ਸਬਦੁ ਗੁਰੂ ਸੁਰਤਿ ਧੁਨਿ ਚੇਲਾ (ਸਿਧ ਗੋਸ਼ਟਿ, ਪੰਨਾ 943, ਸ਼ਬਦ ਗੁਰੂ ਗ੍ਰੰਥ ਸਾਹਿਬ ਜੀ)
ਧੰਨੁ ਗੁਰੂ ਨਾਨਕ ਸਾਹਿਬ ਪਾਤਿਸ਼ਾਹ ਨੇ ਦੇਹ ਧਾਰ ਕੇ ਦਸ ਜਾਮਿਆਂ ਵਿੱਚ ਆਪਣਾ ਮਿਸ਼ਨ ਸੰਪੂਰਨ ਕਰਕੇ ਦਸਵੇਂ ਜਾਮੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰ-ਗੱਦੀ ਬਖ਼ਸ਼ ਦਿੱਤੀ। ਇਸ ਤਰ੍ਹਾਂ ਦੇਹਧਾਰੀ ਗੁਰੂ ਵਾਲ਼ਾ ਸਿਲਸਿਲਾ ਸਿੱਖੀ ਵਿੱਚ ਬੰਦ ਕਰ ਦਿੱਤਾ ਗਿਆ। ਪਹਿਲੇ ਜਾਮੇ ਵਿੱਚ ਹੀ ਗੁਰੂ ਜੀ ਨੇ ਗੁਰਬਾਣੀ ਨੂੰ ਭਾਵ ਸ਼ਬਦ ਨੂੰ ਗੁਰੂ ਕਹਿਣਾ ਸ਼ੁਰੂ ਕਰ ਦਿੱਤਾ ਸੀ। ਨਾਸ਼ਵਾਨ ਸ਼ਰੀਰ ਨਾਲੋਂ ਮੋਹ ਤੋੜ ਕੇ ਸੁਰਤਿ ਨੂੰ ਸ਼ਬਦ ਵਿੱਚ ਟਿਕਾaੁਣ ਤੇ ਜ਼ੋਰ ਦੇਣਾ ਸ਼ੁਰੂ ਹੋ ਗਿਆ ਸੀ।
ਸਿੱਧਾਂ ਨਾਲ਼ ਹੋਈ ਗੋਸ਼ਟੀ ਸਮੇਂ ਇੱਕ ਪ੍ਰਸ਼ਨ : ਕਵਣੁ ਗੁਰੂ ਜਿਸ ਕਾ ਤੂੰ ਚੇਲਾ? ਦੇ ਉੱਤਰ ਵਿੱਚ ਗੁਰੂ ਜੀ ਨੇ ਸਪੱਸ਼ਟ ਕਹਿ ਦਿੱਤਾ ਸੀ ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’ ।
ਚਉਥੇ ਜਾਮੇ ਵਿੱਚ ਕਿਹਾ ਸੀ- ‘ਬਾਣੀ ਗੁਰੂ ਗੁਰੂ ਹੈ ਬਾਣੀ—॥’
ਜਦੋਂ ਸਿੱਧਾਂ ਨੇ ਕੋਈ ਮੁਅਜ਼ਜ਼ਾ ਕਰਨ ਲਈ ਕਿਹਾ ਤਾਂ , ਭਾਈ ਗੁਰਦਾਸ ਜੀ ਅਨੁਸਾਰ, ਗੁਰੂ ਜੀ ਨੇ ਫ਼ੁਰਮਾਇਆ- ਗੁਰਬਾਣੀ ਸੰਗਤਿ ਬਿਨਾਂ ਦੂਜੀ ਓਟ ਨਹੀਂ ਹੈ ਰਾਈ॥
ਸਿੱਖਾਂ ਲਈ ‘ਗੁਰੂ ਮਾਨਿਓਂ ਗ੍ਰੰਥ’ ਦਾ ਆਦੇਸ਼ ਹੈ। ਸਿੱਖਾਂ ਨੇ ਜਾਣੇ ਅਣਜਾਣੇ ਧੰਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ‘ਦੇਹ/ਸ਼ਰੀਰ’ ਮੰਨਣ ਦਾ ਭਰਮ ਪਾਲ਼ ਲਿਆ ਹੈ। ਅਰਦਾਸਿ ਤੋਂ ਪਿੱਛੋਂ ਦੇਖੋ-ਦੇਖੀ ਪੜ੍ਹੇ ਜਾਂਦੇ ਦੋਹਰੇ ਵਿੱਚ ‘ਗੁਰੂ ਗ੍ਰੰਥ ਜੀ ਮਾਨਿਓਂ ਪ੍ਰਗਟ ਗੁਰਾਂ ਕੀ ਦੇਹ’ ਪੜ੍ਹ ਕੇ ਸ਼ਬਦ ਗੁਰੂ ਨੂੰ ਵੀ ਦੇਹ-ਧਾਰੀ ਗੁਰੂ ਬਣਾਇਆ ਜਾ ਰਿਹਾ ਹੈ ਜੋ ਗੁਰ-ਸੋਚ ਦੇ ਬਿਲਕੁਲ ਉਲ਼ਟ ਕਰਮ ਹੈ। ਇਸੇ ਦੋਹਰੇ ਤੋਂ ਭਟਕਣਾ ਵਿੱਚ ਪੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਦੀਆਂ ਵਿੱਚ ਗਰਮ ਕੱਪੜਿਆਂ ਨਾਲ਼ ਸਜਾਇਆ ਜਾ ਰਿਹਾ ਹੈ ਅਤੇ ਗਰਮੀਆਂ ਵਿੱਚ ਏ ਸੀ ਆਦਿਕ ਨਾਲ਼ ਗਰਮੀ ਦੂਰ ਕਰਨ ਦਾ ਯਤਨ ਹੋ ਰਿਹਾ ਹੈ। ਕਿਧਰੇ ਤੌਲੀਆ ਗਿੱਲਾ ਕਰਕੇ ਗਰਮੀਆਂ ਵਿੱਚ ਪੱਤਰਿਆਂ ਤੇ ਫੇਰਿਆ ਜਾ ਰਿਹਾ ਹੈ ਅਤੇ ਕਿਧਰੇ ਸ਼ਬਦ ਗੁਰੂ ਨੂੰ ਖੁੱਲ੍ਹੇ ਥਾਂ ਲਿਜਾ ਕੇ ਸੈਰ ਵੀ ਕਰਾਈ ਜਾ ਰਹੀ ਹੈ। ਜਿੰਨਾਂ ਲਗਾਅ ਸਿੱਖ ਸੰਗਤਾਂ ਦਾ ਦੇਹ-ਧਾਰੀ ਡੇਰੇ-ਦਾਰਾਂ ਨਾਲ਼ ਹੈ ਓਨਾਂ ਸ਼ਬਦ ਨਾਲ਼ ਨਹੀਂ ਹੈ ਭਾਵੇਂ ਸ਼ਬਦ ਨੂੰ ਵੀ ਦੇਹ ਹੀ ਸਮਝਿਆ ਜਾ ਰਿਹਾ ਹੈ। ਹੱਡ ਮਾਂਸ ਦੀ ਦੇਹ ਨਾਲ਼ ਵੱਧ ਨੇੜਤਾ ਹੈ ਕਿਉਂਕਿ ਗੋਡੇ ਘੁੱਟਣ ਨੂੰ ਮਿਲ਼ਦੇ ਹਨ ਤੇ ਪੈਰ ਧੋ ਕੇ ਪਾਣੀ ਪੀਣ ਨੂੰ ਮਿਲ਼ਦਾ ਹੈ। ਸ਼ਬਦ ਗੁਰੂ ਦੇ ਗੋਡੇ ਅਤੇ ਪੈਰ ਸ਼ਬਦ ਵਿੱਚ ਲਿਖਿਆ ਗੁਰ ਉਪਦੇਸ਼ ਤੇ ਉਸ ਦੀ ਕਮਾਈ ਹੈ।
ਅਗਿਆਨਤਾ ਦੀ ਹੱਦ ਓਦੋਂ ਹੁੰਦੀ ਹੈ ਜਦੋਂ ਅਰਦਾਸ ਵਿੱਚ ਪਹਿਲਾਂ ਕਿਹਾ ਜਾਂਦਾ ਹੈ- ‘ਦਸਾਂ ਪਾਤਿਸ਼ਾਹੀਆਂ ਦੀ ਜੋਤਿ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ’, ਭਾਵ ਸ਼ਬਦ ਗੁਰੂ ਨੂੰ ਜੋਤਿ ਮੰਨ ਲਿਆ ਜਾਂਦਾ ਹੈ, ਜਿਸ ਨੂੰ ਗਰਮੀ ਸਰਦੀ ਨਹੀਂ ਵਿਆਪਦੀ, ਫਿਰ ਦੋਹਰੇ ਵਿੱਚ ਇੱਸ ਦੇ ਉਲ਼ਟ ਓਸੇ ਸ਼ਬਦ ਗੁਰੂ ਨੂੰ ‘ਪ੍ਰਗਟ ਗੁਰਾਂ ਕੀ ਦੇਹ’ ਕਹਿ ਕੇ ਪਹਿਲਾਂ ਪੜ੍ਹੇ ‘ਦਸਾਂ ਪਾਤਿਸ਼ਾਹੀਆਂ ਦੀ ਜੋਤਿ’ ਵਾਲ਼ੇ ਸਿਧਾਂਤ ਤੇ ਪਾਣੀ ਫੇਰ ਦਿੱਤਾ ਜਾਂਦਾ ਹੈ।
‘ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ‘ ਦੀ ਥਾਂ ਭਾਈ ਚੌਪਾ ਸਿੰਘ ਦੇ ਲਿਖੇ ਰਹਿਤਨਾਮੇ ਵਿੱਚ ਲਿਖਿਆ ਇਹ ਵਾਕ ਪੜ੍ਹਨਾ ਚਾਹੀਦਾ ਹੈ- ‘ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ’।
ਸਿਧਾਂਤ ਹੈ – ਗੁਰੂ ਗ੍ਰੰਥ ਅਤੇ ਪੰਥ , ਭਾਵ ਗੁਰੂ ਦੀ ਜੋਤਿ ‘ਗੁਰੂ ਗ੍ਰੰਥ’ ਵਿੱਚ ਹੈ ਅਤੇ ਦੇਹ ਦੇ ਕਾਰਜ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰਮਤਿ ਅਨੁਸਾਰ ਖ਼ਾਲਸਾ ਪੰਥ ਕਰਦਾ ਹੈ। ਦੇਹ ਦੀਆਂ ਸ਼ਰੀਰਕ ਲੋੜਾਂ ਹੁੰਦੀਆਂ ਹਨ ਪਰ ਸ਼ਬਦ ਗੁਰੂ ਗਿਆਨ ਦੀਆਂ ਕੋਈ ਅਜਹੀਆਂ ਲੋੜਾਂ ਨਹੀਂ। ਦੇਹ ਨੂੰ ਖ਼ੁਰਾਕ ਦੀ ਲੋੜ ਹੈ ਪਰ ਸ਼ਬਦ ਗੁਰੂ ਨੂੰ ਖ਼ੁਰਾਕ ਨਹੀਂ ਚਾਹੀਦੀ।
—————**************—————-
Note: Only Professor Kashmira Singh is aware if this article has been published somewhere else also.