ਪੰਜਾਬੀ ਕਵਿਤਾ ( ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ. ਐੱਸ. ਏ)

ਚਮਕੌਰ ਦੀ ਗੜ੍ਹੀ ਵਿੱਚੋਂ  
ਤੁਸੀਂ ਛੱਡ ਜਾਓ ਗੜ੍ਹੀ ਸਤਿਗੁਰੂ ਜੀ,
ਸਿੱਖਾਂ ਦਾ ਸਹਾਈ ਬਾਹਰ ਕੋਈ ਨਾ।
ਸਾਹਿਬਜ਼ਾਦੇ ਦੋਵੇਂ ਹੋ ਗਏ ਸ਼ਹੀਦ ਜੀ।
ਸ਼ੀਸ਼ ਵਾਰ ਚੁੱਕੇ ਹੋਰ ਕਈ ਮੁਰੀਦ ਜੀ।
ਰੱਦ ਕਰਿਓ ਜੀ ਸਾਡੀ ਅਰਜੋਈ ਨਾ,     
ਸਿੱਖਾਂ ਦਾ ਸਹਾਈ ਬਾਹਰ ਕੋਈ ਨਾ।
ਹੁਣ ਸਮਾਂ ਨੀਂ ਤੁਹਾਡੇ ਜੰਗ ਲੜਨ ਦਾ।
ਸਮਾਂ ਪੰਥ ਦੀ ਹੈ ਵਾਗਡੋਰ ਫੜਨ ਦਾ।
ਅਜੇ ਵਿਛੁੜੇ ਹੋਇਆਂ ਦੀ ਸਾਰ ਹੋਈ ਨਾ,
ਸਿੱਖਾਂ ਦਾ ਸਹਾਈ ਬਾਹਰ ਕੋਈ ਨਾ।
ਝੂਠੇ ਬਾਦਿਸ਼ਾਹ ਨੂੰ ਜਾ ਕੇ ਸਮਝਾਓ ਜੀ।
‘ਸਤਿਨਾਮਪੁਰੀ’ ਸਿੱਖੀ ਨੂੰ ਵਧਾਓ ਜੀ।
ਮੱਠੀ ਜ਼ੁਲਮ ਦੀ ਅੱਗ ਅਜੇ ਹੋਈ ਨਾ,
ਸਿੱਖਾਂ ਦਾ ਸਹਾਈ ਬਾਹਰ ਕੋਈ ਨਾ।

 

——–*********———-

ਦਾਦੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖੀ ਦ੍ਰਿੜਾਈ
ਜ਼ਿੰਦ ਵਾਰਨੀ ਧਰਮ ਨਹੀਂ ਛੱਡਣਾ, ਦਾਦੀ ਕਹਿੰਦੀ ਪੋਤਿਆਂ ਨੂੰ।
ਤੁਸੀਂ ਸੂਬੇ ਦੀ ਕਚਹਿਰੀ ਵਿੱਚ ਜਾਵਣਾ।
ਧਿਆਨ ਪਿਤਾ ਜੀ ਦੀ ਪੱਗ ਵਿੱਚ ਲਾਵਣਾ। 
ਮੇਰੇ ਪੋਤਿਓ ਨਾ ਜ਼ਰਾ ਘਬਰਾਵਣਾ।
ਉਨ੍ਹਾਂ ਜ਼ਾਲਮਾ ਨੇ ਬੜਾ ਹੈ ਡਰਾਵਣਾ।
ਚਿੱਤ ਆਪਣਾ ਨਾ ਭੋਰਾ ਵੀ ਡੁਲਾਵਣਾ।
ਤੁਸੀਂ ਸੂਬੇ ਦੇ ਮਗਰ ਨਹੀਂ ਲੱਗਣਾ, ਦਾਦੀ ਕਹਿੰਦੀ—।
ਧਨ ਰੂਪ ਉਹ ਤੁਹਾਨੂੰ ਦਿਖਲਾਉਣਗੇ।
ਬਾਗ਼ ਕੋਠੀਆਂ ਦੇ ਨਾਲ਼ ਭਰਮਾਉਣਗੇ।
ਕਦੇ ਮੰਗਣੀ ਤੇ ਵਿਆਹ ‘ਚ ਫਸਾਉਣਗੇ।
ਕਦੀ ਕੱਢ ਕਿਰਪਾਨ ਧਮਕਾਉਣਗੇ।
ਪਿਤਾ ਮਾਰ ਦਿੱਤਾ ਕਹਿ ਕੇ ਸੁਣਾਉਣਗੇ।
ਤੁਸੀਂ ਸੂਬੇ ਦਾ ਹੰਕਾਰ ਅੱਜ ਕੱਢਣਾ, ਦਾਦੀ ਕਹਿੰਦੀ—।
ਤੁਸੀਂ ਜਾ ਕੇ ਕਚਹਿਰੀ ਨਹੀਂ ਝੁਕਣਾ।
ਕਦੀ ਆਪਣੇ ਅਸੂਲ ਤੋਂ ਨਾ ਉੱਕਣਾ।
ਦੋਵੇਂ ਵੀਰਿਆਂ ਨੇ ਸ਼ੇਰਾਂ ਵਾਗੂੰ ਬੁੱਕਣਾ।
ਫ਼ਤਹ ਬੋਲਣੇ ਤੋਂ ਤੁਸੀਂ ਨਹੀਂ ਰੁੱਕਣਾ।
ਕਿਸੇ ਲਾਲਚ ਦੇ ਉੱਤੇ ਵੀ ਨਾ ਥੁੱਕਣਾ।
ਤੁਸੀਂ ਜ਼ੁਲਮ ਦਾ ਫ਼ਾਹਾ ਅੱਜ ਵੱਢਣਾ, ਦਾਦੀ ਕਹਿੰਦੀ—।
ਤੁਹਾਨੂੰ ਮਾਰ ਦੇਣਾ ਕਹਿ ਕੇ ਸਤਾਉਣਗੇ।
ਕੱਢ ਨੰਗੀ ਤਲਵਾਰ ਲਿਸ਼ਕਾਉਣਗੇ।
ਨੇੜੇ ਆਇ ਕੇ ਜਲਾਦ ਵੀ ਡਰਾਉਣਗੇ।
ਝੂਠਾ ਕਰਕੇ ਪਿਆਰ ਸਮਝਾਉਣਗੇ।
ਛੱਡ ਦਿਓ ਸਿੱਖੀ ਬੋਲ ਕੇ ਸੁਣਾਉਣਗੇ।
ਝੰਡਾ ਸਿੱਖੀ ਵਾਲ਼ਾ ਉੱਚਾ ਕਰ ਗੱਡਣਾ, ਦਾਦੀ ਕਹਿੰਦੀ—।
ਜੇ ਲੜਨਗੇ ਤਾਂ ਘੱਟ ਨਾ ਗੁਜ਼ਾਰਿਓ।
ਇੱਕ ਵੱਜ ਗਈ ਤਾਂ ਦੋ ਅੱਗੋਂ ਮਾਰਿਓ।
ਦਾਦੀ ਆਪਣੀ ਦਾ ਸੀਨਾ ਇੰਝ ਠਾਰਿਓ।
ਗੁਰੂ ਪਿਤਾ ਜੀ ਨੂੰ ਜ਼ਰਾ ਨਾ ਵਿਸਾਰਿਓ।
ਖ਼ੂਨੀ ਖੇਡ ਵਿੱਚ ਕਦੀ ਵੀ ਨਾ ਹਾਰਿਓ।
ਸਤਿਨਾਮਪੁਰੀ ਡਰ ਕੇ ਨਾ ਭੱਜਣਾ, ਦਾਦੀ ਕਹਿੰਦੀ—। 

——–*********———-