ਗੁਰਬਾਣੀ ਦੀ ਲਿਖਾਈ ਵਿੱਚ ਤਿੰਨ ਤਰ੍ਹਾਂ ਦੀ ਤਰਤੀਬ ਦੇ ਦਰਸ਼ਨ:
ਚਉਥੇ ਗੁਰੂ ਜੀ ਤੋਂ ਪ੍ਰਾਪਤ ਹੋ ਚੁੱਕੇ ਪਹਿਲੇ ਸਾਰੇ ਬਾਣੀਕਾਰਾਂ ਦੀ ਬਾਣੀ ਦੇ ਖ਼ਜ਼ਾਨੇ ਵਿੱਚ ਪੰਜਵੇਂ ਗੁਰੂ ਜੀ ਨੇ ਆਪਣੀ ਅਤੇ ਸਮਕਾਲੀ ਬਾਣੀਕਾਰਾਂ ਦੀ ਬਾਣੀ ਸ਼ਾਮਲ ਕਰ ਲਈ ਜਿਸ ਨਾਲ਼ 35 ਬਾਣੀਕਾਰਾਂ ਦੀਆਂ ਰਚਨਾਵਾਂ ਦਾ ਖ਼ਜ਼ਾਨਾ ਬਣ ਗਿਆ । ਪੈਂਤੀ ਬਾਣੀਕਾਰਾਂ {ਭਾਈ ਮਰਦਾਨਾ ਜੀ ਦੀ ਕੋਈ ਬਾਣੀ ਨਹੀਂ ਹੈ} ਦੀਆਂ ਰਚਨਾਵਾਂ ਨੂੰ ਤਰਤੀਬ ਦੇ ਕੇ ਸੰਨ 1604 ਈਸਵੀ ਵਿੱਚ ‘ਆਦਿ ਬੀੜ’ ਰਚਣ ਵਾਲ਼ੇ ਧੰਨੁ ਗੁਰੂ ਅਰਜਨ ਸਾਹਿਬ ਜੀ ਸਨ । ਜੇ ਇਸ ਤਰਤੀਬ ਨੂੰ ਸਮਝ ਲਿਆ ਜਾਵੇ ਤਾਂ ਗੱਲ ਪਕੜ ਵਿੱਚ ਆ ਜਾਵੇਗੀ ਕਿ ਸ਼੍ਰੀ ਰਾਗੁ ਤੋਂ ਪਹਿਲਾਂ ਦਰਜ ਕੀਤੀ ਬਾਣੀ ਦਾ ਮੰਤਵ ਕੀ ਹੈ । ਇਸੇ ਤਰਤੀਬ ਨੂੰ ਕਾਇਮ ਰੱਖਦਿਆਂ ਦਸਵੇਂ ਪਾਤਿਸ਼ਾਹ ਜੀ ਨੇ ਦਮਦਮੀ ਬੀੜ ਨੂੰ ਤਿਆਰ ਕਰਵਾਇਆ ਸੀ ਜਿਸ ਵਿੱਚ ਨੌਵੇਂ ਗੁਰੂ ਜੀ ਦੀ ਬਾਣੀ ਨੂੰ ਦਰਜ ਕੀਤਾ ਗਿਆ ਸੀ ਅਤੇ ਇਸੇ ਬੀੜ ਨੂੰ ਹੀ ਦਸਵੇਂ ਗੁਰੂ ਜੀ ਵਲੋਂ ਗੁਰਿਆਈ ਬਖ਼ਸ਼ਸ਼ ਕੀਤੀ ਗਈ ਸੀ । ਬਾਣੀਆਂ ਦਰਜ ਕਰਨ ਦੀ ਤਰਤੀਬ ਨੂੰ ਹੇਠ ਲਿਖੇ ਢੰਗ ਨਾਲ਼ ਸਮਝਣ ਦਾ ਯਤਨ ਕੀਤਾ ਗਿਆ ਹੈ-
ਪਹਿਲੀ ਤਰਤੀਬ:
ਛਾਪੇ ਵਾਲ਼ੀ ਬੀੜ ਦੇ ਪਹਿਲੇ 13 ਪੰਨਿਆਂ ਦੀ ਲਿਖਾਈ ਵਿੱਚ ਇਹ ਤਰਤੀਬ ਦੇਖਣ ਨੂੰ ਮਿਲ਼ਦੀ ਹੈ । ਇਹ ਤਰਤੀਬ ਅੱਗੇ ਲਿਖੀ ਦੂਜੀ ਅਤੇ ਤੀਜੀ ਤਰਤੀਬ ਤੋਂ ਭਿੰਨ ਹੈ । ਇਸ ਤਰਤੀਬ ਅਨੁਸਾਰ ਇਨ੍ਹਾਂ ਪੰਨਿਆਂ ਉੱਤੇ ਲਿਖੀ ਬਾਣੀ ਰਾਗਾਂ ਦੇ ਕ੍ਰਮ ਅਨੁਸਾਰ ਨਹੀਂ ਹੈ ਜਦੋਂ ਕਿ ਸ਼੍ਰੀ ਰਾਗ ਤੋਂ ਸ਼ੁਰੂ ਹੁੰਦੀ ਬਾਣੀ ਰਾਗਾਂ ਅਨੁਸਾਰ ਹੈ । ਇਸ ਬਾਣੀ ਵਿੱਚ ਵੱਖ-ਵੱਖ ਪੰਜ ਰਾਗਾਂ ਵਿੱਚ ਲਿਖੇ 14 ਸ਼ਬਦਾਂ ਦੇ ਸੰਗ੍ਰਿਹ ਮਿਲ਼ਦੇ ਹਨ । ਦੂਜੀ ਅਤੇ ਤੀਜੀ ਤਰਤੀਬ ਵਾਲ਼ੀ ਬਾਣੀ ਵਿੱਚ ਅਜਿਹੇ ਸੰਗ੍ਰਿਹ ਨਹੀਂ ਹਨ । ਸ਼ਬਦਾਂ ਦੇ ਇਨ੍ਹਾਂ ਸੰਗ੍ਰਿਹਾਂ ਵਿੱਚ ਓਹੀ ਸ਼ਬਦ ਦੁਹਰਾਏ ਗਏ ਹਨ ਜੋ ਦੂਜੀ ਤਰਤੀਬ ਵਾਲ਼ੀ ਲਿਖੀ ਬਾਣੀ ਵਿੱਚ ਵੱਖ-ਵੱਖ ਥਾਵਾਂ ਉੱਪਰ ਦਰਜ ਕੀਤੇ ਮਿਲ਼ਦੇ ਹਨ । ਇਸ ਬਾਣੀ ਵਿੱਚ ਰਾਗ-ਮੁਕਤ ਬਾਣੀ ਵੀ ਦਰਜ ਹੈ {ਰਾਗ-ਮੁਕਤ ਬਾਣੀ ਤੀਜੀ ਤਰਤੀਬ ਵਿੱਚ ਰੱਖੀ ਗਈ ਹੈ ਪਰ ‘ਜਪੁ’ ਜੀ ਬਾਣੀ ਓਥੇ ਨਹੀਂ ਰੱਖੀ ਗਈ ਜਿਸ ਦਾ ਵਿਸ਼ੇਸ਼ ਮਕਸਦ ਹੀ ਹੋ ਸਕਦਾ ਹੈ } ਅਤੇ ਰਾਗਾਂ ਵਿੱਚ ਉਚਾਰੀ ਬਾਣੀ ਵੀ ਦਰਜ ਹੈ । ‘ਜਪੁ’ ਜੀ ਬਾਣੀ ਰਾਗ-ਮੁਕਤ ਹੈ । ਰਾਗਾਂ ਵਿੱਚ ਲਿਖੀ ਬਾਣੀ ਦੇ, ਇੱਸ ਭਾਗ ਵਿੱਚ, ਵੱਖ ਵੱਖ ਰਾਗਾਂ ਵਿੱਚ ਲਿਖੇ 3 ਸੰਗ੍ਰਿਹ ਦਰਜ ਹਨ । ਇਹ ਸੰਗ੍ਰਿਹ ਹਨ- ਸੋ ਦਰੁ, ਸੋ ਪੁਰਖੁ ਅਤੇ ਸੋਹਿਲਾ ।
‘ਸੋ ਦਰੁ’ ਵਾਲ਼ਾ ਸੰਗ੍ਰਿਹ:
ਇਸ ਸੰਗ੍ਰਿਹ ਵਿੱਚ 5 ਸ਼ਬਦ ਹਨ ਜਿਨ੍ਹਾਂ ਵਿੱਚੋਂ ਪਹਿਲੇ 3 ਸ਼ਬਦ ਧੰਨੁ ਗੁਰੂ ਨਾਨਕ ਸਾਹਿਬ ਜੀ ਦੇ ਆਸਾ ਰਾਗੁ ਵਿੱਚ ਹਨ, ਇੱਕ ਸ਼ਬਦ ਧੰਨੁ ਗੁਰੂ ਰਾਮਦਾਸ ਪਾਤਿਸਾਹ ਜੀ ਦਾ ਗੂਜਰੀ ਰਾਗੁ ਵਿੱਚ ਅਤੇ ਇੱਕ ਸ਼ਬਦ ਪੰਜਵੇਂ ਗੁਰੂ ਜੀ ਦਾ ਗੂਜਰੀ ਰਾਗੁ ਵਿੱਚ ਦਰਜ ਹੈ । ਇਹ ਸਾਰੇ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੂਜੀ ਤਰਤੀਬ ਵਾਲ਼ੀ ਬਾਣੀ ਵਿੱਚ ਢੁੱਕਵੀਆਂ ਥਾਵਾਂ ਉੱਤੇ ਵੀ ਲਿਖੇ ਹੋਏ ਹਨ । ਦੇਖੋ ਪੰਨਾਂ ਨੰਬਰ-347, 348, 349, 492 ਅਤੇ 495 ਜਿੱਥੇ 13 ਪੰਨਿਆਂ ਵਾਲ਼ੇ ‘ਸੋ ਦਰੁ’ ਦੇ ਪੰਜੇ ਸ਼ਬਦ ਲਿਖੇ ਹੋਏ ਹਨ । ਦੂਜੀ ਤਰਤੀਬ ਵਾਲ਼ੀ ਬਾਣੀ ਵਿੱਚੋਂ ਇਹ ਸ਼ਬਦ ਪਹਿਲੀ ਤਰਤੀਬ ਵਾਲ਼ੀ ਬਾਣੀ ਵਿੱਚ ਦਰਜ ਕੀਤੇ ਗਏ ਹਨ । ਅਜਿਹਾ ਕਰਨ ਦਾ ਖ਼ਾਸ ਮਕਸਦ ਹੀ ਹੋ ਸਕਦਾ ਹੈ ।
‘ਸੋ ਪੁਰਖੁ’ ਵਾਲ਼ਾ ਸੰਗ੍ਰਿਹ:
ਇਸ ਸੰਗ੍ਰਿਹ ਵਿੱਚ ਚਾਰ ਸ਼ਬਦ ਹਨ । ਪਹਿਲੇ ਦੋ ਸ਼ਬਦ ਚੌਥੇ ਪਾਤਿਸ਼ਾਹ ਜੀ ਦੇ ਰਾਗ ਆਸਾ ਵਿੱਚ ਹਨ, ਅਗਲਾ ਸ਼ਬਦ ਪਹਿਲੇ ਗੁਰੂ ਜੀ ਦਾ ਰਾਗ ਆਸਾ ਵਿੱਚ ਹੈ ਅਤੇ ਚਉਥਾ ਸ਼ਬਦ ਆਸਾ ਰਾਗ ਵਿੱਚ ਪੰਜਵੇਂ ਗੁਰੂ ਜੀ ਦਾ ਹੈ । ਇਹ ਚਾਰੇ ਸ਼ਬਦ ਦੂਜੀ ਤਰਤੀਬ ਵਾਲ਼ੀ ਬਾਣੀ ਵਿੱਚ ਵੀ ਦਰਜ ਹਨ ਅਤੇ ਪਹਿਲ਼ੀ ਤਰਤੀਬ ਵਾਲ਼ੀ ਬਾਣੀ ਵਿੱਚ ਕਿਸੇ ਖ਼ਾਸ ਮਕਸਦ ਨਾਲ਼ ਹੀ ਲਿਖੇ ਗਏ ਹੋ ਸਕਦੇ ਹਨ । ਦੇਖੋ ਹੋਰ ਪੰਨੇ ਜਿੱਥੇ ਇਹ ਚਾਰੇ ਸ਼ਬਦ ਦੂਜੀ ਵਾਰੀ ਦਰਜ ਹਨ- ਪੰਨਾਂ 348, 365, 357 ਅਤੇ 378 ।
‘ਸੋਹਿਲਾ’ ਸੰਗ੍ਰਿਹ:
ਇਸ ਸੰਗ੍ਰਿਹ ਦਾ ਨਾਂ ‘ਸੋਹਿਲਾ’ ਲਿਖਿਆ ਹੋਇਆ ਹੈ ਜਿਸ ਨੂੰ ਕਿਤੇ ਕਿਤੇ ਕਈਆਂ ਵਲੋਂ ਅਗਿਆਨਤਾ ਕਾਰਣ ਹੀ, ਗੁਰੂ ਜੀ ਵਲੋਂ ਲਿਖਿਆ ਠੀਕ ਨਾਂ ਬਦਲ ਕੇ, ‘ਕੀਰਤਨ ਸੋਹਿਲਾ’ ਕਿਹਾ ਜਾ ਰਿਹਾ ਹੈ । ਇਸ ਸੰਗ੍ਰਿਹ ਵਿੱਚ ਪੰਜ ਸ਼ਬਦ ਰੱਖੇ ਗਏ ਹਨ । ਪਹਿਲੇ 3 ਸ਼ਬਦ ਪਹਿਲੇ ਪਾਤਿਸ਼ਾਹ ਜੀ ਦੇ ਹਨ ਜਿਨ੍ਹਾਂ ਵਿੱਚ ਪਹਿਲਾ ਸ਼ਬਦ ਰਾਗੁ ਗਉੜੀ ਦੀਪਕੀ ਵਿੱਚ, ਦੂਜਾ ਸ਼ਬਦ ਆਸਾ ਰਾਗ ਵਿੱਚ, ਤੀਜਾ ਸ਼ਬਦ ਧਨਾਸ਼ਰੀ ਰਾਗੁ ਵਿੱਚ, ਚਉਥਾ ਸ਼ਬਦ ਚਉਥੇ ਪਾਤਿਸ਼ਾਹ ਜੀ ਦਾ ਅਤੇ ਪੰਜਵਾਂ ਸ਼ਬਦ ਪੰਜਵੇਂ ਪਾਤਿਸ਼ਾਹ ਜੀ ਦਾ ਹੈ ਅਤੇ ਦੋਵੇਂ ਸ਼ਬਦ ਰਾਗੁ ਗਉੜੀ ਪੂਰਬੀ ਵਿੱਚ ਹਨ । ਸੋਹਿਲੇ ਦੀ ਬਾਣੀ ਦੇ ਪੰਜੇ ਹੀ ਸ਼ਬਦ ਪੰਜ ਹੋਰ ਥਾਵਾਂ ਉੱਤੇ ਵੀ ਦੂਜੀ ਤਰਤੀਬ ਵਾਲ਼ੀ ਬਾਣੀ ਵਿੱਚ ਲਿਖੇ ਹੋਏ ਹਨ । ਇੱਥੇ ਦੁਬਾਰਾ ਲਿਖਣ ਦਾ ਵਿਸ਼ੇਸ਼ ਮਕਸਦ ਹੀ ਹੋ ਸਕਦਾ ਹੈ । ਦੇਖੋ ਦੂਜੀ ਤਰਤੀਬ ਵਾਲ਼ੀ ਬਾਣੀ ਦੇ ਪੰਨੇ ਜਿੱਥੇ ਸੋਹਿਲੇ ਦੀ ਬਾਣੀ ਦੇ ਪੰਜੇ ਸ਼ਬਦ ਲਿਖੇ ਹੋਏ ਹਨ- ਪੰਨਾਂ 157, 357, 663, 171 ਅਤੇ 205 ।
ਦੂਜੀ ਤਰਤੀਬ:
ਸ਼੍ਰੀ ਰਾਗ ਤੋਂ ਜੈਜਾਵੰਤੀ ਰਾਗ ਤਕ ਬਾਣੀ ਦੀ ਲਿਖਾਈ ਦੂਜੀ ਤਰਤੀਬ ਵਿੱਚ ਰੱਖੀ ਜਾ ਸਕਦੀ ਹੈ । ਇਹ ਤਰਤੀਬ ਛਾਪੇ ਦੀ ਬੀੜ ਦੇ ਪੰਨਾਂ ਨੰਬਰ 14 ਤੋਂ 1352-53 ਤਕ ਵਰਤੀ ਗਈ ਹੈ ਜਿਸ ਵਿੱਚ 61 ਰਾਗਾਂ ਵਿੱਚ ਲਿਖੀ 35 ਬਾਣੀਕਾਰਾਂ ਦੀ ਰਚਨਾ ਦਰਜ ਹੈ । ਇੱਸ ਹਿੱਸੇ ਵਿੱਚ ਰਾਗਾਂ ਨੂੰ ਕ੍ਰਮ ਅਨੁਸਾਰ ਲਿਖਿਆ ਗਿਆ ਹੈ, ਭਾਵ ਇਹ ਕਿ ਇੱਕ ਰਾਗ ਦੀ ਸਾਰੀ ਬਾਣੀ ਲਿਖੀ ਜਾਣ ਤੇ ਹੀ ਦੂਜੇ ਰਾਗ ਦੀ ਬਾਣੀ ਸ਼ੁਰੂ ਕੀਤੀ ਗਈ ਹੈ । ਮੁੱਖ 31 ਰਾਗਾਂ ਦਾ ਇਹ ਕ੍ਰਮ ਹੈ- ਸ੍ਰੀ (ਪਾਠ- ਸ਼੍ਰੀ), ਮਾਝੁ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸੁ, ਸੋਰਠਿ, ਧਨਾਸਰੀ (ਪਾਠ- ਧਨਾਸ਼ਰੀ), ਜੈਤਸਰੀ (ਪਾਠ-ਜੈਤਸ਼ਰੀ), ਟੋਡੀ, ਬੈਰਾੜੀ, ਤਿਲੰਗੁ, ਸੂਹੀ, ਬਿਲਾਵਲੁ, ਗੌਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਨਲਿਆਣ, ਪ੍ਰਭਾਤੀ ਅਤੇ ਜੈਜਾਵੰਤੀ । ਇਕਾਹਠ ਰਾਗਾਂ ਦੇ ਮੁੱਖ ਸਿਰਲੇਖ 31 ਰੱਖੇ ਗਏ ਹਨ ।
ਤੀਹ ਮਿਸ਼ਰਤ ਅਤੇ ਹੋਰ ਰਾਗਾਂ ਦੀ ਬਾਣੀ ਨੂੰ ਲੋੜ ਅਨੁਸਾਰ 31 ਸਿਰਲੇਖਾਂ ਅਧੀਨ ਹੀ ਲਿਖਿਆ ਗਿਆ ਹੈ, ਜਿਵੇਂ ਗਉੜੀ ਰਾਗੁ ਨਾਲ਼ ਸੰਬੰਧਤ ਮਿਸ਼ਰਤ ਰਾਗ (ਗਉੜੀ ਬੈਰਾਗਣਿ, ਗਉੜੀ ਪੂਰਬੀ, ਗਉੜੀ ਚੇਤੀ ਆਦਿਕ) ਗਉੜੀ ਰਾਗ ਅਧੀਨ ਹੀ ਲਿਖੇ ਗਏ ਹਨ । ਇਹ ਤੀਹ ਰਾਗ ਹਨ- ਗਉੜੀ ਗੁਆਰੇਰੀ, ਗਉੜੀ ਦਖਣੀ, ਗਉੜੀ ਬੈਰਾਗਣਿ, ਗਉੜੀ ਚੇਤੀ, ਗਉੜੀ ਦੀਪਕੀ, ਗਉੜੀ ਪੂਰਬੀ ਦੀਪਕੀ, ਗਉੜੀ ਪੂਰਬੀ, ਗਉੜੀ ਮਾਝ, ਗਉੜੀ ਮਾਲਵਾ, ਗਉੜੀ ਮਾਲਾ, ਗਉੜੀ ਭੀ ਸੋਰਠਿ ਭੀ, ਆਸਾਵਰੀ, ਆਸਾਵਰੀ ਸੁਧੰਗ {ਸ਼ੁੱਧੰਗ}, ਆਸਾ ਕਾਫ਼ੀ, ਦੇਵਗੰਧਾਰ, ਵਡਹੰਸ ਦਖਣੀ, ਤਿਲੰਗ ਕਾਫ਼ੀ, ਸੂਹੀ ਕਾਫ਼ੀ, ਸੂਹੀ ਲਲਿਤ, ਬਿਲਾਵਲ ਦਖਣੀ, ਬਿਲਾਵਲ ਗੌਂਡ, ਰਾਮਕਲੀ ਦਖਣੀ, ਨਟ, ਮਾਰੂ ਕਾਫ਼ੀ, ਮਾਰੂ ਦਖਣੀ, ਬਸੰਤ ਹਿੰਡੋਲ, ਕਲਿਆਣ ਭੋਪਾਲੀ, ਪ੍ਰਭਾਤੀ ਬਿਭਾਸ, ਬਿਭਾਸ ਪ੍ਰਭਾਤੀ ਅਤੇ ਪ੍ਰਭਾਤੀ ਦਖਣੀ ।
ਇਹ ਤਰਤੀਬ ਪਹਿਲੀ ਤਰਤੀਬ ਨਾਲੋਂ ਵੱਖਰੀ ਹੈ ਕਿਉਂਕਿ ਇਸ ਤਰਤੀਬ ਵਿੱਚ ਸ਼ਬਦਾਂ ਦੇ ਵਿਸ਼ੇਸ਼ ਸੰਗ੍ਰਿਹ ਨਹੀਂ ਬਣਾਏ ਗਏ । ਇਸ ਭਾਗ ਵਿੱਚ ਕੋਈ ਰਾਗ-ਮੁਕਤ ਰਚਨਾ ਨਹੀਂ ਰੱਖੀ ਗਈ ਹੈ । ਇਸ ਭਾਗ ਦੇ ਸ਼ਬਦਾਂ ਨੂੰ ਪਹਿਲੀ ਤਰਤੀਬ ਵਿੱਚ ਸ਼ਬਦਾਂ ਦੇ ਵਿਸ਼ੇਸ਼ ਮਕਸਦ ਵਾਲ਼ੇ ਸੰਗ੍ਰਿਹ ਬਣਾਉਣ ਵਿੱਚ ਵਰਤਿਆ ਗਿਆ ਹੈ ।
ਤੀਜੀ ਤਰਤੀਬ:
ਇੱਸ ਤਰਤੀਬ ਵਿੱਚ ਰਾਗ ਮੁਕਤ ਬਾਣੀ ਦਰਜ ਕੀਤੀ ਗਈ ਹੈ । ‘ਜਪੁ’ ਜੀ ਭਾਵੇਂ ਰਾਗ-ਮੁਕਤ ਬਾਣੀ ਹੈ ਪਰ ਉਸ ਨੂੰ ਇਸ ਭਾਗ ਵਿੱਚ ਨਹੀਂ ਰੱਖਿਆ ਗਿਆ । ਇਸ ਬਾਣੀ ਨੂੰ ਉਚੇਚੇ ਤੌਰ ਤੇ ਸ਼੍ਰੀ ਰਾਗ ਤੋਂ ਪਹਿਲਾਂ ਦਰਜ ਕੀਤੀ ਬਾਣੀ ਵਿੱਚ ਸੱਭ ਤੋਂ ਪਹਿਲੀ ਥਾਂ ਦਿੱਤੀ ਗਈ ਹੈ ਜਿਸ ਦਾ ਵਿਸ਼ੇਸ਼ ਕਾਰਣ ਹੈ । ਇਸ ਤੀਜੀ ਤਰਤੀਬ ਅਨੁਸਾਰ ਰੱਖੀ ਬਾਣੀ ਵਿੱਚ ਕੋਈ ਸ਼ਬਦਾਂ ਦੇ ਵਿਸ਼ੇਸ਼ ਸੰਗ੍ਰਿਹ ਨਹੀਂ ਬਣਾਏ ਗਏ ਜਿਵੇਂ ਕਿ ਪਹਿਲੀ ਤਰਤੀਬ ਨਾਲ਼ ਦਰਜ ਬਾਣੀ ਵਿੱਚ ਬਣਾਏ ਗਏ ਹਨ । ਇਸ ਭਾਗ ਵਿੱਚ ਕੋਈ ਰਚਨਾ ਰਾਗਾਂ ਦੇ ਸਿਰਲੇਖਾਂ ਵਾਲ਼ੀ ਨਹੀਂ ਹੈ ।
ਰਾਗ-ਮੁਕਤ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾਂ ਨੰਬਰ 1353 ਤੋਂ 1429 ਤਕ ਹੈ, ਭਾਵ, ਸਲੋਕ ਸਹਸਕ੍ਰਿਤੀ ਮਹਲਾ 1 ਤੋਂ ‘………ਤਨੁ ਮਨੁ ਥੀਵੈ ਹਰਿਆ॥’ ਤਕ ।
ਨੋਟ: ਰਾਗ ਮਾਲ਼ਾ ਵਾਲ਼ੇ ਪੰਨੇ ਨੂੰ ਨਹੀਂ ਗਿਣਿਆਂ ਗਿਆ ਕਿਉਂਕਿ ਇਹ ਕਿਸੇ ਉਤਾਰੇ ਕਰਨ ਵਾਲ਼ੇ ਮਨਚਲੇ ਵਲੋਂ ਪਾਈ ਗਈ ਇੱਕ ਵਾਧੂ ਰਚਨਾ ਹੈ ਜੋ ਆਲਮ ਕਵੀ ਦੁਆਰਾ ਲਿਖੀ ਹੋਈ ‘ਮਾਧਵਾਨਲ ਸੰਗੀਤ’ ਪੁਸਤਕ ਦੇ ਹਿੰਦੀ ਅਨੁਵਾਦ ਵਿੱਚ ਛੰਦ ਨੰਬਰ 63 ਤੋਂ 72 ਦਾ ਹੀ ਪਾਠ ਹੈ (ਦੇਖੋ ਮਹਾਨ ਕੋਸ਼) । ਅਕਬਰ ਬਾਦਿਸ਼ਾਹ ਦੇ ਦਰਬਾਰ ਵਿੱਚ ਇੱਕ ਨਾਚੀ ਕਾਮ ਕੰਦਲਾ ਰਾਗਮਾਲ਼ਾ ਦੇ ਇਨ੍ਹਾਂ ਰਾਗਾਂ ਨੂੰ ਨਾਚ ਵਿੱਚ ਗਾਇਆ ਕਰਦੀ ਸੀ । ਇਹ ਰਾਗਮਾਲਾ ਕਵੀ ਆਲਮ ਦੀ ਲਿਖੀ ਰਚਨਾ ਹੈ {ਭਾਵੇਂ ਰਚਨਾ ਵਿੱਚ ਆਲਮ ਕਵੀ ਦਾ ਨਾਂ ਨਹੀਂ ਹੈ। ਇਸ ਦਾ ਕਾਰਣ ਹੋ ਸਕਦਾ ਹੈ ਕਿ ਇਹ ਰਚਨਾ ਵੱਡੀ ਰਚਨਾ ਦਾ ਇੱਕ ਭਾਗ ਹੈ ।} ਅਤੇ ਇਹ ਆਲਮ ਕਵੀ 35 ਬਾਣੀਕਾਰਾਂ ਵਿੱਚ ਸ਼ਾਮਲ ਵੀ ਨਹੀਂ ਹੈ । ਇਸ ਰਚਨਾ ਵਿੱਚ ਗੁਰਬਾਣੀ ਵਿੱਚ ਲਿਖੇ ਅਨੇਕਾਂ ਉਪਦੇਸ਼ਾਂ ਵਿੱਚੋਂ ਇੱਕ ਵੀ ਗੁਰ-ਉਪਦੇਸ਼ ਜਿਵੇਂ ਰੱਬ ਦਾ ਨਾਮੁ ਜਪੋ, ਝਾਲਾਗੇ ਉੱਠੋ, ਸਤਿ ਸੰਗਤਿ ਕਰੋ, ਸੇਵਾ ਕਰੋ, ਕਿਰਤ ਕਰੋ, ਵੰਡ ਕੇ ਛਕੋ, ਕਿਸੇ ਦਾ ਹੱਕ ਨਾ ਮਾਰੋ, ਬਾਣੀ ਪੜ੍ਹੋ/ਸਮਝੋ/ਵਿਚਾਰੋ, ਬਾਣੀ ਨਾਲ਼ ਮਨ ਦਾ ਇਸ਼ਨਾਨ ਕਰੋ ਆਦਿਕ, ਪੜ੍ਹਨ ਸੁਣਨ ਨੂੰ ਨਹੀਂ ਮਿਲ਼ਦਾ । ਕੋਈ ਵੀ ਸੱਜਣ ਰਾਗ ਮਾਲਾ ਪੜ੍ਹਨ ਤੋਂ ਪਹਿਲਾਂ ਆਪਣੇ ਕੋਲ਼ ਕਾਪੀ ਅਤੇ ਪੈੱਨ ਰੱਖ ਲਵੇ ਜਿਸ ਉੱਤੇ ਰਾਗਮਾਲਾ ਤੋਂ ਮਿਲ਼ਿਆ ਕੋਈ ਗੁਰ-ਉਪਦੇਸ਼ ਲਿਖ ਲਵੇ । ਉਹ ਸੱਜਣ ਅੰਤ ਵਿੱਚ ਦੇਖ ਕੇ ਹੈਰਾਨ ਰਹਿ ਜਾਵੇਗਾ ਕਿ ਕਾਪੀ ਉੱਤੇ ਤਾਂ ਕੋਈ ਗੁਰ-ਉਪਦੇਸ਼ ਹੈ ਹੀ ਨਹੀਂ ।
ਸਿੱਖ ਰਹਤ ਮਰਯਾਦਾ ਵਿੱਚ ਇਸ ਰਚਨਾ ਨੂੰ ਸਹਜ ਪਾਠ ਜਾਂ ਅਖੰਡਪਾਠ ਦੀ ਸੰਪੂਰਨਤਾ ਸਮੇਂ ਪੜ੍ਹਨ ਜਾਂ ਨਾ ਪੜ੍ਹਨ ਦੀ ਚੋਣ ਦਿੱਤੀ ਹੋਈ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਰਚਨਾ ਨੂੰ ਗੁਰੂ ਕ੍ਰਿਤ ਨਹੀਂ ਮੰਨਿਆਂ ਗਿਆ ਕਿਉਂਕਿ ਇਸ ਨੂੰ ਪੜ੍ਹੇ ਤੋਂ ਬਿਨਾਂ ਵੀ ਪਾਠਾਂ ਦੀ ਸੰਪੂਰਨਤਾ ਸੰਭਵ ਹੈ {ਸਿੱਖ ਰਹਤ ਮਰਯਾਦਾ ਪੰਨਾਂ 18, ਭੋਗ ਮੱਦ {ੳ} ਆਰਟੀਕਲ 4} । ਇਹੋ ਜਿਹੀਆਂ ਸੱਤ ਹੋਰ ਰਚਨਾਵਾਂ ਉਤਾਰਿਆਂ ਸਮੇਂ ਬੀੜ ਵਿੱਚ ਵਾਧੂ ਜੋੜੀਆਂ ਗਈਆਂ ਸਨ ਜੋ ਸਮਝ ਆ ਜਾਣ ਤੇ ਕਿ ਇਹ ਵਾਧੂ ਹਨ ਹੁਣ ਛਾਪਣੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਰਾਗ ਮਾਲ਼ਾ ਅਜੇ ਵਿੱਚੇ ਹੀ ਹੈ, ਸ਼ਾਇਦ ਇਸ ਦੇ ਵਾਧੂ ਰਚਨਾ ਹੋਣ ਦੀ ਸਮਝ ਵਾਸਤੇ ਅਜੇ ਹੋਰ ਸਦੀਆਂ ਲੱਗਣਗੀਆਂ ।ਇਹ ਹੋਰ ਵਾਧੂ ਰਚਨਾਵਾਂ ਸਨ-
1. ਰਾਗੁ ਸੋਰਠਿ ਵਿੱਚ ਇੱਕ ਸ਼ਬਦ-ਅਉਧੂ ਸੋ ਜੋਗੀ ਗੁਰੁ ਮੇਰਾ ।
2. ਮਾਰੂ ਰਾਗ ਵਿੱਚ ਮੀਰਾਂ ਬਾਈ ਦਾ ਇੱਕ ਸ਼ਬਦ ।
3. ਤਿੰਨ ਸ਼ਲੋਕਾਂ ਦਾ ਸੰਗ੍ਰਿਹ- ਜਿਤੁ ਦਰਿ ਲਖ ਮੁਹੰਮਦਾ, ਏਸੁ ਕਲੀਓਂ ਪੰਜ ਭੀਤੀਓਂ ਅਤੇ ਦ੍ਰਿਸਟਿ ਨ ਰਹੀਆ ਨਾਨਕਾ ।
4. ਸੋਲ਼ਾਂ ਪਦਿਆਂ ਦਾ ਇੱਕ ਸ਼ਬਦ-ਬਾਇ ਆਤਸ ਆਬ ਮਹਲਾ ਪਹਿਲਾ ।
5. ਪੱਚੀ ਪਦਿਆਂ ਦੀ ਰਚਨਾ ਰਤਨ ਮਾਲ਼ਾ ।
6. ਹਕੀਕਤ ਰਾਹ ਮੁਕਾਮ ਸਿਵਨਾਭਿ ਰਾਜੇ ਕੀ, ਵਰਤਕ ਰਚਨਾ ।
7. ਸਿਆਹੀ ਦੀ ਬਿਧੀ । (ਦੇਖੋ ਮਹਾਨ ਕੋਸ਼)
ਇਸ ਰਚਨਾ ਬਾਰੇ ਖ਼ਾਲਸਾ ਨਿਊਜ਼ ਰਾਹੀਂ ਕਈ ਲੇਖ ਪਹਿਲਾਂ ਹੀ ਪਾਠਕ ਪੜ੍ਹ ਚੁੱਕੇ ਹਨ, ਹੋਰ ਵਿਸਥਾਰ ਦੇਣ ਦੀ ਲੋੜ ਨਹੀਂ ਹੈ ।
ਸ਼੍ਰੀ ਰਾਗ ਤੋਂ ਪਹਿਲਾਂ ਲਿਖੀ ਬਾਣੀ ਦਾ ਮੰਤਵ ਕੀ ਹੈ?
ਉਪਰੋਕਤ ਵਿਚਾਰ ਵਿੱਚ ਦੇਖਿਆ ਹੈ ਕਿ ਬਾਣੀ ਦਰਜ ਕਰਨ ਦੀਆਂ ਤਰਤੀਬਾਂ ਵਿੱਚੋਂ ਪਹਿਲੀ ਤਰਤੀਬ, ਭਾਵ, ਸ਼੍ਰੀ ਰਾਗ ਤੋਂ ਪਹਿਲਾਂ ਦਰਜ ਕੀਤੀ ਬਾਣੀ ਦੀ ਤਰਤੀਬ ਬਿਲਕੁਲ ਅੱਡਰੀ ਕਿਸਮ ਦੀ ਅਤੇ ਵਿਲੱਖਣ ਹੈ । ਇਹ ਵਿਲੱਖਣਤਾ ਸ਼੍ਰੀ ਰਾਗ ਦੀ ਆਰੰਭਤਾ ਤਕ ਲਿਖੀ ਬਾਣੀ ਨੂੰ ਸਿੱਖ ਦੇ ਜੀਵਨ ਦਾ ਨਿੱਤ ਦਾ ਜ਼ਰੂਰੀ ਅੰਗ ਬਣਾਉਣ ਕਰ ਕੇ ਹੈ {ਸਾਰੀ ਬਾਣੀ ਹੀ ਜੀਵਨ ਦਾ ਆਧਾਰ ਹੈ ਪਰ ਸਾਰੀ ਬਾਣੀ ਰੋਜ਼ਾਨਾ ਨਹੀਂ ਪੜ੍ਹੀ ਜਾ ਸਕਦੀ । ਨਿੱਤਨੇਮ ਦੀ ਬਾਣੀ ਰੋਜ਼ਾਨਾ ਪੜ੍ਹਨ ਵਾਸਤੇ ਹੈ ਤਾਂ ਜੁ ਬਾਣੀ ਪੜ੍ਹਨ/ਸੁਣਨ ਦਾ ਚਾਉ ਬਣਿਆ ਰਹੇ । ਨਿੱਤਨੇਮ ਦੀ ਬਾਣੀ ਪੜ੍ਹਨ ਦਾ ਇਹ ਭਾਵ ਕਦਾਚਿੱਤ ਨਹੀਂ ਕਿ ਹੋਰ ਕੋਈ ਬਾਣੀ ਪੜ੍ਹਨੀ ਹੀ ਨਹੀਂ । ਅਰਥ ਵਿਚਾਰ ਸਹਿਤ ਸਹਜ ਪਾਠ ਜਾਰੀ ਰਹਿਣਾ ਚਾਹੀਦਾ ਹੈ ।} ਤਾਂ ਜੁ ਗੁਰੂ ਪਰਮੇਸ਼ਰ ਦੀ ਸਿਫ਼ਤਿ ਸਲਾਹ ਦੀ ਬਾਣੀ ਨਾਲ਼ ਸਿੱਖ ਜੁੜਿਆ ਰਹੇ ਅਤੇ ਆਮ ਹਾਲਤਾਂ ਵਿੱਚ ਕੋਈ ਨਾਗਾ ਨਾ ਪਵੇ । ਸਹਜ ਪਾਠ ਨੂੰ ਕੋਈ ਕਈ ਦਿਨ ਜਾਰੀ ਨਾ ਰੱਖੇੇ ਜਾਂ ਕਿਤੇ ਕਿਤੇ ਪੜ੍ਹਦਾ ਰਹੇ ਤਾਂ ਕੁੱਝ ਨਹੀਂ ਵਿਗੜਦਾ ਪਰ ਆਮ ਹਾਲਤ ਵਿੱਚ ਨਿੱਤਨੇਮ ਕੋਈ ਕਈ ਦਿਨ ਨਹੀਂ ਛੱਡਦਾ ਜਾਂ ਕਿਤੇ ਕਿਤੇ ਨਹੀਂ ਪੜ੍ਹਦਾ । ਨਿੱਤਨੇਮ ਕੋਈ ਤੋਤਾ ਰਟਨੀ ਪਾਠ ਨਹੀਂ ਹੈ ਸਗੋਂ ਨਿੱਤ ਹੀ ਗੁਰ ਸ਼ਬਦਾਂ ਦੀ ਅਰਥ-ਵਿਚਾਰ ਵਿੱਚੋਂ ਨਾਮ ਦਾ ਲਾਹਾ ਖੱਟਣਾ ਹੈ; ਨਿੱਤ ਹੀ ਬਾਣੀ ਦੀ ਵਿਚਾਰ ਨਾਲ਼ ਜੁੜੇ ਰਹਿਣਾ ਹੈ । ਆਮ ਹਾਲਤ ਵਿੱਚ ਨਿੱਤ ਰੋਟੀ ਖਾਣ ਦਾ ਨੇਮ ਭੰਗ ਨਹੀਂ ਹੁੰਦਾ, ਨਿੱਤ ਇਸ਼ਨਾਨ ਕਰਨ ਦਾ ਨੇਮ ਭੰਗ ਨਹੀਂ ਹੁੰਦਾ, ਮੱਛੀ ਨਿੱਤ ਪਾਣੀ ਵਿੱਚ ਰਹਿਣ ਵਾਲ਼ਾ ਨੇਮ ਆਮ ਅਤੇ ਖ਼ਾਸ ਹਾਲਤ ਵਿੱਚ ਵੀ ਭੰਗ ਨਹੀਂ ਕਰਦੀ ਕਿਉਂਕਿ ਪਾਣੀ ਤੋਂ ਬਾਹਰ ਉਸ ਨੂੰ ਮੌਤ ਦਿਖਾਈ ਦਿੰਦੀ ਹੈ ।
ਬਾਣੀ ਕੋਈ ਵੀ ਹੋਵੇ, ਅਰਥ ਵਿਚਾਰ ਸਹਿਤ ਪੜ੍ਹੀ ਹੀ ਮਨ ਵਿੱਚ ਗੁਰੂ ਪਰਮੇਸ਼ਰ ਨਾਲ਼ ਪਿਆਰ ਪੈਦਾ ਕਰ ਸਕਦੀ ਹੈ ਅਤੇ ਮਨਮਤਾਂ ਤੋਂ ਬਚਿਆ ਜਾ ਸਕਦਾ ਹੈ । ਬਾਣੀ ਦਾ ਪਾਠ ਕਰਦਾ ਹੋਇਆ ਵੀ ਜੇ ਕੋਈ ਮਨਮਤਾਂ ਕਰੀ ਜਾਂਦਾ ਹੈ ਤਾਂ ਗੱਲ ਪੱਕੀ ਹੈ ਕਿ ਉਸ ਨੇ ਬਾਣੀ ਦੇ ਅਰਥ ਨਹੀਂ ਪੜ੍ਹੇ । ਅਜਿਹਾ ਪਾਠ ਤੋਤਾ ਰਟਨੀ ਪਾਠ ਹੀ ਕਿਹਾ ਜਾ ਸਕਦਾ ਹੈ ਭਾਵੇਂ ਉਹ ਨਿੱਤਨੇਮ ਦਾ ਹੋਵੇ ਜਾਂ ਕਿਸੇ ਹੋਰ ਬਾਣੀ ਦਾ ਪਾਠ ।
ਸ਼੍ਰੀ ਰਾਗੁ ਤੋਂ ਪਹਿਲਾਂ ਦਰਜ ਬਾਣੀ ਦੀ ਚੋਣ:
‘ਜਪੁ’ ਜੀ ਬਾਣੀ ਦੀ ਚੋਣ-
ਰਾਗ ਮੁਕਤ ਬਾਣੀ ਤੀਜੀ ਤਰਤੀਬ ਅਨੁਸਾਰ ਲਿਖੀ ਬਾਣੀ ਹੈ ਜੋ ਜੈਜਾਜੰਤੀ ਰਾਗ ਤੋਂ ਅਗਾਂਹ ਅੰਤ ਤਕ ਦਰਜ ਹੈ । ‘ਜਪੁ’ ਜੀ ਬਾਣੀ ਵੀ ਰਾਗ-ਮੁਕਤ ਹੋਣ ਕਰ ਕੇ ਇਸੇ ਭਾਗ ਵਿੱਚ ਦਰਜ ਹੋਣੀ ਸੀ ਪਰ ਪੰਜਵੇਂ ਗੁਰੂ ਜੀ ਨੇ ਇਸ ਬਾਣੀ ਨੂੰ ਇਸ ਭਾਗ ਵਿੱਚ ਦਰਜ ਕਰਨ ਦੀ ਥਾਂ ਸ਼੍ਰੀ ਰਾਗੁ ਤੋਂ ਪਹਿਲਾਂ ਦਰਜ ਕੀਤੀ ਬਾਣੀ ਵਿੱਚ ਸ਼ਾਮਲ ਕਰ ਲਿਆ । ਇਸ ਤੋਂ ਸਪੱਸ਼ਟ ਹੈ ਕਿ ਪੰਜਵੇਂ ਗੁਰੂ ਜੀ ਪਹਿਲੇ ਗੁਰੂ ਜੀ ਤੋਂ ਚੱਲਿਆ ਆ ਰਿਹਾ ਨਿੱਤਨੇਮ ਵੱਖਰੀ ਥਾਂ ਤੇ ਲਿਖਣਾ ਚਾਹੁੰਦੇ ਸਨ ਤਾਂ ਜੁ ਇਸ ਦੀ ਪਛਾਣ ਵਿੱਚ ਕੋਈ ਔਖ ਨਾ ਰਹੇ ।
‘ਸੋ ਦਰੁ’ ਦਾ ਸੰਗ੍ਰਿਹ: ਇਸ ਸੰਗ੍ਰਿਹ ਦੇ ਸਾਰੇ ਸ਼ਬਦ ਨਵੇਂ ਨਹੀਂ ਸਗੋਂ ਰਾਗਾਂ ਅਨੁਸਾਰ ਲਿਖੀ ਬਾਣੀ ਵਿੱਚੋਂ ਹੀ ਚੁਣੇ ਗਏ ਹਨ । ਕੁੱਝ ਪਹਿਲੇ ਗੁਰੂ ਜੀ ਦੇ ਸਮੇਂ ਤੋਂ ਚੱਲ਼ੇ ਆ ਰਹੇ ਸਨ ਅਤੇ ਕੁੱਝ ਪੰਜਵੇਂ ਗੁਰੂ ਜੀ ਨੇ ਆਪ ਦਰਜ ਕਰ ਲਏ । ਇਨ੍ਹਾਂ ਸ਼ਬਦਾਂ ਨੂੰ ਚੁਣ ਕੇ ਦੁਬਾਰਾ ਲਿਖ ਕੇ ਸੰਗ੍ਰਿਹ ਬਣਾਉਣਾ ਦੱਸਦਾ ਹੈ ਕਿ ਇਹ ਸਿੱਖ ਕੌਮ ਲਈ ਪਹਿਲਾਂ ਚੱਲਦੇ ਹੋਏ ਨਿੱਤਨੇਮ ਨੂੰ ਸਦਾ ਲਈ ਨਿਸਚਿਤ ਕਰਨਾ ਹੀ ਹੈ ।
‘ਸੋ ਪੁਰਖ’ ਦਾ ਸੰਗ੍ਰਿਹ:
ਇਹ ਸੰਗ੍ਰਿਹ ਨਵਾਂ ਹੈ ਜਿਸ ਦੇ ਸਾਰੇ ਸ਼ਬਦ ਰਾਗਾਂ ਵਾਲ਼ੇ ਸ਼ਬਦਾਂ ਦੇ ਭਾਗ ਵਿੱਚੋਂ ਹੀ ਚੁਣੇ ਗਏ ਹਨ ਜਿਸ ਤੋਂ ਸਪੱਸ਼ਟ ਹੈ ਕਿ ਇਹ ਵਿਸ਼ੇਸ਼ ਸੰਗ੍ਰਿਹ ਨਿੱਤਨੇਮ ਦਾ ਹਿੱਸਾ ਬਣਾਇਆ ਗਿਆ ਹੈ ।
‘ਸੋਹਿਲਾ’ ਸੰਗ੍ਰਿਹ:
ਇਸ ਸੰਗ੍ਰਿਹ ਦੇ ਪਹਿਲੇ 3 ਸ਼ਬਦ ਪਹਿਲੇ ਗੁਰੂ ਜੀ ਸਮੇਂ ਨਿੱਤਨੇਮ ਦਾ ਭਾਗ ਸਨ । ਪੰਜਵੇਂ ਗੁਰੂ ਜੀ ਨੇ ਇਨ੍ਹਾਂ ਵਿੱਚ ਦੋ ਹੋਰ ਸ਼ਬਦ ਕੇ ਪੰਜ ਸ਼ਬਦਾਂ ਦਾ ਸੰਗ੍ਰਿਹ ਬਾ ਦਿੱਤਾ । ਇਸ ਸੰਗ੍ਰਿਹ ਦੇ ਸਾਰੇ ਸ਼ਬਦ ਹੀ ਰਾਗਾਂ ਵਾਲ਼ੇ ਦਰਜ ਸ਼ਬਦਾਂ ਦੇ ਭਾਗ ਵਿੱਚੋਂ ਹੀ ਹਨ ਜਿਸ ਤੋਂ ਸਪੱਸ਼ਟ ਹੈ ਕਿ ਇਹ ਸੰਗ੍ਰਿਹ ਬਣਾਉਣ ਦਾ ਮੰਤਵ ਨਿੱਤਨੇਮ ਨੂੰ ਨਿਰਧਾਰਤ ਕਰਨਾ ਹੈ ।
ਸ਼੍ਰੀ ਰਾਗ ਤੋਂ ਪਹਿਲਾਂ ਦਰਜ ਬਾਣੀ ਨੂੰ ਨਿੱਤਨੇਮ ਕਿਉਂ ਕਿਹਾ ਜਾਂਦਾ ਹੈ, ਇਸ ਦੇ ਹੇਠ ਲਿਖੇ ਕਾਰਣ ਹਨ-
ੳ). ਪਹਿਲੇ ਗੁਰੂ ਜੀ ਵਲੋਂ ਬਣਾਏ ਨਿੱਤਨੇਮ ਨੂੰ ਅਗਾਂਹ ਤੋਰਨਾ ਅਤੇ ਪੰਜਵੇਂ ਗੁਰੂ ਜੀ ਵਲੋਂ ਬਣਾਏ ਗਏ ਵਿਸ਼ੇਸ਼ ਸੰਗ੍ਰਿਹ ਅਤੇ ਰਾਗ-ਮੁਕਤ ਬਾਣੀ ਵਿੱਚ ‘ਜਪੁ’ ਜੀ ਨੂੰ ਨਾ ਦਰਜ ਕਰਨਾ ।
ਅ). ਭਾਈ ਗੁਰਦਾਸ ਜੀ ਦੀਆ ਵਾਰਾਂ ਵਿੱਚੋਂ ਇਸ ਨਿੱਤਨੇਮ ਦੀ ਗਵਾਹੀ: ਪਹਿਲੇ ਗੁਰੂ ਜੀ ਵਲੋਂ ਨਿਸਚਿਤ ਕੀਤੇ ਨਿੱਮਨੇਮ ਦੀ ਗਵਾਹੀ ਭਾਈ ਗੁਰਦਾਸ ਦੀਆਂ ਰਚੀਆਂ ਵਾਰਾਂ ਵਿੱਚੋਂ ਮਿਲ਼ਦੀ ਹੈ । {ਇਸੇ ਨਿੱਤਨੇਮ ਵਿੱਚ ਹੀ ਪੰਜਵੇਂ ਗੁਰੂ ਜੀ ਵਲੋਂ ਵਾਧੇ ਕਰ ਕੇ ਇਸ ਨੂੰ ਅੰਤਮ ਰੂਪ ਦੇ ਕੇ ਵੱਖਰੇ ਤੌਰ ਤੇ ਇਸ ਨੂੰ ਸ਼੍ਰੀ ਰਾਗ ਤੋਂ ਬਾਣੀ ਆਰੰਭ ਕਰਨ ਤੋਂ ਪਹਿਲਾਂ ਦਰਜ ਦਰਜ ਕੀਤਾ ਗਿਆ ਸੀ} ।
1. ਸ਼੍ਰੀ ਕਰਤਾਰ ਪੁਰ ਵਿੱਚ ਪਹਿਲੇ ਗੁਰੂ ਜੀ ਵਲੋਂ ਬਣਾਈ ਧਰਮਸ਼ਾਲਾ (ਗੁਰਦੁਆਰੇ) ਵਿੱਚ ਪਹਿਲੇ ਗੁਰੂ ਜੀ ਦਾ ਬਣਾਇਆ ਨਿੱਤਨੇਮ ਪ੍ਰਚੱਲਤ ਕੀਤਾ ਜਾ ਚੁੱਕਾ ਸੀ । ਦੇਖੋ ਪਹਿਲੀ ਵਾਰ ਦੀ ਇੱਕ ਪਉੜੀ-
ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖ ਉਦਾਸੀ ਸਗਲ ਉਤਾਰਾ॥
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ॥
ਉਲਟੀ ਗੰਗ ਵਹਾਈਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ॥
ਪੁਤਰੀ ਕਉਲੁ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ॥
ਬਾਣੀ ਮੁਖਹੁ ਉਚਾਰੀਐ ਹੋਇ ਰੁਸਨਾਈ ਮਿਟੈ ਅੰਧਾਰਾ॥
ਗਿਆਨੁ ਗੋਸ਼ਟਿ ਚਰਚਾ ਸਦਾ ਅਨਹਦ ਸ਼ਬਦਿ ਉਠੇ ਧੁਨਕਾਰਾ॥
ਸੋ ਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ॥
ਗੁਰਮੁਖਿ ਭਾਰ ਅਥਰਬਣ ਤਾਰਾ ॥38॥
ਵਿਚਾਰ: ਸ੍ਰੀ ਰਾਗੁ ਤੋਂ ਪਹਿਲਾਂ ਲਿਖੀ ਬਾਣੀ ਨਿੱਤਨੇਮ ਹੀ ਹੈ । ਭਾਈ ਗੁਰਦਾਸ ਨੇ ਗਵਾਹੀ ਭਰਦਿਆਂ ਲਿਖਿਆ ਹੈ ਕਿ ਕਰਤਾਰਪੁਰ ਵਿੱਚ ਬਾਣੀ ਦਾ ਪ੍ਰਵਾਹ ਚੱਲਦਾ ਸੀ । ‘ਸੋ ਦਰੁ’ ਦਾ ਪਾਠ ਗਾ ਕੇ ਕੀਤਾ ਜਾਂਦਾ ਸੀ ਤੇ ਅਮ੍ਰਿਤ ਵੇਲੇ ‘ਜਪੁ’ ਜੀ ਦਾ ਉਚਾਰਨ (ਪਾਠ) ਕੀਤਾ ਜਾਂਦਾ ਸੀ । ‘ਸੋ ਪੁਰਖੁ’ ਰਚਨਾ ਉਸ ਵੇਲੇ ਨਹੀਂ ਸੀ ਕਿਉਂਕਿ ਇਹ ਚੌਥੇ ਗੁਰੂ ਜੀ ਦੀ ਰਚਨਾ ਹੈ । ਇਸ ਪਉੜੀ ਅਨੁਸਾਰ ਕਰਤਾਰਪੁਰ ਵਿੱਚ ਨਿੱਤਨੇਮ ਪ੍ਰਚੱਲਤ ਕਰ ਦਿੱਤਾ ਗਿਆ ਸੀ ।
2. ਭਾਈ ਗੁਰਦਾਸ ਨੇ ਸੋਹਿਲੇ ਦੀ ਬਾਣੀ ਨਿੱਤਨੇਮ ਵਜੋਂ ਪੜ੍ਹੇ ਜਾਣ ਦਾ ਜ਼ਿਕਰ ਛੇਵੀਂ ਵਾਰ ਦੀ ਤੀਜੀ ਪਉੜੀ ਵਿੱਚ ਕਰ ਦਿੱਤਾ ਹੈ । ਕਰਤਾਰਪੁਰ ਦੀ ਮਰਯਾਦਾ ਵਾਲ਼ੀ ਪਉੜੀ ਵਿੱਚ ‘ਸੋ ਦਰੁ’ ਪੜ੍ਹਨ/ਗਾਉਣ ਦਾ ਸਮਾਂ ਨਹੀਂ ਦੱਸਿਆ ਗਿਆ ਸੀ ਜੋ ਹੇਠ ਲਿਖੀ ਪਉੜੀ ਵਿੱਚ ਲਿਖ ਦਿੱਤਾ ਗਿਆ ਹੈ । ਪੁਰਾਤਨ ਗੁਰਮੁਖਾਂ ਦੀ ਨਿੱਤ ਦੀ ਧਾਰਮਿਕ ਕਿਰਿਆ ਦੀ ਜਾਣਕਾਰੀ ਲੈਣ ਲਈ ਦੇਖੋ ਇਹ ਪਉੜੀ-
ਅੰਮ੍ਰਿਤ ਵੇਲੇ ਉਠਿ ਕੇ ਜਾਇ ਅੰਦਰਿ ਦਰੀਆਉ ਨ੍ਹਵੰਦੇ॥
ਸਹਜਿ ਸਮਾਧਿ ਅਗਾਧ ਵਿਚਿ ਇਕ ਮਨ ਹੋਇ ਗੁਰ ਜਾਪੁ ਜਪੰਦੇ॥ ਮਥੈ ਟਿਕੇ ਲਾਲ ਲਾਇ ਸਾਧ ਸੰਗਤਿ ਚਲਿ ਜਾਇ ਬਹੰਦੇ॥
ਸਬਦ ਸੁਰਤਿ ਲਿਵਲੀਣੁ ਹੋਇ ਸਤਿਗੁਰ ਬਾਣੀ ਗਾਇ ਸੁਣੰਦੇ॥
ਭਾਇ ਭਗਤਿ ਭੈ ਵਰਤਮਾਨਿ ਗੁਰ ਸੇਵਾ ਗੁਰ ਪੁਰਬ ਕਰੰਦੇ॥
ਸੰਝੈ ਸੋਦਰੁ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ॥
ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦੁ ਵੰਡੰਦੇ॥
ਗੁਰਮੁਖਿ ਸੁਖ ਫਲੁ ਪਿਰਮ ਚਖੰਦੇ ॥3॥
ਮਥੈ ਟਿਕੇ ਲਾਲ ਲਾਇ- ਰੱਬੀ ਨਾਮ ਦੀ ਲਾਲੀ ਦੇ ਜਿਵੇਂ ਸਿੱਖਾਂ ਦੇ ਮੱਥੇ ਉੱਤੇ ਟਿੱਕੇ ਚਮਕ ਰਹੇ ਹੋਣ ।
ਵਿਚਾਰ: ਇਸ ਪਉੜੀ ਦੀ ਵਿਚਾਰ ਤੋਂ ਪਤਾ ਲੱਗਦਾ ਹੈ ਕਿ ਸੰਝ (ਸ਼ਾਮ ਨੂੰ) ਵੇਲੇ ‘ਸੋ ਦਰੁ’ ਗਾਇਆ ਜਾਂਦਾ ਸੀ । ਰਾਤ ਨੂੰ ‘ਸੋਹਿਲਾ’ ਪੜ੍ਹ ਗਾ ਕੇ ਕੀਰਤੀ ਕੀਤੀ ਜਾਂਦੀ ਸੀ । ਸੋਹਿਲੇ ਵਿੱਚ ਹੀ ਆਰਤੀ ਦੀ ਵਿਆਖਿਆ ਵਾਲ਼ਾ ਸ਼ਬਦ ਵੀ ਦਰਜ ਸੀ । ਹੁਣ ਵੀ ‘ਸੋਹਿਲਾ’ ਸੰਗ੍ਰਿਹ ਦੇ ਪਹਿਲੇ 3 ਸ਼ਬਦ ਪਹਿਲੇ ਗੁਰੂ ਜੀ ਦੇ ਹੀ ਹਨ ।
ੲ) . ਸ਼੍ਰੋ. ਕਮੇਟੀ ਵਲੋਂ ਇਸ ਬਾਣੀ ਨੂੰ ਨਿੱਤਨੇਮ ਮੰਨਿਆਂ ਗਿਆ:
ਸਿੱਖ ਰਹਤ ਮਰਯਾਦਾ ਵਿੱਚ ਸ਼੍ਰੋ. ਕਮੇਟੀ ਵਲੋਂ ਲਿਖੇ ਨਿੱਤਨੇਮ ਨੂੰ ਲਿਖਣ ਲਈ ਸ਼੍ਰੀ ਰਾਗ ਤੋਂ ਪਹਿਲਾਂ ਦਰਜ ਨਿੱਤਨੇਮ ਦੀ ਬਾਣੀ ਨੂੰ ਹੀ ਆਧਾਰ ਬਣਾਇਆ ਗਿਆ ਹੈ ਜਿਸ ਵਿੱਚ ਮਨਮਰਜ਼ੀ ਨਾਲ਼ ਸ਼੍ਰੋ. ਕਮੇਟੀ ਵਲੋਂ ਗ਼ੈਰ ਜ਼ਰੂਰੀ ਵਾਧੇ ਕੀਤੇ ਗਏ ਹਨ, ਭਾਵੇਂ, ਇਹ ਵਾਧੇ ਕਿਸੇ ਗੁਰੂ ਪਾਤਿਸ਼ਾਹ ਜੀ ਦੀ ਪ੍ਰਵਾਨਗੀ ਨਾਲ਼ ਨਹੀਂ ਕੀਤੇ ਗਏ । ਇੱਕ ਗੱਲ ਤਾਂ ਸਪੱਸ਼ਟ ਹੈ ਕਿ ਸ਼੍ਰੋ. ਕਮੇਟੀ ਨੇ ‘ਸ਼੍ਰੀ ਰਾਗੁ’ ਤੋਂ ਪਹਿਲਾਂ ਲਿਖੀ ਬਾਣੀ ਨੂੰ ਨਿਤਨੇਮ ਹੀ ਪ੍ਰਵਾਨ ਕੀਤਾ ਹੈ ਨਹੀਂ ਤਾਂ ਉਸ ਨੂੰ ਇਹ ਬਾਣੀਆਂ ਨਿੱਤਨੇਮ ਵਿੱਚ ਰੱਖਣ ਦੀ ਲੋੜ ਨਹੀਂ ਸੀ ।
ਸ). ਪੁਰਾਤਨ ਗੁਟਕਿਆਂ ਤੋਂ ਮਿਲ਼ੇ ਸਬੂਤ:
* ਖ਼ਾਲਸਾ ਨਿਊਜ਼ ਰਾਹੀਂ ਇੱਕ ਹੱਥ ਲਿਖਤ ਪੁਰਾਤਨ ਗੁਟਕਾ ਦਿਖਾਇਆ ਗਿਆ ਸੀ ਜਿਸ ਵਿੱਚ ਸ਼੍ਰੀ ਰਾਗ ਤੋਂ ਪਹਿਲਾਂ ਦਰਜ ਬਾਣੀਆਂ ਨਿੱਤਨੇਮ ਰੂਪ ਵਿੱਚ ਮਿਲ਼ਦੀਆਂ ਹਨ । ਗੁਟਕਾ ਤਕਰੀਬਨ 250-300 ਸਾਲ ਪੁਰਾਣਾ ਹੈ ।
* ਕਿਲ੍ਹਾ ਪਟਿਆਲ਼ਾ ਵਿੱਚ ਭਾਈ (ਬਾਬਾ) ਆਲਾ ਸਿੰਘ ਦੇ ਬੁਰਜ ਵਿੱਚ ਇੱਕ ਦਸ਼ਮੇਸ਼ ਗੁਟਕਾ ਹੈ ਜਿਸ ਵਿੱਚ ਸ਼੍ਰੀ ਰਾਗ ਤੋਂ ਪਹਿਲਾਂ ਦਰਜ ਬਾਣੀਆਂ ਨਿੱਤਨੇਮ ਵਜੋਂ ਲਿਖੀਆਂ ਹੋਈਆਂ ਹਨ । ਮਹਾਨ ਕੋਸ਼ ਵਿੱਚ ‘ਪਟਿਆਲ਼ਾ’ ਸ਼ਬਦ ਅਧੀਨ ਇਹ ਜਾਣਕਾਰੀ ਦਿੱਤੀ ਗਈ ਹੈ ।
ਹ). ਪ੍ਰੋ. ਸਾਹਿਬ ਸਿੰਘ ਗੁਰਬਾਣੀ ਵਿਆਕਰਣ ਦੇ ਖੋਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਸਾਰੀ ਬਾਣੀ ਦਾ 10 ਪੋਥੀਆਂ ਵਿੱਚ ਕੀਤਾ ਟੀਕਾ ਜੋ ਗੁਰਬਾਣੀ ਵਿਆਕਰਣ ਉੱਤੇ ਆਧਾਰਤ ਹੈ) ਰਚਣ ਵਾਲ਼ੇ ਅਤੇ ਸਿੱਖ ਇਤਿਹਾਸ ਦੀ ਖੋਜ ਗੁਰਬਾਣੀ ਦੀ ਕਸਵੱਟੀ ਉੱਤੇ ਪਰਖ ਕੇ ਕਈ ਵਡਮੁੱਲੀਆਂ ਪੁਸਤਕਾਂ ਰਚਣ ਵਾਲ਼ੇ ਸਿੱਖ ਵਿਦਵਾਨ ਸਨ । ਦੇਖੋ ਉਨ੍ਹਾਂ ਨੇ ਸ਼੍ਰੀ ਰਾਗ ਤੋਂ ਪਹਿਲਾਂ ਦਰਜ ਬਾਣੀ ਬਾਰੇ ਆਪਣੇ ਵਿਚਾਰ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਵਿੱਚ ਕਿਵੇਂ ਲਿਖੇ ਹਨ-
“ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਦਰਲੀ ਬਣਤਰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਸਭ ਤੋਂ ਪਹਿਲਾਂ ‘ਮੂਲ ਮੰਤ੍ਰ’ ਹੈ ਜੋ ‘ਗੁਰ ਪ੍ਰਸਾਦਿ’ ’ਤੇ ਮੁੱਕ ਜਾਂਦਾ ਹੈ। ਇਸ ਤੋਂ ਅਗਾਂਹ ਸਭ ਤੋਂ ਪਹਿਲੀ ਬਾਣੀ ‘ਜਪੁ’ ਹੈ, ਜੋ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਹੈ। ਇਸ ਵਿਚ 38 ਪਉੜੀਆਂ ਹਨ, ਦੋ ਸ਼ਲੋਕ ਭੀ ਹਨ; ਇਕ ਸ਼ੁਰੂ ਵਿਚ, ਤੇ, ਇਕ ਅਖ਼ੀਰ ਵਿਚ। ਇਸ ਬਾਣੀ ਦਾ ਸਵੇਰੇ ਪਾਠ ਕਰਨ ਦੀ ਹਿਦਾਇਤ ਹੈ। ਇਸ ਤੋਂ ਅਗਲੀ ਬਾਣੀ ਦੇ ਦੋ ਹਿੱਸੇ ਹਨ-‘ਸੋਦਰੁ’ ਅਤੇ ‘ਸੋਪੁਰਖੁ’। ‘ਸੋਦਰੁ’ ਵਿਚ 5 ਸ਼ਬਦ ਹਨ, ਅਤੇ ‘ਸੋਪੁਰਖੁ’, ਵਿਚ 4 ਸ਼ਬਦ। ਇਹ ਬਾਣੀ ਸ਼ਾਮ ਵੇਲੇ ਪੜ੍ਹੀਦੀ ਹੈ, ਇਸ ਨੂੰ ‘ਰਹਿਰਾਸਿ’ ਭੀ ਆਖਦੇ ਹਾਂ। ਇਸ ਤੋਂ ਅੱਗੇ ‘ਸੋਹਿਲਾ’ ਹੈ, ਇਸ ਵਿਚ 5 ਸ਼ਬਦ ਹਨ। ਰਾਤ ਨੂੰ ਸੌਣ ਸਮੇਂ ਇਸ ਦਾ ਪਾਠ ਕਰਨ ਦੀ ਹਿਦਾਇਤ ਹੈ। ਅਗਾਂਹ ਬਾਣੀ ਰਾਗਾਂ ਅਨੁਸਾਰ ਦਰਜ ਹੈ” ।
ਇੱਕੋ ਇੱਕ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ।