ਧੰਨੁ ਸ਼੍ਰੀ ਗੁਰੂ ਅਮਰਦਾਸ ਜੀ ਨੇ ਜੋਤੀ ਜੋਤਿ ਸਮਾਉਣ ਸਮੇਂ ਦਾਹ-ਸੰਸਕਾਰ ਸੰਬੰਧੀ ਕੁਝ ਪਿਆਰੇ ਬੋਲ ਬਖ਼ਸ਼ਸ਼ ਕੀਤੇ ਸਨ। ਇਨ੍ਹਾਂ ਬੋਲਾਂ ਨੂੰ ਬਾਬਾ ਸੁੰਦਰ ਜੀ ਨੇ ਰਾਮਕਲੀ ਰਾਗ ਵਿੱਚ ‘ਸਦ’ ਸਿਰਲੇਖ ਹੇਠ ਦਰਜ ਕੀਤਾ ਹੈ। ਬਾਬਾ ਸੁੰਦਰ ਜੀ ਤੀਜੇ ਗੁਰੂ ਜੀ ਦੇ ਪੜਪੋਤੇ ਸਨ {ਗੁਰੂ ਅਮਰਦਾਸ ਜੀ ਤੋਂ ਬਾਬਾ ਮੋਹਰੀ ਜੀ, ਬਾਬਾ ਮੋਹਰੀ ਜੀ ਤੋਂ ਬਾਬਾ ਅਨੰਦ ਤੇ ਬਾਬਾ ਅਨੰਦ ਜੀ ਤੋਂ ਬਾਬਾ ਸੁੰਦਰ ਜੀ}। ਧੰਨੁ ਸ਼੍ਰੀ ਗੁਰੂ ਅਰਜੁਨ ਸਾਹਿਬ ਜੀ ਨੇ ਇਹ ਰਚਨਾ ‘ਆਦਿ ਬੀੜ’ ਜਾਂ ‘ਪੋਥੀ ਸਾਹਿਬ’ ਵਿੱਚ ਦਰਜ ਕਰਵਾਉਣ ਦੀ ਆਪਿ ਕਿਰਪਾ ਕੀਤੀ ਸੀ।
ਵਿਚਾਰ ਅਧੀਨ ਤੁਕ ‘ਸਦ’ ਰਚਨਾ ਦੀ ਪੰਜਵੀਂ ਪਉੜੀ ਵਿੱਚੋਂ ਹੈ। ‘ਸਦ’ ਸ਼ਬਦ ਸੰਸਕ੍ਰਿਤ ਦੇ ਲਫ਼ਜ਼ ‘ਸ਼ਬਦ’ ਦਾ ਪ੍ਰਾਕ੍ਰਿਤ ਰੂਪ ਹੈ ਤੇ ਪੰਜਾਬੀ ਵਿੱਚ ਵੀ ‘ਸੱਦ’ ਹੀ ਹੈ ਤੇ ਅਰਥ ਹੈ- ਸੱਦਾ ਜਾਂ ਆਵਾਜ਼। ਇੱਸ ਪਉੜੀ ਵਿੱਚ ਗੁਰੂ ਜੀ ਦਾ ਉਪਦੇਸ਼ ਇਉਂ ਹੈ-
ਤੁਕ ਨੰਬਰ ੧:
ਅੰਤ ਸਮੇਂ ਤੀਜੇ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਉਨ੍ਹਾਂ ਦੇ, ਸ਼ਰੀਰ ਤਿਆਗਣ ਤੋਂ, ਪਿੱਛੋਂ ਕੇਵਲ ਪ੍ਰਭੂ ਦੀ ਸਿਫ਼ਤਿ ਸਾਲਾਹ ਦਾ ਕੀਰਤਨ ਹੀ ਕੀਤਾ ਜਾਵੇ।
ਤੁਕ ਨੰਬਰ ੨:
ਰੱਬ ਦੇ ਸਿਮਰਨ ਵਾਲ਼ੇ ਗੁਰਸਿੱਖਾਂ (ਕੇਸਉ ਗੋਪਾਲ ਪੰਡਿਤ) ਨੂੰ ਹਰੀ ਪ੍ਰਭੂ ਦੀ ਸਿਫ਼ਤਿ ਸਾਲਾਹ (ਹਰਿ ਹਰਿ ਕਥਾ ਪੜਹਿ) ਕਰਨ ਲਈ ਬੁਲਾਇਓ {ਪ੍ਰਚੱਲਤ ਰੀਤੀ ਅਨੁਸਾਰ ਪ੍ਰਭਾਵਤ ਘਰਾਂ ਵਿੱਚ ਕੇਵਲ ਇੱਕ ਹੀ ਨਿੱਜੀ ਅਚਾਰਜ ਕਿਰਿਆ ਕਰਮ ਕਰ ਸਕਦਾ ਸੀ। ਗੁਰੂ ਜੀ ਨੇ ਏਥੇ ਇੱਕ ਦੀ ਨਹੀਂ ਬਹੁਤਿਆਂ ਨੂੰ ਸੱਚੀ ਕਿਰਿਆ ਵਾਸਤੇ ਸੱਦਣ ਦੀ ਗੱਲ ਕੀਤੀ ਹੈ। ਸਪੱਸ਼ਟ ਹੈ ਕਿ ਇਹ ਚੱਲਦੀ ਗ਼ਲਤ ਰੀਤੀ ਤੋਂ ਬਚਣ ਲਈ ਉਪਦੇਸ਼ ਹੈ ਕਿਉਂਕਿ ਸਿੱਖਾਂ ਦੇ ਘਰਾਂ ਦਾ ਕੋਈ ਅਚਾਰਜ ਨਿਸਚਤ ਨਹੀਂ ਹੁੰਦਾ। ਅਚਾਰਜ ਦੀ ਬੇ-ਸਮਝੀ ਵਾਲ਼ੀ ਅਧੀਨਗੀ ਤੋਂ ਗੁਰੂ ਜੀ ਨੇ ਸਿੱਖਾਂ ਨੂੰ ਬਚਾਇਆ ਹੈ। ਸ਼ਬਦ ‘ਪੰਡਿਤ’ ਵੀ ਬਹੁ-ਵਚਨ ਹੈ ਤੇ ਕਰਮ ਕਾਰਕ ਵਿੱਚ ਹੈ, ਇਸ ਦਾ ਇੱਕ-ਵਚਨ ‘ਪੰਡਿਤੁ’ ਲਫ਼ਜ਼ ਹੁੰਦਾ ਹੈ। ਸ਼ਬਦ ਜੋੜਾਂ ਵਿੱਚ ਅੰਤਰ ਵੇਖਣ ਯੋਗ ਹੈ}। ਇਹ ਸਿਫ਼ਤਿ ਸਾਲਾਹ ਹੀ ‘ਪੁਰਾਣ’ ਪੜ੍ਹਨਾ ਹੈ, ਭਾਵ, ਕਿਸੇ ਹੋਰ ‘ਗਰੁੜ ਪੁਰਾਣ’ ਆਦਿਕ ਦੀ ਪੜ੍ਹਨ ਦੀ ਲੋੜ ਨਹੀਂ।
ਧੰਨੁ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ‘ਕੇਸਉ’ { ਕੇਸ਼ਉ- ਕੇਸ਼ਵ ਤੋਂ} ਸ਼ਬਦ ਦੀ ਵਿਆਖਿਆ ਕਰਦਿਆਂ ਬਖ਼ਸ਼ਸ ਕੀਤਾ ਹੈ-
ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ॥
ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ॥
— ਗਗਸ ੩੫੮
ਕੇਸੁ – ਕੇਸ਼ਉ, ਕੇਸ਼ਵ, ਪ੍ਰਭੂ ਦੀ ਸਿਫ਼ਤਿ ਹੀ ਪੱਤਲ਼ਾਂ ਉੱਤੇ ਪਿੰਨੇ (ਜੌਂਆਂ ਜਾਂ ਚੌਲ਼ਾਂ ਦੇ ਪੇੜੇ) ਰੱਖ ਕੇ ਵੰਡਣ ਦੀ ਕਿਰਿਆ ਹੈ। ਕਿਰਿਆ- ਦਾਹ ਸੰਸਕਾਰ ਨਾਲ਼ ਸੰਬੰਧਤ ਕਰਮ। ਪ੍ਰਭੂ ਦੀ ਸਿਫ਼ਤਿ ਹੀ ਕਿਰਿਆ ਹੈ। ਇਹ ਪ੍ਰਭੂ ਦੀ ਸਿਫ਼ਤਿ ਹੀ ਹਰ ਥਾਂ ਉੱਤੇ, ਭਾਵ, ਲੋਕ ਪ੍ਰਲੋਕ ਵਿੱਚ ਸਹਾਰਾ ਬਣਦੀ ਹੈ।
ਤੁਕ ਨੰਬਰ ੩:
ਹਰੀ ਪ੍ਰਭੂ ਦੀ ਸਿਫ਼ਤਿ ਸਾਲਾਹ ਹੀ ਪੜ੍ਹਨੀ ਹੈ ਤੇ ਪ੍ਰਭੂ ਦੇ ਨਾਮ ਦੀ ਹੀ ਵਡਿਆਈ ਕਰਨੀ ਹੈ। ਕੋਈ ‘ਬੇਬਾਣ’ ਕੱਢਣ { ਬੁੱਢਾ ਮਰਨਾ, ਫੁੱਲੀਆਂ ਪਤਾਸ਼ੇ ਸੁੱਟਣੇ, ਗੁਬਾਰੇ ਬੰਨ੍ਹਣੇ ਆਦਿਕ} ਦੀ ਲੋੜ ਨਹੀਂ ਹੈ। ਪ੍ਰਭੂ ਦਾ ਪਿਆਰ ਹੀ ‘ਬੇਬਾਣ’ ਹੈ ਜੋ ਗੁਰੂ ਨੂੰ ਚੰਗਾ ਲੱਗਦਾ ਹੈ, ਬਾਬਾ ਸੁੰਦਰ ਜੀ ਲਿਖਦੇ ਹਨ।
ਤੁਕ ਨੰਬਰ ੪:
ਪਿੰਡੁ ਪਤਲਿ ਕਿਰਿਆ ਦੀਵਾ ਫੁਲ, ਹਰਿ ਸਰਿ ਪਾਵਏ॥
ਨੋਟ: ਧੰਨੁ ਸ਼੍ਰੀ ਗੁਰੂ ਨਾਨਕ ਪਾਤਿਸ਼ਾਹ ਪਹਿਲਾਂ ਹੀ ਆਸਾ ਰਾਗ ਦੇ ਇੱਕ ਸ਼ਬਦ ਵਿੱਚ ਸਿੱਖਾਂ ਦੀ ਅਗਵਾਈ ਕਰਦੇ ‘ਪਿੰਡੁ, ‘ਪਤਲਿ’, ‘ਕਿਰਿਆ’, ‘ਕੇਸਉ’ ਆਦਿਕ ਸ਼ਬਦਾਂ ਦੇ ਅਰਥ ਦੱਸ ਗਏ ਸਨ ਕਿ ਇਨ੍ਹਾਂ ਦਾਂ ਵਿਛੜੇ ਪ੍ਰਾਣੀ ਦੀ ਆਤਮਾ ਜਾਂ ਮੁਕਤੀ ਨਾਲ਼ ਕੋਈ ਸੰਬੰਧ ਨਹੀਂ ਹੈ। ਮੁਰਦਾ ਸ਼ਰੀਰ ਕੋਲ਼ ੩੬੦ ਦੀਵੇ ਜਗਾਉਣ ਦਾ ਭਰਮ ਵੀ ਗੁਰੂ ਜੀ ਕੱਢ ਗਏ ਸਨ। ਦੀਵੇ ਜਗਾਉਣ ਤੇ ਮੁਰਦੇ ਦਾ ਰਾਹ ਰੌਸ਼ਨ ਨਹੀਂ ਹੁੰਦਾ।
ਗੁਰੂ ਜੀ ਨੇ ਆਖਿਆ- ਸਿੱਖਾਂ ਲਈ ਪ੍ਰਭੂ ਦੀ ਸਿਫ਼ਤਿ ਹੀ ‘ਦੀਵਾ’ ਹੈ। ਨਾਮ ਦਾ ਦੀਵਾ ਜਗਦਾ ਰੱਖਣ ਤੇ ਜਮਾਂ ਦਾ ਦੁਖ-ਰੂਪ ਤੇਲ ਨਾਮ ਦੇ ਦੀਵੇ ਵਿੱਚ ਸੜਦਾ ਹੈ ਤੇ ਨਾਮ ਨਾਲ਼ ਹੀ ਜੀਵ ਜੀਉਂਦਾ ਹੀ ਮੁਕਤੀ ਪ੍ਰਾਪਤ ਕਰ ਸਕਦਾ ਹੈ। ਵਿਛੁੜੇ ਪ੍ਰਾਣੀ ਦੀਆਂ ਅਸਥੀਆਂ ਕਿਸੇ ਵੀ ਥਾਂ ਤੇ ਸੁੱਟਣ ਨਾਲ਼ ਮੁਕਤੀ ਦਾ ਕੋਈ ਵਾਸਤਾ ਨਹੀਂ ਹੈ। ਗੁਰੂ ਜੀ ਮੁਕਤੀ ਨਹੀਂ ਮੰਗਦੇ ਸਗੋਂ ਪ੍ਰਭੂ ਦੀ ਪ੍ਰੀਤਿ ਮੰਗਦੇ ਹਨ-
ਰਾਜੁ ਨ ਚਾਹੁ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥
— ਗਗਸ ੫੩੪ (ਮਹਲਾ ੫)
ਆਸਾ ਰਾਗ ਵਿੱਚ ਧੰਨੁ ਗੁਰੂ ਨਾਨਕ ਪਾਤਿਸ਼ਾਹ ਬਖ਼ਸਸ ਕਰਦੇ ਹਨ-
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ॥
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥
— ਗਗਸ ੩੫੮
ਆਟੇ ਦੇ ਵੰਡੇ ਪਿੰਨੇ ਮੁੱਕ ਜਾਂਦੇ ਹਨ ਪਰ ਪ੍ਰਭੂ ਦੀ ਬਖ਼ਸ਼ਸ਼ ਦਾ ਪਿੰਨਾਂ (ਪਿੰਡੁ) ਕਦੀ ਮੁੱਕਦਾ ਨਹੀਂ-
ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ॥
ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ॥
— ਗਗਸ ੩੫੮
ਪਦ-ਅਰਥ: ਇਕ ਲੋਕੀ- ਇੱਕ ਪਿੰਨ ਦੇਵਤਿਆਂ ਨੂੰ। ਹੋਰੁ ਛਮਿਛਰੀ- ਦੂਜਾ ਪਿੰਨ
ਛਮਿਛਰੀ (ਪਿੱਤਰਾਂ) ਨੂੰ ਭੇਂਟ ਕੀਤਾ ਜਾਂਦਾ ਹੈ। ਖਾਇ- ਪਿੱਛੋਂ ਬ੍ਰਾਹਮਣ ਆਪ ਜਜਮਾਨ ਦੇ ਘਰੋਂ ਖੀਰ-ਪੂਰੀ ਖਾਂਦਾ ਹੈ। ਪਿੰਡ ਬਖਸੀਸ ਕਾ- ਪ੍ਰਭੂ ਦੀ ਬਖ਼ਸ਼ਸ਼ ਦਾ ਪਿੰਨ (ਪੇੜਾ)। ਨਿਖੂਟਸਿ ਨਾਹਿ- ਮੁੱਕਦਾ ਨਹੀਂ।
ਤੁਕ ਨੰਬਰ ੪ ਦੇ ਅਰਥ:- ਗੁਰੂ ਤਾਂ ਜੌਆਂ ਜਾਂ ਚੌਲ਼ਾਂ ਦੇ ਆਟੇ ਦੇ,ਪੱਤਲ਼ਾਂ ਉੱਤੇ ਰੱਖੇ ਪਿੰਨੇ, ਸਾਰੀ ਅੰਤਮ ਦੀ ਕਿਰਿਆ, ਮਰਨ ਤੇ ੩੬੦ ਦੀਵੇ ਬਾਲਣੇ ਅਤੇ ਬਚੀਆਂ ਹੱਡੀਆਂ ਦੇ ਅਗੀਠੇ ਵਿੱਚੋਂ ਚੁਗਣ ਨੂੰ ਹਰਿ ਸਰਿ (ਸਤਿਸੰਗਤ) ਤੋਂ ਸਦਕੇ ਕਰਦਾ ਹੈ। ‘ਪਾਵਏ’ ਸ਼ਬਦ ਤੀਜੇ ਪੁਰਖ ਦੀ ਵਰਤਮਾਨ ਕਾਲ਼ ਦੀ ਇੱਕ-ਵਚਨ ਕਿਰਿਆ ਹੈ। ‘ਪਾਵਹੁ’ ਸ਼ਬਦ ਦੂਜਿਆਂ ਨੂੰ ਉਪਦੇਸ਼ ਹੁੰਦਾ ਹੈ ਕਿ ਤੁਸੀਂ ਪਾਇਓ।
ਪਾਵਏ- ਪਾਉਂਦਾ ਹੈ। ਕੌਣ ਪਾਉਂਦਾ ਹੈ?
ਉੱਤਰ ਹੈ – ਗੁਰੂ ਅਮਰਦਾਸ ਜੀ।
ਕੀ ਪਉਂਦਾ ਹੈ?
ਉੱਤਰ ਹੈ- ਪਿੰਡ ਪਤਲਿ ਕਿਰਿਆ ਦੀਵਾ ਫੁਲ {‘ਕਿਰਿਆ’ ਕਿਤੇ ਵੀ ਪਾਈ ਨਹੀਂ ਜਾ ਸਕਦੀ ਕਿਉਂਕਿ ਇਹ ਸਥੂਲ ਵਸਤੂ ਨਹੀਂ ਹੈ, ਇਹ ਤਾਂ ਪੁਜਾਰੀਆਂ ਵਲੋਂ ਆਪਣੇ ਸਵਾਰਥ ਲਈ ਪ੍ਰਚੱਲਤ ਕੀਤੀ ਰੀਤੀ ਦਾ ਨਾਂ ਹੈ। ਸਪੱਸ਼ਟ ਹੈ ਕਿ ਗੁਰੂ ਜੀ ਕੁਝ ਕਿਤੇ ਜਾ ਕੇ ਪਉਣ ਲਈ ਨਹੀਂ ਆਖ ਰਹੇ}
ਕਿੱਥੇ ਪਾਉਂਦਾ ਹੈ?
ਉੱਤਰ ਹੈ- ‘ਹਰਿ ਸਰਿ’ ਵਿੱਚ। ਦੁਨੀਆਂ ਵਿੱਚ ਕਿਤੇ ਵੀ ‘ਹਰਿਸਰਿ’ ਨਾਂ ਦਾ ਕੋਈ ਤੀਰਥ ਨਹੀਂ ਹੈ । ਪੁਰਾਤਨ ਪ੍ਰਚੱਲਤ ਕੀਤੀ ਰੀਤੀ ਅਨੁਸਾਰ ਜਿੱਥੇ ਹੱਡੀਆਂ ਪਾਈਆਂ ਜਾਂਦੀਆਂ ਸਨ ਉਸ ਥਾਂ ਦਾ ਨਾਂ ‘ਹਰਿਦੁਆਰ’ ਹੈ, ‘ਹਰਿਸਰਿ’ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਰਾਮ ਸਰਿ’, ‘ਹਰਿ ਸਰਿ’, ‘ਰਾਮਦਾਸ ਸਰਿ’, ‘ਅੰਮ੍ਰਿਤ ਸਰਿ’, ‘ਸਤਿ ਸਰਿ’, ‘ਸਤ ਸਰਿ’ ‘ਸਚੈ
ਸਰਿ’ ਆਦਿਕ ਸ਼ਬਦ ਕਿਸੇ ਸਥਾਪਤ ਕੀਤੇ ਤੀਰਥ ਲਈ ਨਹੀਂ ਵਰਤੇ ਗਏ ਸਗੋਂ ‘ਸਤਿ ਸੰਗਤਿ’ ਲਈ ਵਰਤੇ ਗਏ ਹਨ। ਗੁਰੂ ਜੀ ਬਖ਼ਸ਼ਸ਼ ਕਰਦੇ ਹਨ ਕਿ ਉਹ ਸਤਿ ਸੰਗਤਿ ਨੂੰ ਹੀ ਫੁੱਲ ਚੁਗਣ ਨਾਲੋਂ ਸ੍ਰੇਸ਼ਟ ਮੰਨਦੇ ਹਨ। ਸਤਿ ਸੰਗਤਿ ਦੀ ਮਹਿਮਾ ਨਾਲੋਂ ਫੁੱਲ ਪਉਣ ਦੀ ਕਿਰਿਆ ਤੁੱਛ ਤੇ ਵਿਅਰਥ ਹੈ।
ਨੋਟ: ਧੰਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਲਿਖਤੀ ਉਪਦੇਸ਼ ਦੇ ਹੁੰਦਿਆਂ ਹੋਇਆਂ ਵੀ ਸਿੱਖ ਦਾਹ-ਸੰਸਕਾਰ ਦੇ ਸਹੀ ਰਹੱਸ ਨੂੰ ਅਮਲ ਵਿੱਚ ਨਹੀਂ ਲਿਆ ਸਕੇ। ਅਜੇ ਵੀ ਸਿੱਖ ਅੰਗੀਠੇ ਦੇ ਫੁੱਲਾਂ ਦੀ ਭੂਤ-ਨੁਮਾ ਤੇ ਡਰਾਉਣੀ ਪੋਟਲ਼ੀ ਚੁੱਕੀ ਹਰਿ ਦੁਆਰ ਗੰਗਾ ਤੇ ਪਾਤਾਲ਼ ਪੁਰੀ ਕੀਰਤਪੁਰ ਸਾਹਿਬ ਲੈ ਜਾਣ ਤੋਂ ਹਟੇ ਨਹੀਂ ਜਦੋਂ ਕਿ ਪ੍ਰਾਣੀ ਦੀ ਮੁਕਤੀ ਦਾ ਇਸ ਕਿਰਿਆ ਨਾਲ਼ ਕੋਈ ਲੈਣ-ਦੇਣ ਨਹੀਂ।
ਵਿਦੇਸ਼ ਵਿੱਚ ਵਿਛੜੇ ਪ੍ਰਾਣੀ ਦੀਆਂ ਅਸਥੀਆਂ ਗੰਗਾ/ਪਾਤਾਲ਼ਪੁਰੀ ਭੇਜਣ ਵਿੱਚ ਲੱਖਾਂ ਰੁਪਏ ਕਿਰਾਏ ਵਜੋਂ ਬੇਲੋੜੇ ਖ਼ਰਚ ਕੀਤੇ ਜਾ ਰਹੇ ਹਨ। ਇਹ ਲੱਖਾਂ ਰੁਪਏ ਆਪੋ ਆਪਣੇ ਪਿੰਡ ਦੀ ਕਾਇਆ ਕਲਪ ਕਰਨ ਵਿੱਚ ਜਾਂ ਸਿੱਖੀ ਦੇ ਵਧੀਆ ਪ੍ਰਚਾਰਕ ਤਿਆਰ ਕਰਦੀਆਂ ਸੰਸਥਾਵਾਂ ਨੁੰ ਸਹਾਇਤਾ ਵਜੋਂ ਦਿੱਤੇ ਜਾ ਸਕਦੇ ਹਨ।
ਧਰਮ ਦੀ ਰੱਖਿਆ ਸਮੇਂ ਸ਼ਹੀਦ ਹੋਏ ਅਣਗਿਣਤ ਸਿੱਖਾਂ ਦੀਆਂ ਅਸਥੀਆਂ ਕਿਸੇ ਨੇ ਕਿਤੇ ਨਹੀਂ ਪਾਈਆਂ। ਕੀ ਕੋਈ ਮੰਨ ਸਕਦਾ ਹੈ ਕਿ ਉਹ ਮੁਕਤ ਨਹੀਂ ਹੋਏ? ਉਹ ਤਾਂ ਜੀਉਂਦੇ ਹੀ ਮੁਕਤ ਸਨ, ਤਾਂ ਹੀ ਸ਼ਹੀਦੀਆਂ ਪਾ ਸਕੇ ਸਨ। ਜੋ ਜੀਉਂਦੇ ਹੀ ਮੁਰਦਾ ਹਨ ਉਨ੍ਹਾਂ ਦੀਆਂ ਅਸਥੀਆਂ ਕਿਸੇ ਭੀ ਤੀਰਥ ਉੱਤੇ ਪਾਉਣ ਨਾਲ਼ ਉਹ ਮੁਕਤ ਨਹੀਂ ਹੋ ਜਾਂਦੇ। ਗੁਰਬਾਣੀ ਤਾਂ ਜੀਉਂਦਿਆਂ ਹੀ ਮੋਹ-ਮਾਇਆ ਤੋਂ ਮੁਕਤ ਹੋਣ ਦੀ ਗੱਲ ਕਰਦੀ ਹੈ , ਮਰਨ ਤੋਂ ਪਿੱਛੋਂ ਨਹੀਂ।ਫ਼ੁਰਮਾਨ ਹੈ-
ਪ੍ਰਭ ਕੀ ਆਗਿਆ ਆਤਮ ਹਿਤਾਵੈ॥
ਜੀਵਨ ਮੁਕਤਿ ਸੋਊ ਕਹਾਵੈ॥
— ਗਗਸ ੨੭੫
ਵਾਤਾ ਵਰਣ ਦੀ ਸਫ਼ਾਈ ਨੂੰ ਦੇਖਦਿਆਂ ਸਾਰੇ ਅਗੀਠੇ ਦੀ ਸੁਆਹ, ਕਾਨੂੰਨ ਨੂੰ ਪਾਲ਼ਦੇ ਹੋਏ, ਨੇੜੇ ਦੇ ਕਿਸੇ ਵੀ ਵਗਦੇ ਪਾਣੀ ਵਿੱਚ ਪਾ ਦੇਣੀ ਜਾਂ ਕਿਸੇ ਯੋਗ ਥਾਂ ਤੇ ਟੋਆ ਪੁੱਟ ਕੇ ਉੱਪਰ ਮਿੱਟੀ ਪਾ ਕੇ ਦੱਬ ਦੇਣੀ ਯੋਗ ਹੈ। ਵਿੱਛੜੇ ਪ੍ਰਾਣੀ ਦੀ ਮੜ੍ਹੀ ਆਦਿਕ ਕੋਈ ਯਾਦਗਾਰ ਬਣਾਉਣੀ ਅਯੋਗ ਹੈ। ਸਿੱਖ ਰਹਿਤ ਮਰਯਾਦਾ ਵਿੱਚ ਵੀ ਅਜਿਹਾ ਹੀ ਲਿਖਿਆ ਹੈ।ਮੁਰਦਾ ਸ਼ਰੀਰ ਦਾਨ ਕਰ ਦੇਣ ਨਾਲ਼ ਕਿਰਿਆ ਦੇ ਸਾਰੇ ਝਗੜੇ ਹੀ ਮੁੱਕ ਜਾਂਦੇ ਹਨ ਤੇ ਬਿਮਾਰ ਪ੍ਰਾਣੀਆਂ ਨੂੰ ਦਾਨ ਕੀਤੇ ਸ਼ਰੀਰ ਦੇ ਅੰਗ ਅੰਗ ਮਿਲ਼ ਜਾਣ ਤੇ ਉਹ ਤੰਦਰੁਸਤ ਹੋ ਸਕਦੇ ਹਨ।
ਹਰ ਸਿੱਖ ਨੂੰ ਆਪ ਅਰਥਾਂ ਸਮੇਤ ਬਾਣੀ ਪੜ੍ਹਨ ਦੀ ਲੋੜ ਹੈ ਨਹੀਂ ਤਾਂ ਮਨਮਤਾਂ ਭਾਰੂ ਹੋ ਨਹੀਆਂ ਹਨ ਤੇ ਸੱਚ ਵੀ ਝੂਠ ਵਿੱਚ ਲਪੇਟਿਆ ਜਾ ਰਿਹਾ ਹੈ। ਸਿੱਖ ਦਾ ਗੁਰੂ ਗਿਆਨ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ) ਹੋਵੇ ਪਰ ਸਿੱਖ ਆਪ ਅਗਿਆਨਤਾ ਦੇ ਹਨ੍ਹੇਰੇ ਵਿੱਚ ਹੋਵੇ ਤਾਂ ਜ਼ਰੂਰ ਸੋਚਣ ਤੇ ਚਿੰਤਾ ਵਾਲ਼ੀ ਗੱਲ ਹੈ। ਜੇ ਸਿੱਖ ਹੀ ਅਰਥਾਂ ਸਮੇਤ ਬਾਣੀ ਦੀ ਸਹੀ ਵਿਚਾਰ ਨਹੀਂ ਕਰਨਗੇ ਤਾਂ ਸਿੱਖਾਂ ਦੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਫਿਰ ਓਸੇ ਵਹਿਣ ਵਿੱਚ ਵਹਿ ਜਾਣਗੀਆਂ ਜਿੱਸ ਵਿੱਚੋਂ ੨੩੯ ਸਾਲਾਂ ਦਾ ਲੰਬਾ ਸਮਾਂ ਲਾ ਕੇ ਅਤੇ ਅਨੇਕਾਂ ਸ਼ਹੀਦੀਆਂ ਦੇ ਕੇ ਦਸ ਗੁਰੂ ਪਾਤਿਸ਼ਾਹਾਂ ਨੇ ਕੱਢਿਆ ਸੀ।
ਤੁਕ ਨੰਬਰ ੫:
ਹਰੀ ਪ੍ਰਭੂ ਨੂੰ ਚੰਗਾ ਲੱਗਾ। ਗੁਰੂ ਜੀ ਨੇ ਉੱਪਦੇਸ਼ ਦਿੱਤਾ। ਗੁਰੂ ਜੀ ਪ੍ਰਭੂ ਵਿੱਚ ਲੀਨ ਹੋ ਗਏ।
ਤੁਕ ਨੰਬਰ ੬:
ਇਸ ਤੋਂ ਪਹਿਲਾਂ ਭਾਈ ਜੇਠਾ ਜੀ ਨੂੰ ਗੁਰੂ-ਗੱਦੀ ਦਾ ਵਾਰਸ ਥਾਪਿਆ ਗਿਆ। ਗੁਰ ਸ਼ਬਦ ਰੂਪ ਸੱਚੀ ਰਾਹਦਾਰੀ ਦੀ ਤੀਜੇ ਗੁਰੂ ਜੀ ਵਲੋਂ ਬਖ਼ਸ਼ਸ਼ ਕੀਤੀ ਗਈ।
_______________***************_______________
Note: Only Professor Kashmira Singh is aware if this article has been published somewhere else also.