ, ਇਕ-ਰਸ ਓਅੰ, ਸਰਬ-ਵਿਆਪਕ ਓਅੰ, ਸਰਬ ਵਿਆਪਕ ਪਰਮਾਤਮਾ । ਉਤਪਤਿ—ਉਤਪੱਤੀ, ਪੈਦਾਇਸ਼, ਜਨਮ । ਬ੍ਰਹਮਾ ਉਤਪਤਿ—ਬ੍ਰਹਮਾ ਦੀ ਉਤਪੱਤੀ । ਜਿਨਿ—ਜਿਸ ਨੇ, ਜਿਸ ਬ੍ਰਹਮਾ ਨੇ । ਚਿਤਿ—ਚਿੱਤ ਵਿਚ । ਓਅੰਕਾਰੁ…ਚਿਤਿ—ਜਿਨਿ ਓਅੰਕਾਰੁ ਚਿਤਿ ਕੀਆ, ਜਿਸ ਬ੍ਰਹਮਾ ਨੇ ਸਰਬ-ਵਿਆਪਕ ਪਰਮਾਤਮਾ ਨੂੰ (ਆਪਣੇ) ਚਿਤ ਵਿਚ (ਵਸਾਇਆ)
੫. ਤੁਕ ਨੰਬਰ ੬.
ਵੇਦਾਂ ਦਾ ਗਿਆਨ ਵੱਡਾ ਹੈ ਕਿ ਜਿਸ ਤੋਂ ਇਹ ਗਿਆਨ ਆਇਆ ਉਹ ਵੱਡਾ ਹੈ? ਉੱਤਰ ਹੈ- ਰਿਸ਼ੀ ਮੁਨੀ, ਜਿਨ੍ਹਾਂ ਨੇ ਵੇਦ ਲਿਖੇ ਹਨ, ਵੇਦਾਂ ਨਾਲ਼ੋਂ ਵੱਧ ਸਤਿਕਾਰਯੋਗ ਹਨ ਜਿਨ੍ਹਾਂ ਦੇ ਗਿਆਨ ਨਾਲ਼ ਵੇਦ ਆਦਿਕ ਧਰਮ ਪੁਸਤਕ ਬਣੇ । ਰਿਸ਼ੀਆਂ ਮੁਨੀਆਂ ਨਾਲ਼ੋਂ ਪ੍ਰਭੂ ਵੱਡਾ ਹੈ ਕਿਉਂਕਿ ਰਿਸ਼ੀਆਂ ਮੁਨੀਆਂ ਨੂੰ ਪ੍ਰਭੂ ਕਿਰਪਾ ਨਾਲ਼ ਹੀ ਗਿਆਨ ਪ੍ਰਾਪਤ ਹੋਇਆ ਹੈ । ਗੁਰਬਾਣੀ ਅਨੁਸਾਰ ਵੇਦ ਰੱਬੀ ਹੁਕਮ ਵਿੱਚ ਹੀ ਬਣੇ ਹਨ, ਜਿਵੇਂ- ਓਅੰਕਾਰਿ ਸੈਲ ਜੁਗ ਭਏ॥ ਓਅੰਕਾਰਿ ਬੇਦ ਨਿਰਮਏ॥ {ਗਗਸ ੯੨੯} ਸੰਖੇਪ ਅਰਥ: ਸੈਲ— (ਬੇਅੰਤ) ਪਹਾੜ, (ਭਾਵ,) ਸ੍ਰਿਸ਼ਟੀ । ਜੁਗ—ਸਮੇ ਦੀਆਂ ਵੰਡਾਂ । ਬੇਦ—ਵੇਦ ਆਦਿਕ ਧਰਮ-ਪੁਸਤਕ । ਨਿਰਮਏ—ਬਣੇ, ਪਰਗਟ ਹੋਏ । ਓਅੰਕਾਰਿ—ਓਅੰਕਾਰ ਦੀ ਰਾਹੀਂ, ਸਰਬ-ਵਿਆਪਕ ਪਰਮਾਤਮਾ ਦੀ ਰਾਹੀਂ
ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਗੁਰਬਾਣੀ ਦਾ ਗਿਆਨ ਵੱਧ ਸਤਿਕਾਰ ਯੋਗ ਹੈ ਕਿ ਗੁਰਬਾਣੀ ਨੂੰ ਲਿਖਣ ਵਾਲ਼ੇ? ਚੱਲਦੀ ਵਿਚਾਰ ਅਨੁਸਾਰ ਗੁਰਬਾਣੀ ਨੂੰ ਲਿਖਣ ਵਾਲ਼ੇ ਵੱਧ ਸਤਿਕਾਰ ਯੋਗ ਹੀ ਹਨ ਜਿਨ੍ਹਾਂ ਨੇ ਇਹ ਗਿਆਨ ਬਖ਼ਸ਼ਿਆ । ਨਿਰਾ ਗਿਆਨ ਹੀ ਕਾਫ਼ੀ ਨਹੀਂ ਹੈ, ਗਿਆਨ ਦਾਤਿਆਂ ਦੇ ਜੀਵਨ ਨਾਲ਼ ਹੋਰ ਵੀ ਪਿਆਰ ਬਹੁਤ ਜ਼ਰੂਰੀ ਹੈ । ਗੁਰਬਾਣੀ ਨੂੰ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਦਸਵੇਂ ਗੁਰੂ ਜੀ ਵਲੋਂ ਗੁਰੂ ਦਾ ਦਰਜਾ ਮਿਲ਼ ਚੁੱਕਾ ਹੈ ਇਸ ਲਈ ਗੁਰਬਾਣੀ ਵੀ ਹੁਣ ਗੁਰ ਪਰਮੇਸ਼ਰ ਦਾ ਰੂਪ ਹੈ ਅਤੇ ਓਨੀ ਹੀ ਸਤਿਕਾਰ ਯੋਗ ਹੈ ਜਿੰਨੇ ਬਾਣੀਕਾਰ । ਬਾਣੀਕਾਰ ਅਤੇ ਬਾਣੀ ਇੱਕ-ਸਰੂਪ ਹੋ ਗਏ ਹਨ । ਕੁੱਝ ਪ੍ਰਮਾਣ ਇਸ ਸੰਬੰਧੀ ਗੁਰਬਾਣੀ ਵਿਚੋਂ ਦਿੱਤੇ ਜਾ ਰਹੇ ਹਨ-
1). ਸਲੋਕੁ ਮ: ੩॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥ {ਗਗਸ ੫੧੫}
2). ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ॥ {ਗਗਸ ੫੧੫}
3). ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ॥ {ਗਗਸ੫੧੫}
4). ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ॥ {ਗਗਸ ੧੪੨੧}
5). ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥ {ਗਗਸ ੯੮੨}
੬. ਤੁਕ ਨੰਬਰ ੭.
ਭਗਤ ਕਬੀਰ ਜੀ ਸਾਨੂੰ ਸੱਚ ਦੱਸਣ ਲਈ ਸ਼ੰਕਾ ਪ੍ਰਗਟ ਕਰਦੇ ਹਨ ।
੭. ਤੁਕ ਨੰਬਰ ੮.
ਤੀਰਥ ਅਸਥਾਨ ਵੱਡਾ ਹੈ ਕਿ ਉਸ ਤੀਰਥ ਨੂੰ ਪੈਦਾ ਕਰਨ ਵਾਲ਼ਾ ਹਰੀ ਦਾ ਦਾਸ ਵੱਡਾ ਹੈ? ਸਪੱਸ਼ਟ ਹੈ ਕਿ ਹਰੀ ਦਾ ਦਾਸ ਵੱਡਾ ਹੈ ਜਿਸ ਦਾ ਸਦਕਾ ਹੀ ਤੀਰਥ ਪ੍ਰਗਟ ਹੋਇਆ ਹੈ, ਤੀਰਥ ਵੱਡਾ ਨਹੀਂ । ਜੇ ਹਰੀ ਦਾ ਦਾਸ ਨਾ ਹੁੰਦਾ ਤਾਂ ਤੀਰਥ ਵੀ ਪ੍ਰਗਟ ਨਹੀਂ ਹੋਣਾ ਸੀ । ਇਸ ਤੱਥ ਨੂੰ ਧਿਆਨ ਵਿੱਚ ਰੱਖੀਏ ਤਾਂ ਕਹਿ ਸਕਦੇ ਹਾਂ ਕਿ ਸ਼੍ਰੀ ਅਕਾਲ ਤਖ਼ਤ ਛੇਵੇਂ ਗੁਰੂ ਜੀ ਨਾਲੋਂ ਵੱਡਾ ਨਹੀਂ, ਦਰਬਾਰ ਸਾਹਿਬ ਪੰਜਵੇਂ ਗੁਰੂ ਜੀ ਨਾਲੋਂ ਵੱਡਾ ਨਹੀਂ, ਦਰਬਾਰ ਸਾਹਿਬ ਦਾ ਸਰੋਵਰ ਚੌਥੇ ਪਾਤਿਸ਼ਾਹ ਜੀ ਨਾਲੋਂ ਵੱਡਾ ਨਹੀਂ, ਪੰਜ ਪਿਆਰੇ ਦਸਵੇਂ ਗੁਰੂ ਜੀ ਨਾਲੋਂ ਵੱਡੇ ਨਹੀਂ, ਨਨਕਾਣਾ ਸਾਹਿਬ ਗੁਰਦੁਆਰਾ ਪਹਿਲੇ ਗੁਰੂ ਜੀ ਨਾਲੋਂ ਵੱਡਾ ਨਹੀਂ ।
ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ ਕੋਈ ਇਮਾਰਤ, ਸਰੋਵਰ ਜਾਂ ਨਦੀ ਆਦਿਕ ਸਾਰੇ ਵੱਡੇ ਨਹੀਂ । ਵੱਡਾ ਉਹ ਹੈ ਜਿਸ ਨੇ ਉਸ ਇਮਾਰਤ, ਸਰੋਵਰ ਜਾਂ ਨਦੀ ਆਦਿਕ ਨੂੰ ਪ੍ਰਗਟ ਕੀਤਾ ਹੈ । ਸਿੱਖਾਂ ਲਈ ਤੀਰਥ ਮਹਾਨ ਨਹੀਂ ਤੀਰਥ ਪੈਦਾ ਕਰਨ ਵਾਲ਼ੇ ਦੀ ਸਿੱਖਿਆ ਮਹਾਨ ਹੈ ਜਿਸ ਨੂੰ ਜੀਵਨ ਵਿੱਚ ਧਾਰਣ ਕਰਨ ਦੀ ਲੋੜ ਹੈ, ਸਿੱਖ ਇਤਿਹਾਸਕ ਸਥਾਨ ਮਹਾਨ ਨਹੀਂ ਉਸ ਅਸਥਾਨ ਨੂੰ ਪ੍ਰਗਟ ਕਰਨ ਵਾਲ਼ੇ ਦੀ ਕਰਨੀ ਅਤੇ ਸਿੱਖਿਆ ਮਹਾਨ ਹੈ ਜੋ ਜੀਵਨ ਨੂੰ ਚੰਗੇ ਪਾਸੇ ਵਲ ਲਿਜਾ ਸਕਦੀ ਹੈ । ਤੀਰਥਾਂ ਉੱਤੇ ਇਤਿਹਾਸਕ ਅਸਥਾਨਾਂ ਦੀਆਂ ਇਮਾਰਤਾਂ ਕਿਸੇ ਕੌਮ ਦੇ ਉਨ੍ਹਾਂ ਅਸਥਾਨਾਂ ਨਾਲ਼ ਜੁੜੇ ਇਤਿਹਾਸ ਦੀ ਯਾਦ ਤਾਜ਼ਾ ਕਰਨ ਵਿੱਚ ਸਹਾਈ ਹੁੰਦੀਆਂ ਹਨ ਅਤੇ ਜੀਵਨ ਨੂੰ ਹੁਲਾਰਾ ਦਿੰਦੀਆਂ ਹਨ ਪਰ ਇਨ੍ਹਾਂ ਦੇ ਕੇਵਲ ਦਰਸ਼ਨਾਂ ਨਾਲ਼ ਹੀ ਮਨ ਦੀ ਪਵਿੱਤ੍ਰਤਾ ਨਹੀਂ ਹੁੰਦੀ, ਜਨਮ ਮਰਣ ਅਤੇ ਹਉਮੇ ਦਾ ਰੋਗ ਨਹੀਂ ਕੱਟਿਆ ਜਾ ਸਕਦਾ । ਇਤਿਹਾਸਕ ਤੀਰਥਾਂ ਅਤੇ ਅਸਥਾਨਾਂ ਉੱਤੇ ਤਾਂ ਸ਼ਰਧਾਲੂ ਆਪਸ ਵਿੱਚ ਭਿੜਦੇ ਅਤੇ ਇੱਕ ਦੂਜੇ ਉੱਤੇ ਤਲਵਾਰਾਂ ਅਤੇ ਡਾਂਗਾਂ ਵਰ੍ਹਾਉਂਦੇ ਵੀ ਦੇਖੇ ਗਏ ਹਨ ।
ਤੱਤ-ਸਾਰ:
ਇਸ ਸ਼ਬਦ ਰਾਹੀਂ ਭਗਤ ਕਬੀਰ ਜੀ ਨੇ ਧਾਰਮਿਕ ਦੁਨੀਆਂ ਵਿੱਚ ਪੈਂਦੇ ਕਈ ਭੁਲੇਖੇ ਬੜੇ ਰਹੱਸਮਈ ਢੰਗ ਨਾਲ਼ ਦੂਰ ਕੀਤੇ ਹਨ । ਸਤਿਗੁਰੂ ਮਹਾਂਨ ਹੈ । ਸਤਿਗੁਰੂ ਹੀ ਅਸਲੀ ਤੀਰਥ ਹੈ । ਗਿਆਨ ਵੱਡਾ ਨਹੀਂ ਸਗੋਂ ਗਿਆਨ ਦਾਤਾ ਸਤਿਗੁਰੂ ਵੱਡਾ ਹੈ ਜੋ ਗਿਆਨ ਦਾ ਸੋਮਾ ਹੈ। ਤੀਰਥ ਵੱਡਾ ਨਹੀਂ ਤੀਰਥ ਪੈਦਾ ਕਰਨ ਵਾਲ਼ਾ ਗੁਰੂ ਵੱਡਾ ਹੈ । ਗੁਰੂ ਦੇ ਪਵਿੱਤ੍ਰ ਸੱਚੇ ਉਪਦੇਸ਼ ਨੇ ਹੀ ਮਨ ਪਵਿੱਤ੍ਰ ਕਰਨਾ ਹੈ ਤੀਰਥ ਦੇ ਪਾਣੀ ਨੇ ਨਹੀਂ ।ਤੀਰਥ ਦਾ ਪਾਣੀ ਤਾਂ ਸ਼ਰੀਰ ਦੀ ਮੈਲ਼ ਦੂਰ ਕਰ ਸਕਦਾ ਹੈ ਮਨ ਦੀ ਸੂਕਸ਼ਮ ਗ਼ਲਤ ਵਿਚਾਰਾਂ ਵਾਲ਼ੀ ਮੈਲ਼ ਅਤੇ ਹਉਮੇ ਦੀ ਮੈਲ਼ ਨਹੀਂ । ਤੀਰਥ ਮੰਨੇ ਗਏ ਅਸਥਾਨ ਤਾਂ ਆਪ ਹੀ ਪਵਿੱਤ੍ਰ ਹੋਣ ਲਈ ਪੁਕਾਰਾਂ ਕਰਦੇ ਹਨ ਕਿ ਕੋਈ ਰੱਬ ਦਾ ਪਿਆਰਾ ਆਕੇ ਉਨ੍ਹਾਂ ਨੂੰ ਆਪਣੇ ਚਰਨ ਪਾ ਕੇ ਪਵਿੱਤ੍ਰ ਕਰੇ ਤਾਂ ਦੱਸੋ ਇਹ ਕਿਹੜੇ ਜ਼ੋਰ ਅਤੇ ਮੰਤਰ ਨਾਲ਼ ਤੀਰਥ ਯਾਤਰੂਆਂ ਦੇ ਮਨਾਂ ਨੂੰ ਪਵਿੱਤ੍ਰ ਕਰਨਗੇ । ਇਹ ਤਾਂ ਆਪ ਹੀ ਅਪਵਿੱਤਰ ਹਨ । ਗੁਰਬਾਣੀ ਦਾ ਫ਼ੁਰਮਾਨ ਹੈ-
ਮਲਾਰ ਮਹਲਾ ੪ ॥ ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ ॥ ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥੧॥ ਤੀਰਥਿ ਅਠਸਠਿ ਮਜਨੁ ਨਾਈ ॥ ਸਤਸੰਗਤਿ ਕੀ ਧੂਰਿ ਪਰੀ ਉਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ ॥੧॥ ਰਹਾਉ ॥ ਜਾਹਰਨਵੀ ਤਪੈ ਭਾਗੀਰਥਿ ਆਣੀ ਕੇਦਾਰੁ ਥਾਪਿਓ ਮਹਸਾਈ ॥ ਕਾਂਸੀ /ਿਸਨੁ ਚਰਾਵਤ ਗਾਊ ਮਿਲਿ ਹਰਿ ਜਨ ਸੋਭਾ ਪਾਈ ॥੨॥ ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ ॥ ਹਰਿ ਕਾ ਸੰਤੁ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰਿ ਮੁਖਿ ਲਾਈ ॥੩॥ ਜਿਤਨੀ ਸ੍ਰਿਸਟਿ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰਿ ਸਾਧੂ ਕੀ ਤਾਈ ॥ ਨਾਨਕ ਲਿਲਾਟਿ ਹੋਵੈ ਜਿਸੁ ਲਿਖਿਆ ਤਿਸੁ ਸਾਧੂ ਧੂਰਿ ਦੇ ਹਰਿ ਪਾਰਿ ਲੰਘਾਈ ॥੪॥੨॥
(ਗੁਰਬਾਣੀ ਦੇ ਅਰਥਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੀ ਸਹਾਇਤਾ ਲਈ ਗਈ ਹੈ)
ਲੇਖਕ
ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ
———————————————————————————————————
Note: Only Professor Kashmira Singh is aware if this article has been published somewhere else also.