‘ਸੋਰਠਿ ਕੀ ਵਾਰ ਮਹਲਾ ੪॥’ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ੬੪੫ ਉੱਤੇ ਧੰਨੁ ਸ਼੍ਰੀ ਗੁਰੂ ਅਮਰਦਾਸ ਪਾਤਿਸ਼ਾਹ ਜੀ ਦਾ ਇੱਕ ਸ਼ਲੋਕ ਹੈ ਜਿੱਸ ਵਿੱਚ ਦੱਸਿਆ ਗਿਆ ਹੈ ਕਿ ‘ਥਾਲ ਵਿੱਚ ਤਿੰਨ ਵਸਤੂਆਂ ਪਈਆਂ ਹਨ’। ਸਤਿਗੁਰੂ ਜੀ ਨੇ ਇੱਥੇ ਕਿੱਸ ਥਾਲ਼ ਦੀ ਗੱਲ ਕੀਤੀ ਹੈ ਤੇ ਉਹ ਥਾਲ਼ ਕਿੱਥੇ ਹੈ? ਤਿੰਨ ਵਸਤੂਆਂ ਕਿਹੜੀਆਂ ਹਨ? ਇੱਸ ਪ੍ਰਸ਼ਨ ਦਾ ਉੱਤਰ ਲੱਭਣ ਦਾ ਯਤਨ ਕੀਤਾ ਗਿਆ ਹੈ।
ਧੰਨੁ ਸ਼੍ਰੀ ਗੁਰੂ ਅਰਜੁਨ ਸਾਹਿਬ ਜੀ ਦੀ ਇੱਕ ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾਂ ੧੪੨੯ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਸੰਬੰਧੀ ‘ਮੁੰਦਾਵਣੀ ਮਹਲਾ ੫’ ਦੇ ਸਿਰਲੇਖ ਹੇਠ ਦਰਜ ਹੈ, ਜੋ ੬੪੫ ਅੰਕ ਉੱਤੇ ਲਿਖੀ ਤੀਜੇ ਪਾਤਿਸ਼ਾਹ ਜੀ ਵਲੋਂ ਕੀਤੀ ਰਚਨਾ (ਥਾਲੈ ਵਿਚਿ ਤੈ ਵਸਤੂ ਪਈਓ) ਨਾਲ਼ ਮਿਲ਼ਦੀ ਜੁਲ਼ਦੀ ਹੈ, ਅਤੇ ਪਿੱਛੋਂ ਇੱਕ ਸ਼ਲੋਕ (ਤੇਰਾ ਕੀਤਾ ਜਾਤੋ ਨਾਹੀ—॥) ਧੰਨਵਾਦ ਵਜੋਂ ਲਿਖਿਆ ਗਿਆ ਹੈ ਜਿਸ ਤੋਂ ਅੱਗੇ ਕੋਈ ਹੋਰ ਰਚਨਾ ਦਰਜ ਨਹੀਂ ਹੋ ਸਕਦੀ ਕਿਉਂਕਿ ਸੰਪੂਰਨਤਾ ਕਰ ਦਿੱਤੀ ਗਈ ਹੈ; ਇਹ ਇੱਕ ਵੱਖਰਾ ਵਿਸ਼ਾ ਹੈ।
‘ਮੁੰਦਾਵਣੀ’ ਦੇ ਸਿਰਲੇਖ ਵਾਲ਼ੀ ਰਚਨਾਂ ਵਿੱਚ ਲਿਖੀ ‘ਥਾਲ ਵਿਚ ਤਿੰਨ ਵਸਤੂ ਪਈਓ’ ਵਾਲ਼ੀ ਪੰਕਤੀ ਦੇ ਅਰਥ ਕਰਦਿਆਂ ਇੱਕ ਵਿਦਵਾਨ ਸਿੱਖ ਪ੍ਰਚਾਰਕ ਨੇ ਟੀ ਵੀ ਤੇ ਬੋਲਦਿਆਂ ‘ਥਾਲ’ ਸ਼ਬਦ ਦੇ ਅਰਥ ‘ਸ਼੍ਰੀ ਗੁਰੂ ਗ੍ਰੰਥ ਸਾਹਿਬ’ ਨਾਲ਼ ਸੰਬੰਧਤ ਕੀਤੇ ਸਨ। ਅਰਥ ਸੁਣ ਕੇ ਦਾਸ ਦੇ ਬੀ. ਐੱਸ ਸੀ. ਕੋਰਸ ਦੇ ਇੱਕ ਫਿਜ਼ਿਕਸ (ਭੌਤਿਕ ਵਿਗਿਆਨ) ਦੇ ਕੈਲੀਫ਼ੋਰਨੀਆਂ ਵਿੱਚ ਰਹਿੰਦੇ ਪ੍ਰੋਫੈੱਸਰ ਉਸਤਾਦ ਵਲੋਂ ਇੱਸ ਤਰ੍ਹਾਂ ਕੀਤੇ ਅਰਥ ਦੀ ਖੋਜ-ਵਿਚਾਰ ਲਈ ਟੈਲੀਫ਼ੋਨ ਤੇ ਗੱਲਬਾਤ ਵੀ ਹੋਈ ਕਿਉਂਕਿ ਉਸਤਾਦ ਜੀ ਵਿਗਿਆਨ ਦੇ ਪ੍ਰੋ: ਹੋਣ ਦੇ ਨਾਲ਼ ਨਾਲ਼ ਗੁਰਬਾਣੀ ਵਿੱਚ ਸੱਚ ਦੀ ਖੋਜ ਨਾਲ਼ ਵੀ ਸੁਰਤੀ ਜੋੜੀ ਰੱਖਦੇ ਹਨ।
ਕੀ ‘ਥਾਲ’ ਸ਼ਬਦ ਪ੍ਰਾਣੀ ਦੇ ਅੰਦਰ ਦੀ ਅਵੱਸਥਾ ਲਈ ਹੈ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਈ? ਧੰਨੁ ਸ਼੍ਰੀ ਗੁਰੂ ਅਮਰਦਾਸ ਪਾਤਿਸ਼ਾਹ ਜੀ ਵਲੋਂ ਉੱਚਾਰਿਆ ਸ਼ਲੋਕ ਇੱਸ ਖੋਜ ਵਿੱਚ ਬਹੁਤ ਸਹਾਇਕ ਹੈ। ਇਥੇ ਪਾਠਕਾਂ ਦੀ ਜਾਣਕਾਰੀ ਲਈ ਦੋਹਾਂ ਰਚਨਾਵਾਂ ਵਿੱਚੋਂ ਜ਼ਰੂਰੀ ਪੰਕਤੀਆਂ ਹੇਠ ਲਿਖੇ ਅਨੁਸਾਰ ਹਨ-
ਸਲੋਕੁ ਮਃ ੩ ॥
ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥
ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ ॥
ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ ॥
ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ ॥
ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ ॥
ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ ॥੧॥
ਮੁੰਦਾਵਣੀ ਮਹਲਾ ੫ ॥
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥੧॥
ਨੋਟ: ਉਪਰੋਕਤ ਦੋਹਾਂ ਰਚਨਾਵਾਂ ਵਿੱਚ ਮਜ਼ਮੂਨ, ਖ਼ਿਆਲਾਂ ਅਤੇ ਲਫ਼ਜ਼ਾਂ ਦੀ ਅਦੁੱਤੀ ਸਾਂਝ ਹੈ।ਇਹ ਸਾਂਝ ਇਹ ਵੀ ਪ੍ਰਗਟ ਕਰਦੀ ਹੈ ਕਿ ਤੀਜੇ ਸਤਿਗੁਰੂ ਜੀ ਦੀ ਬਾਣੀ ਚaਥੇ ਗੁਰੂ ਜੀ ਦੀ ਰਾਹੀਂ ਗੁਰ-ਗੱਦੀ ਸੌਂਪਣ ਸਮੇਂ ਪੰਜਵੇਂ ਗੁਰੂ ਪਾਤਿਸ਼ਾਹ ਜੀ ਦੀ ਸਪੁਰਦਗੀ ਵਿੱਚ ਆ ਗਈ ਸੀ ਤੇ ਉਨ੍ਹਾਂ ਨੂੰ ਦੂਰ ਦੁਰਾਡੇ ਆਪਣੇ ਹæੁਕਮ ਭੇਜ ਕੇ ਬਾਣੀ ਇੱਕੱਠੀ ਕਰਨ ਦੀ ਕੋਈ ਲੋੜ ਨਹੀਂ ਪਈ ਸੀ, ਭਾਵੇਂ, ਕਵੀਆਂ ਨੇ ਅਯੋਗ ਹੀ ਅਜਿਹਾ ਲਿਖਿਆ ਹੋਇਆ ਹੈ। ਤੀਜੇ ਗੁਰੂ ਜੀ ਦੀ ਬਾਣੀ ਵਿੱਚੋਂ ‘ਮੁਦਾਵਣੀ’ ਵਾਲ਼ਾ ਸ਼ਲੋਕ ਪੜ੍ਹ ਕੇ ਪੰਜਵੇਂ ਗੁਰੂ ਜੀ ਨੇ ‘ਮੁੰਦਾਵਣੀ ਮਹਲਾ ਪੰਜਵਾਂ’ ਦੀ ਰਚਨਾ ਕੀਤੀ ਸੀ। ਅਨੇਕਾਂ ਹੋਰ ਪ੍ਰਮਾਣ ਹਨ ਜੋ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ ਕਿ ਪੰਜਵੇਂ ਗੁਰੂ ਜੀ ਕੋਲ਼ ਗੁਰ-ਗੱਦੀ ਸਮੇਂ ਪਹਿਲਾਂ ਦੀ ਲਿਖੀ ਸਾਰੀ ਬਾਣੀ, ਭਗਤ-ਬਾਣੀ ਸਮੇਤ, ਮੌਜੂਦ ਸੀ ਜੋ ਪਹਿਲੇ ਗੁਰੂ ਜੀ ਤੋਂ ਅਗਾਂਹ ਸਿਲਸਿਲੇਵਾਰ ਬਾਕੇ ਗੁਰੂ ਪਾਤਿਸ਼ਾਹਾਂ ਕੋਲ਼ੋਂ ਹੁੰਦੀ ਹੋਈ ਪੰਜਵੇਂ ਪਾਤਿਸ਼ਾਹ ਕੋਲ਼ ਪਹੁੰਚੀ ਸੀ। ਇੱਸ ਵਾਰੇ ਬਾਅਦ ਵਿੱਚ ਵੱਖਰਾ ਲੇਖ ਛਪਾਇਆ ਜਾਵੇਗਾ।
‘ਮੁਦਾਵਣੀ’ ਅਤੇ ‘ਮੁੰਦਾਵਣੀ’ ਦੋਹਾਂ ਸ਼ਬਦਾਂ ਦਾ ਅਰਥ ਸਮਾਨ ਹੈ; ਜਿਵੇਂ ‘ਗੋਬਿਦ’ ਅਤੇ ‘ਗੋਬਿੰਦ’ ਅਤੇ ‘ਅਨਦੁ’ ਅਤੇ ‘ਅਨੰਦੁ’ ਸ਼ਬਦਾਂ ਦਾ।
ਸੰਸਕ੍ਰਿਤ ਦੇ ਸ਼ਬਦ ‘ਮੋਦਯਤਿ’ ਦਾ ਅਰਥ ਹੈ- ਪ੍ਰਸੰਨਤਾ ਦੇਣੀ, ਜਿਸ ਤੋਂ ‘ਮੁਦਾਵਣੀ’ ਜਾਂ ‘ਮੁੰਦਾਵਣੀ’ ਸ਼ਬਦ ਬਣਿਆ ਹੈ। ਦੋਹਾਂ ਰਚਨਾਵਾਂ ਵਿੱਚ ਇਹ ਸ਼ਬਦ ਹਰੀ ਨਾਮ-ਵਸਤੂ ਲਈ ਵਰਤਿਆ ਗਿਆ ਹੈ ਜੋ ਆਤਮਕ ਪ੍ਰਸੰਨਤਾ ਦੇਣ ਵਾਲ਼ੀ ਵਸਤੂ ਜਾਂ ਵੱਥੁ ਹੈ। ਦੋਵੇਂ ਥਾਵਾਂ ਤੇ ਇਹ ਸ਼ਬਦ ਇਸਤ੍ਰੀ-ਲਿੰਗ ਰੂਪ ਵਿੱਚ ਹੈ। ਤੀਜੇ ਪਾਤਿਸ਼ਾਹ ਜੀ ਨੇ ‘ਤੈ ਵਸਤੂ ਪਈਓ’ ਕੇਵਲ ਸੰਕੇਤ ਮਾਤ੍ਰ ਹੀ ਲਿਖਿਆ ਸੀ ਪਰ ਨਾਲ਼ ਹੀ ਇਹ ਵੀ ਲਿਖ ਦਿੱਤਾ ਸੀ – ‘ਨਾਨਕ ਜਿਸੁ ਬੁਝਾਏ ਸੋ ਬੁਝਸੀ’, ਭਾਵ, ਜਿਸ ਨੂੰ ਹਰੀ ਸੋਝੀ ਬਖ਼ਸ਼ੇਗਾ ਉਹੀ ਬੁੱਝੇਗਾ।
ਧੰਨੁ ਮਿਹਰਵਾਨ ਸਤਿਗੁਰੂ ਪੰਜਵੇਂ ਪਾਤਿਸ਼ਾਹ ਜੀ ਨੇ ਕਿਰਪਾ ਕਰਕੇ ‘ਤੈ ਵਸਤੂ ਪਈਓ’ ਦੇ ਭਾਵ ਦਾ ‘ਮੁੰਦਾਵਣੀ ਮਹਲਾ ੫’ ਵਿੱਚ ਖ਼ੁਲਾਸਾ ਕਰ ਦਿੱਤਾ ਹੈ। ਇਹ ਤਿੰਨ ਵਸਤੂਆਂ (ਤੈ ਵਸਤੂ) ਹਨ- ਸਤੁ (ਉੱਚਾ ਸੁੱਚਾ ਜੀਵਨ), ਸੰਤੋਖੁ ਅਤੇ ਵੀਚਾਰ ( ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਦੇ ਸ਼ਬਦਾਂ ਦੀ ਵਿਚਾਰ ਜਿਸ ਨਾਲ਼ ਆਤਮਕ ਜੀਵਨ ਦੀ ਸੂਝ-ਬੂਝ ਮਿਲ਼ਦੀ ਹੈ)। ਸੰਬੰਧਤ ਤੁਕਾਂ ਇਹ ਹਨ-
ਸਲੋਕੁ ਮਃ ੩ ॥
ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥
ਅਰਥ- ਪ੍ਰਾਣੀ ਦੇ ਅੰਦਰ ਹਰੀ ਨਾਮ ਅੰਮ੍ਰਿਤ ਰੂਪੀ ਸਿਮਰਨ ਦਾ ਸ੍ਰੇਸ਼ਟ ਭੋਜਨ ਪਿਆ ਹੈ ਜੋ ਉਸ ਅੰਦਰ ਤਿੰਨ ਗੁਣ ਪੈਦਾ ਕਰਦਾ ਹੈ।
ਮੁੰਦਾਵਣੀ ਮਹਲਾ ੫ ॥
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥
ਅਰਥ- ਉਸ ਪ੍ਰਾਣੀ ਦੇ ਅੰਦਰ ਤਿੰਨ ਗੁਣ- ਸਤੁ , ਸੰਤੋਖ ਅਤੇ ਸ਼ਬਦ ਵੀਚਾਰ, ਪ੍ਰਗਟ ਹੋ ਜਾਂਦੇ ਹਨ ਜਿਸ ਦੇ ਅੰਦਰ ਠਾਕੁਰ ਹਰੀ ਪ੍ਰਭੂ ਦੀ ਯਾਦ ਬਣੀ ਰਹਿੰਦੀ ਹੈ ਜੋ ਸਭ ਵਸਤੂਆਂ ਦਾ ਆਧਾਰ ਹੈ।ਇਨ੍ਹਾਂ ਵਸਤੂਆਂ ਦਾ ਆਧਾਰ ਹਰੀ ਪ੍ਰਭੂ ਦਾ ਸਿਮਰਨ ਹੈ ਜਿਸ ਦੇ ਪ੍ਰਾਣੀ ਦੇ ਯਾਦਾਂ ਵਿੱਚ ਵਸਣ ਨਾਲ਼ ਇਹ ਤਿੰਨ ਵਸਤੂਆਂ ਗੁਣ ਰੂਪ ਵਿੱਚ ਅੰਦਰ ਆ ਵਸਦੀਆਂ ਹਨ। ਇਨ੍ਹਾਂ ਤਿੰਨਾਂ ਵਸਤੂਆਂ ਦਾ ਲਾਭ ਉਸ ਪ੍ਰਾਣੀ ਨੂੰ ਹੋਣਾ ਹੈ ਜਿਸ ਨੇ ਪ੍ਰਭੂ ਦੀ ਯਾਦ ਨੂੰ ਆਪਣੇ ਅੰਦਰ ਟਿਕਾਉਣਾ ਹੈ। ਇਹ ਤਿੰਨ ਵਸਤੂਆਂ ਵੀ ਉਸ ਪ੍ਰਾਣੀ ਅੰਦਰ ਪ੍ਰਗਟ ਹੋਣੀਆਂ ਹਨ ਜਿਸ ਨੇ ਪ੍ਰਭੂ ਦਾ ਸਿਮਰਨ ਕਰਨਾ ਹੈ। ਸਤੁ, ਸੰਤੋਖੁ ਅਤੇ ਵੀਚਾਰ ਵਾਲ਼ੇ ਗੁਣ ਕਿਉਂਕਿ ਸਿਮਰਨ ਕਰਨ ਵਾਲ਼ੇ ਦੇ ਅੰਦਰ ਪ੍ਰਗਟ ਹੋਣੇ ਹਨ, ਇਸ ਲਈ ਉਸ ਪ੍ਰਾਣੀ ਦਾ ਅੰਦਰ ਹੀ , ਭਾਵ, ਮਨ ਹੀ ਇਨ੍ਹਾਂ ਵਸਤੂਆਂ ਵਾਸਤੇ ਥਾਲ਼ ਬਣ ਜਾਣਾਂ ਹੈ। ਥਾਲ਼ ਬਾਹਰ ਨਹੀ ਹੋ ਸਕਦਾ। ਵਸਤੂਆਂ ਦਾ ਲਾਭ ਪ੍ਰਾਣੀ ਦੇ ਅੰਦਰ ਪ੍ਰਗਟ ਹੋਣਾ ਹੈ ਤਾਂ ਵਸਤੂਆਂ ਨੂੰ ਸੰਭਾਲਣ ਲਈ ਥਾਲ਼ ਵੀ ਅੰਦਰ ਹੀ ਹੋਵੇਗਾ। ਦੋਹਾਂ ਰਚਨਾਵਾਂ ਵਿੱਚ ਇਸੇ ਖ਼ਿਆਲ ਦਾ ਪ੍ਰਗਟਾਅ ਹੈ। ਧੰਨੁ ਗੁਰੂ ਅਮਰਦਾਸ ਪਾਤਿਸ਼ਾਹ ਜੀ ‘ਸਲੋਕੁ ਮ:੩’ ਵਿੱਚ ਲਿਖਦੇ ਹਨ-
ਸਲੋਕੁ ਮ: ੩॥
ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ॥
ਅਰਥ- ਆਤਮਕ ਪ੍ਰਸੰਨਤਾ ਦੇਣ ਵਾਲ਼ੀ ਵਸਤੂ (ਮੁਦਾਵਣੀ/ਮੁੰਦਾਵਣੀ) ਨੂੰ ਆਪਣੇ ਅੰਦਰੋਂ, ਭਾਵ, ਯਾਦਾਂ ਵਿੱਚੋਂ ਕਿੱਸ ਵਾਸਤੇ ਬਾਹਰ ਕੱਢੀਐ ਭਾਈ! ਇਸ ਨੂੰ ਤਾਂ ਸਦਾ ਹੀ ਆਪਣੇ ਅੰਦਰ (ਉਰਿ-ਹਿਰਦੇ ਵਿੱਚ, ਯਾਦਾਂ ਵਿੱਚ ਅਤੇ ਧਾਰਿ- ਟਿਕਾ ਕੇ) ਟਿਕਾ ਕੇ ਰੱਖਣਾ ਬਣਦਾ ਹੈ ਤਾਂ ਹੀ ਸਤੁ, ਸੰਤੋਖ ਅਤੇ ਸ਼ਬਦ ਵੀਚਾਰ ਦੇ ਗੁਣ ਅੰਦਰ ਪੈਦਾ ਹੋ ਸਕਣਗੇ। ‘ਉਰਿ ਧਾਰਿ’ਲਫ਼ਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਰੇ ਕਦਾ ਚਿੱਤ ਨਹੀਂ ਹੋ ਸਕਦੇ ਤੇ ਇਸੇ ਕਰਕੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਥਾਲ’ ਨਹੀਂ ਕਿਹਾ ਜਾ ਸਕਦਾ ਕਿਉਂਕਿ ‘ਥਾਲ’ ਦਾ ਸੰਬੰਧ ਸਿਮਰਨ ਕਰਨ ਵਾਲ਼ੇ ਪ੍ਰਾਣੀ ਨਾਲ਼ ਹੈ । ਸ਼੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਵੀ ਨਹੀਂ ਹੋਇਆ ਸੀ ਜਿਸ ਕਾਰਨ ਉਨ੍ਹਾਂ ‘ਥਾਲ’ ਸ਼ਬਦ ਸਿਮਰਨ ਕਰਨ ਵਾਲ਼ੇ ਪ੍ਰਾਣੀ ਲਈ ਹੀ ਵਰਤਿਆ ਹੈ।
ਧੰਨੁ ਸ਼੍ਰੀ ਗੁਰੂ ਅਰਜੁਨ ਸਾਹਿਬ ਪਾਤਿਸ਼ਾਹ ਜੀ ਇਹੋ ਖ਼ਿਆਲ ਪ੍ਰਗਟ ਕਰਦੇ ਲਿਖਦੇ ਹਨ-
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖਿ ਉਰਿ ਧਾਰੋ॥
ਅਰਥ- ਆਤਮਕ ਜੀਵਨ ਦੇਣ ਵਾਲ਼ੀ ਇਹ ਹਰੀ ਨਾਮ-ਰੂਪ ਵਸਤੂ (ਮੁਦਾਵਣੀ/ਮੁੰਦਾਵਣੀ) ਕਿਸੇ ਤਰ੍ਹਾਂ ਵੀ ਮਨ ਤੋਂ ਲਾਂਭੇ ਨਹੀਂ ਕੀਤੀ ਜਾ ਸਕਦੀ। ਹੇ ਭਾਈ! ਇਸ ਨੂੰ ਸਦਾ ਆਪਣੇ ਅੰਦਰ (ਉਰਿ ਧਾਰੋ) ਟਿਕਾ ਕੇ ਰੱਖੋ; ਤਾਂ ਹੀ ਸਤੁ, ਸੰਤੋਖੁ ਅਤੇ ਸ਼ਬਦ ਵੀਚਾਰ ਵਾਲ਼ੇ ਗੁਣ ਅੰਦਰ ਪ੍ਰਵੇਸ਼ ਕਰ ਸਕਣਗੇ। ਧੰਨੁ ਗੁਰੂ ਪੰਜਵੇਂ ਪਾਤਿਸ਼ਾਹ ਜੀ ਵੀ ‘ਮੁਦਾਵਣੀ’ ਜਾਂ ਆਤਮਕ ਪ੍ਰਸੰਨਤਾ ਦੇਣ ਵਾਲ਼ੀ ਵਸਤੂ, ਹਰੀ ਨਾਮੁ, ਨੂੰ ‘ਆਦਿ ਬੀੜ’ ਵਿੱਚ ਟਿਕਾ ਕੇ ਰੱਖਣ ਲਈ ਨਹੀਂ ਕਹਿੰਦੇ ਸਗੋਂ ਆਪਣੇ ਅੰਦਰ ਟਿਕਾਉਣ ਲਈ ਕਹਿੰਦੇ ਹਨ।
‘ਉਰਿਧਾਰੋ’ ਦਾ ਅਰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੈ। ਹਰ ਥਾਂ ਰਮੇ ਹੋਏ ਹਰੀ ਨਾਮ ਨੂੰ ਅੰਦਰ ਟਿਕਾਉਣਾ ਹੈ ਤੇ ਤਿੰਨ ਵਸਤੂਆਂ ਦੀ ਸੰਭਾਲ਼ ਲਈ ਮਨ ਨੇ ਹੀ ਥਾਲ਼ ਬਣਨਾ ਹੈ ।
ਸਪੱਸ਼ਟ ਹੈ ਕਿ ‘ਥਾਲੈ’ ਜਾਂ ‘ਥਾਲ਼’ ਸ਼ਬਦ ਦੇ ਅਰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ਼ ਸੰਬੰਧਤ ਨਹੀਂ ਹਨ, ਸਗੋਂ ਪ੍ਰਾਣੀ ਦੇ ਆਪਣੇ ਮਨ ਨਾਲ਼ ਸੰਬੰਧਤ ਹਨ ਜਿੱਥੇ ਹਰੀ ਨਾਮ ਸਿਮਰਨ ਨਾਲ਼ ਪੈਦਾ ਹੋਏ ਤਿੰਨ ਗੁਣਾ ਨੇ ਟਿਕਣਾ ਹੈ।