How to realize and to be in tune with Akal Purkh through His Naam
ਦੁਨੀਆਂ ਦੇ ਬਹੁਤ ਸਾਰੇ ਧਰਮਾਂ ਨੇ ਅਕਾਲ ਪੁਰਖ ਦੀ ਪਰਿਭਾਸ਼ਾ ਆਪਣੀ ਆਪਣੀ ਕਲਪਨਾਂ ਦੇ ਆਧਾਰ ਤੇ ਦਿਤੀ ਹੈ। ਕਿਸੇ ਨੇ ਮਨੁੱਖ ਨੂੰ ਅਕਾਲ ਪੁਰਖ ਦਾ ਦਰਜਾ ਦੇ ਦਿਤਾ ਤੇ ਕਿਸੇ ਨੇ ਜੀਵ ਜੰਤੂ, ਵਸਤੂ ਜਾਂ ਸਥਾਨ ਨੂੰ ਅਕਾਲ ਪੁਰਖ ਦਾ ਦਰਜਾ ਦੇ ਦਿਤਾ। ਪਰੰਤੂ ਇਹ ਸਭ ਕੁਝ ਤਾਂ ਖੁਦ ਅਕਾਲ ਪੁਰਖ ਦੇ ਆਪਣੇ ਬਣਾਏ ਹੋਏ ਹਨ, ਅਤੇ ਇਹ ਸਾਰੇ ਨਾਸ਼ਵੰਤ ਹਨ। ਜੇ ਅਕਾਲ ਪੁਰਖ ਆਪ ਹੀ ਨਾਸ ਹੋ ਗਿਆ ਤਾਂ ਬਾਕੀ ਕੀ ਰਹਿ ਜਾਵੇਗਾ। ਗੁਰੂ ਗਰੰਥ ਸਾਹਿਬ ਵਿਚ ਅੰਕਿਤ ਸਿਰਲੇਖ ਅਕਾਲ ਪੁਰਖ ਨੂੰ ਵਿਗਿਆਨਕ ਤਰੀਕੇ ਨਾਲ ਦਰਸਾਉਂਣ ਦਾ ਆਰੰਭ ਹੈ। ਇਸ ਨੂੰ ਅਕਾਲ ਪੁਰਖ ਸਬੰਧੀ ਸਾਇੰਸ ਦਾ ਮੁੱਢ ਵੀ ਕਹਿ ਸਕਦੇ ਹਾਂ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੀ ਪਰਿਭਾਸ਼ਾ ਕਲਪਨਾਂ ਦੇ ਆਧਾਰ ਤੇ ਨਹੀਂ ਦਿਤੀ, ਬਲਕਿ ਪੂਰਨ, ਉਚੇ ਪੱਧਰ ਦੀ ਸਇੰਸ ਦੇ ਆਧਾਰ ਤੇ ਦਿੱਤੀ ਹੈ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥(੧)
ਜੇ ਕਰ ਗੁਰਬਾਣੀ ਨੂੰ ਧਿਆਨ ਨਾਲ ਸਮਝੀਏ ਤਾਂ ਪਤਾ ਲਗਦਾ ਹੈ ਕਿ ਗੁਰੂ ਸਾਹਿਬਾਂ ਨੇ ਗੁਰੂ ਗਰੰਥ ਸਾਹਿਬ ਵਿਚ ਅਕਾਲ ਪੁਰਖੁ ਦੇ ਗੁਣ ਹੀ ਸਮਝਾਏ ਹਨ। ਗੁਰੂ ਸਾਹਿਬਾਂ ਨੇ ਗੁਰੂ ਗਰੰਥ ਸਾਹਿਬ ਵਿਚ ਕਿਤੇ ਵੀ ਸਪਸ਼ਟ ਕਰਕੇ ਨਹੀਂ ਕਿਹਾ ਕਿ ਕੋਈ ਇਕ ਅੱਖਰ ਜਾਂ ਸਬਦ ਅਕਾਲ ਪੁਰਖੁ ਦਾ ਨਾਂ ਹੈ, ਕਿਉਂਕਿ ਅਕਾਲ ਪੁਰਖੁ ਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬਾਂ ਨੇ ਏਕਾ ਸਬਦੀ ਵਾਲਿਆਂ ਨੂੰ ਵੀ ਗੁਰਬਾਣੀ ਅਨੁਸਾਰ ਪ੍ਰਵਾਨ ਨਹੀਂ ਕੀਤਾ ਹੈ “ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ” (੬੫੪)। ਹਾਂ ਅਸੀਂ ਆਪਸੀ ਸਮਝ, ਸਹੂਲਤ ਤੇ ਸਾਂਝ ਕਰਨ ਲਈ ਦੋ ਅੱਖਰੀ ਸਬਦ “ਅਕਾਲ ਪੁਰਖੁ” ਵਰਤ ਸਕਦੇ ਹਾਂ, ਜਿਸ ਤਰ੍ਹਾਂ ਕਿ ਗੁਰੂ ਸਾਹਿਬਾਂ ਨੇ ਵੀ ਗੁਰੂ ਗਰੰਥ ਸਾਹਿਬ ਵਿਚ ੨ ਵਾਰੀ ਵਰਤਿਆ ਗਿਆ ਹੈ।
ਗੁਰੂ ਗਰੰਥ ਸਾਹਿਬ ਵਿਚ “ੴ ਸਤਿਗੁਰ ਪ੍ਰਸਾਦਿ” ਬਾਣੀ ਦੇ ਸਿਰਲੇਖ ਦੇ ਤੌਰ ਤੇ ਲਗਭਗ ੫੨੨ ਵਾਰੀ ਆਇਆ ਹੈ। ਜੇਕਰ “ੴ ਸਤਿਗੁਰ ਪ੍ਰਸਾਦਿ” ਗੁਰੂ ਗਰੰਥ ਸਾਹਿਬ ਵਿਚ ਇਤਨੀ ਜਿਆਦਾ ਵਾਰੀ ਆਇਆ ਹੈ ਤੇ ਉਹ ਵੀ ਸਿਰਲੇਖ ਦੇ ਤੌਰ ਤੇ ਆਇਆ ਹੈ, ਤਾਂ ਇਸ ਦਾ ਜਰੂਰ ਕੋਈ ਖਾਸ ਕਾਰਨ ਹੋ ਸਕਦਾ ਹੈ। ਜੇ ਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਸਾਫ ਪਤਾ ਲਗਦਾ ਹੈ ਕਿ “ੴ ਸਤਿਗੁਰ ਪ੍ਰਸਾਦਿ”, ਅਕਾਲ ਪੁਰਖ ਦੀ ਪੂਰਨ ਪਰਿਭਾਸ਼ਾ “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥” ਦਾ ਸੰਖੇਪ ਰੂਪ ਹੈ। ਜਿਸ ਵਿਚ ਆਰੰਭਕ ਭਾਗ (ੴ ਸਤਿ) ਤੇ ਆਖਰੀ ਭਾਗ (ਗੁਰ ਪ੍ਰਸਾਦਿ) ਲਏ ਗਏ ਹਨ ਤੇ ਵਿਚਲਾ ਭਾਗ (ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ) ਨਹੀਂ ਲਿਆ ਗਿਆ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ “ੴ ਸਤਿਗੁਰ ਪ੍ਰਸਾਦਿ”, ਅਕਾਲ ਪੁਰਖ ਦੀ ਪੂਰਨ ਪਰਿਭਾਸ਼ਾ “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥” ਦਾ ਸੰਖੇਪ ਰੂਪ ਹੀ ਹੈ। ਜੇ ਕਰ ਇਹ ਸੰਖੇਪ ਰੂਪ ਹੈ ਤਾਂ ਗੁਰਸਿਖ ਲਈ ਇਸ ਦੀ ਬਹੁਤ ਮਹੱਤਤਾ ਹੈ। ਇਸ ਨੂੰ ਇਕ ਖਾਸ ਸਿਖਿਆ ਦੇ ਤੌਰ ਤੇ ਵੀ ਸਮਝ ਸਕਦੇ ਹਾਂ, ਕਿ ਜੇ ਕਰ ਅਕਾਲ ਪੁਰਖ (ੴ) ਨੂੰ ਮਿਲਣਾਂ ਚਾਹੁੰਦੇ ਹਾਂ ਤਾਂ ਉਹ ਸਤਿਗੁਰੂ ਦੀ ਕ੍ਰਿਪਾ ਦੁਆਰਾ ਹੀ ਸੰਭਵ ਹੋ ਸਕਦਾ ਹੈ। ਜਾਂ ਦੂਸਰੇ ਸਬਦਾਂ ਵਿਚ ਕਹਿ ਸਕਦੇ ਹਾਂ ਕਿ ਇਸ ਸ੍ਰਿਸ਼ਟੀ ਦਾ ਕਰਤਾ ੴ (“ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥”) ਹੈ ਅਤੇ ਸਤਿਗੁਰੂ ਦੀ ਕ੍ਰਿਪਾ ਦੁਆਰਾ ਉਸ ਅਕਾਲ ਪੁਰਖ ਦਾ ਮਿਲਾਪ ਹੋ ਸਕਦਾ ਹੈ। ਇਸ ਲਈ ਅਜੇਹੀ ਵਾਰ ਵਾਰ ਦਿਤੀ ਗਈ ਸਿਖਿਆ (ੴ ਸਤਿਗੁਰ ਪ੍ਰਸਾਦਿ) ਸਾਨੂੰ ਇਹੀ ਸਮਝਾਂਦੀ ਹੈ ਕਿ ਅਕਾਲ ਪੁਰਖ ਦੇ ਮਿਲਾਪ ਲਈ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਹੀ ਸਹਾਈ ਹੋ ਸਕਦੀ ਹੈ। ਇਸ ਲਈ ਸਾਨੂੰ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਵਿਚੋਂ ਹੀ ਅਕਾਲ ਪੁਰਖ ਬਾਰੇ ਖੋਜਣਾ ਪਵੇਗਾ। ਅਕਾਲ ਪੁਰਖ ਦਾ ਨਾਮੁ ਜਪਣ ਲਈ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਤੇ ਵੀਚਾਰਨੇ ਬਹੁਤ ਜਰੂਰੀ ਹਨ। ਇਸ ਲਈ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਪੜ੍ਹ ਕੇ, ਸਮਝ ਕੇ, ਤੇ ਆਪਣੇ ਅਮਲੀ ਜੀਵਨ ਵਿਚ ਅਪਨਾ ਕੇ, ਆਪਣਾ ਮਨੁੱਖਾ ਜੀਵਨ ਸਫਲ ਕਰ ਸਕਦੇ ਹਾਂ।
ਆਮ ਜੀਵਨ ਵਿਚ ਅਸੀਂ ਬੋਲਦੇ ਤਾਂ ਬਹੁਤ ਹਾਂ, ਪਰ ਸੁਣਦੇ ਬਹੁਤ ਘੱਟ ਹਾਂ। ਅਸੀਂ ਗੁਰਦੁਆਰਾ ਸਾਹਿਬ ਜਿਆਦਾ ਤਰ ਵੇਖਣ ਲਈ, ਮੱਥਾ ਟੇਕਣ ਲਈ ਜਾਂ ਰਵਾਇਤਾਂ ਪੂਰੀਆਂ ਕਰਨ ਲਈ ਹੀ ਜਾਂਦੇ ਹਾਂ। ਗੁਰਬਾਣੀ ਨੂੰ ਸੁਣਨ ਤੇ ਸਮਝਣ ਲਈ ਬਹੁਤ ਘੱਟ ਉਪਰਾਲੇ ਹੁੰਦੇ ਹਨ। ਆਮ ਤੌਰ ਤੇ ਅਸੀਂ ਉਹੀ ਸੁਣਦੇ ਹਾਂ ਜੋ ਸਾਨੂੰ ਚੰਗਾਂ ਲਗਦਾ ਹੈ। ਜੇ ਸੁਣਨ ਵਾਲੀ ਗੱਲ ਸਾਨੂੰ ਮੁਆਫਕ ਨਹੀਂ ਆਉਂਦੀ ਤਾਂ ਅਸੀਂ ਬਿਨਾਂ ਸੁਣੇ ਉਸ ਦੇ ਵਿਰੁਧ ਸੋਚਣਾਂ ਸ਼ੁਰੂ ਕਰ ਦਿੰਦੇ ਹਾਂ। ਇਹ ਠੀਕ ਹੈ ਕਿ ਕਈ ਵਿਆਖਿਆਕਾਰ ਸਾਡੀ ਅਧੂਰੀ ਸਮਝ ਦੀ ਕਸਵਟੀ ਤੇ ਪੂਰੇ ਨਹੀਂ ਉਤਰਦੇ, ਪਰੰਤੂ ਉਨ੍ਹਾਂ ਦੇ ਦ੍ਰਿਸ਼ਟੀਕੋਨ ਨੂੰ ਵੀ ਬਿਲਕੁਲ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਅਜੇਹੀ ਸਥਿਤੀ ਵਿਚ ਸਾਡੀ ਅਧੂਰੀ ਸੋਚ ਸਾਡੇ ਉੱਪਰ ਹਾਵੀ ਹੋ ਜਾਂਦੀ ਹੈ, ਤੇ ਕਈ ਵਾਰੀ ਅਸੀਂ ਆਪਣੀਆਂ ਸੋਚਾਂ ਵਿਚ ਹੀ ਗਵਾਚ ਜਾਂਦੇ ਹਾਂ। ਇਸ ਕਰਕੇ ਚਲ ਰਹੇ ਸ਼ਬਦ ਜਾਂ ਵਿਸ਼ੇ ਨਾਲ ਸਾਡਾ ਸੰਬੰਧ ਟੁਟ ਜਾਂਦਾ ਹੈ ਤੇ ਸਾਨੂੰ ਪਤਾ ਹੀ ਨਹੀਂ ਲਗਦਾ ਕਿ ਅੱਗੇ ਕੀ ਬੋਲਿਆ ਜਾ ਚੁਕਾ ਹੈ। ਇਸ ਤਰ੍ਹਾਂ ਸੰਬੰਧ ਟੁਟਣ ਕਰਕੇ ਸਾਨੂੰ ਪੂਰੇ ਸ਼ਬਦ ਜਾਂ ਵਿਸ਼ੇ ਦੀ ਸਮਝ ਨਹੀਂ ਲਗਦੀ। ਨਤੀਜਾ ਇਹ ਹੁੰਦਾ ਹੈ ਕਿ ਅਸੀਂ ਬਿਨਾ ਗੁਰੂ ਸਾਹਿਬ ਦੀ ਮੱਤ ਲਿਆਂ, ਖਾਲੀ ਹੱਥ ਘਰ ਵਾਪਿਸ ਪਰਤ ਜਾਂਦੇ ਹਾਂ।
ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥
ਏਤੁ ਦੁਆਰੈ ਧੋਇ ਹਛਾ ਹੋਇਸੀ ॥ (੭੩੦)
ਮਤ ਲੈਣ ਦਾ ਤਰੀਕਾ ਗੁਰੂ ਨਾਨਕ ਸਾਹਿਬ, ਜਪੁਜੀ ਸਾਹਿਬ ਵਿਚ ਸਪੱਸ਼ਟ ਕਰਕੇ ਸਮਝਾਉਂਦੇ ਹਨ ਕਿ ਆਓ, ਅਕਾਲ ਪੁਰਖ ਦੇ ਗੁਣ ਗਾਵੀਏ, “ਗਾਵੀਐ”। ਰਵਾਇਤੀ ਗਾਇਨ ਨਹੀਂ ਕਰਨਾ ਹੈ, ਹਿਰਦੇ ਤੋਂ ਗਾਇਨ ਕਰਨਾ ਹੈ। ਜੋ ਗਾਇਨ ਕਰ ਰਹੇ ਹਾਂ ਉਸ ਨੂੰ ਸੁਣਨਾ ਵੀ ਹੈ, “ਸੁਣੀਐ”। ਖਾਲੀ ਸੁਣਨਾਂ ਜਾਂ ਸਿਰਫ ਰਾਗ ਨੂੰ ਹੀ ਸੁਣ ਲੈਣਾਂ, ਸਿਰਫ ਕੰਨਾਂ ਤਕ ਹੀ ਸੀਮਿਤ ਰਹਿ ਜਾਂਦਾ ਹੈ। ਧਿਆਨ ਨਾਲ ਸੁਣਨਾਂ, ਕੰਨਾਂ ਅਤੇ ਦਿਮਾਗ ਦੋਹਾਂ ਨਾਲ ਹੁੰਦਾ ਹੈ। ਗੁਰਦੁਆਰਾ ਸਾਹਿਬ ਵਿਚ ਰਵਾਇਤਾਂ ਪੂਰੀਆਂ ਕਰਨ ਦੀ ਬਜਾਏ ਗੁਰੂ ਸਾਹਿਬ ਦੀ ਮਤ ਲੈਣ ਲਈ ਆਉਂਣਾਂ ਹੈ ਤੇ ਗੁਰੂ ਸਾਹਿਬ ਦੀ ਬਾਣੀ ਪੂਰੇ ਧਿਆਨ ਨਾਲ ਸੁਣਨੀ ਹੈ। ਬਾਅਦ ਵਿਚ ਗੁਰੂ ਸਾਹਿਬ ਦੀ ਗੱਲ ਵਾਰ ਵਾਰ ਵੀਚਾਰਨੀ ਹੈ ਤਾਂ ਜੋ ਠੀਕ ਤਰ੍ਹਾਂ ਸਮਝ ਆ ਸਕੇ। ਫਿਰ ਗੁਰੂ ਸਾਹਿਬ ਦੀ ਗੱਲ ਮੰਨਣੀ ਹੈ ਤੇ ਅਮਲੀ ਰੂਪ ਵਿਚ ਅਪਨਾਉਣੀ ਹੈ ਤਾਂ ਜੋ ਜੀਵਨ ਦੀ ਅਸਲੀਅਤ ਸਮਝ ਆ ਸਕੇ। ਗੁਰੂ ਸਾਹਿਬ ਦੇ ਪੂਰੇ ਸ਼ਬਦ ਨੂੰ ਵਿਚਾਰਨਾਂ ਹੈ, ਭਾਵ ਅਰਥ ਸਮਝਣਾਂ ਹੈ ਅਤੇ ਜੀਵਨ ਵਿਚ ਅਪਨਾਉਣਾਂ ਹੈ। ਇਹ ਸਭ ਕੁਝ ਕਰਨ ਨਾਲ ਹੀ “ਸੁਣਿਐ ਦੂਖ ਪਾਪ ਕਾ ਨਾਸੁ” ਹੋ ਸਕਦਾ ਹੈ। ਸਿਰਫ ਰਿਵਾਇਤੀ ਤੌਰ ਤੇ ਬਿਨਾ ਸਮਝ ਕੇ ਕੀਤੇ ਪਾਠ ਬਾਰੇ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ, ਕਿ ਜਿਸ ਤਰ੍ਹਾਂ ਪਾਣੀ ਪੀ ਕੇ ਕੁਰਲੀ ਕਰ ਦਿਤੀ ਹੋਵੇ। ਧਿਆਨ ਨਾਲ ਸਮਝ ਦੇ ਕੀਤਾ ਪਾਠ ਪੂਰੇ ਪਾਣੀ ਦੇ ਗਲਾਸ ਨੂੰ ਪੀਣ ਦੀ ਤਰ੍ਹਾਂ ਹੈ। ਆਪਣੇ ਮਨ ਵਿਚ ਉਸ ਅਕਾਲ ਪੁਰਖੁ ਲਈ ਪ੍ਰੇਮ ਟਿਕਾਉਣਾਂ ਹੈ “ਮਨਿ ਰਖੀਐ ਭਾਉ”। ਜੇ ਕਰ ਇਸ ਤਰ੍ਹਾਂ ਕਰਾਂਗੇ, ਤਾਂ ਹੀ ਆਪਣਾ ਦੁਖ ਦੂਰ ਕਰਕੇ, ਸੁਖ ਨੂੰ ਹਿਰਦੇ ਵਿਚ ਵਸਾ ਸਕਦੇ ਹਾਂ।
ਗਾਵੀਐ ਸੁਣੀਐ ਮਨਿ ਰਖੀਐ ਭਾਉ ॥
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ (੨)
ਗੁਰੂ ਸਾਹਿਬ ਆਪਣੇ ਆਪ ਨੂੰ ਸੰਬੋਧਨ ਕਰਕੇ ਸਮਝਾਂਦੇ ਹਨ ਕਿ ਮੈਂ ਅਕਾਲ ਪੁਰਖੁ ਦਾ ਨਾਮੁ ਯਾਦ ਕਰ ਕਰ ਕੇ ਸੁਖ ਹਾਸਲ ਕਰਦਾ ਹਾਂ। ਇਸ ਤਰ੍ਹਾਂ ਕਰਨ ਨਾਲ ਸਰੀਰ ਵਿਚ ਜਿਹੜੇ ਦੁਖ ਤੇ ਕਲੇਸ਼ ਹਨ, ਉਨ੍ਹਾਂ ਨੂੰ ਮਿਟਾ ਲੈਂਦਾਂ ਹਾਂ। ਅਕਾਲ ਪੁਰਖੁ ਸਭ ਦੀ ਪਾਲਨਾ ਕਰਨ ਵਾਲਾ ਹੈ, ਉਸ ਦਾ ਨਾਮੁ ਅਨੇਕਾਂ ਤੇ ਅਣਗਿਣਤ ਜੀਵ ਜਪਦੇ ਰਹਿੰਦੇ ਹਨ, ਮੈਂ ਵੀ ਉਸ ਅਕਾਲ ਪੁਰਖੁ ਨੂੰ ਯਾਦ ਕਰਦਾ ਰਹਿੰਦਾ ਹਾਂ। ਵੇਦਾਂ, ਪੁਰਾਨਾਂ ਤੇ ਸਿਮ੍ਰਿਤੀਆਂ ਨੇ ਇਕ ਅਕਾਲ ਪੁਰਖ ਦੇ ਨਾਮੁ ਨੂੰ ਹੀ ਸਭ ਤੋਂ ਪਵਿੱਤਰ ਮੰਨਿਆ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਅਕਾਲ ਪੁਰਖ ਦੇ ਨਾਮੁ ਦਾ ਥੋੜਾ ਜਿਹਾ ਕਿਨਕਾ ਵੀ ਵਸ ਜਾਂਦਾ ਹੈ, ਉਸ ਮਨੁੱਖ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਸਾਹਿਬ ਬੇਨਤੀ ਕਰਦੇ ਹਨ ਕਿ, ਹੇ ਅਕਾਲ ਪੁਰਖ! ਜਿਹੜੇ ਮਨੁੱਖ ਤੇਰੇ ਦੀਦਾਰ ਦੇ ਚਾਹਵਾਨ ਹਨ, ਮੈਨੂੰ ਉਨ੍ਹਾਂ ਗੁਰਮੁਖਾਂ ਦੀ ਸੰਗਤਿ ਵਿਚ ਰੱਖ ਕੇ ਇਸ ਸੰਸਾਰ ਰੂਪੀ ਸਮੁੰਦਰ ਤੋਂ ਬਚਾ ਲਵੋ।
ਅਸਟਪਦੀ ॥
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥
ਕਲਿ ਕਲੇਸ ਤਨ ਮਾਹਿ ਮਿਟਾਵਉ ॥
ਸਿਮਰਉ ਜਾਸੁ ਬਿਸੁੰਭਰ ਏਕੈ ॥
ਨਾਮੁ ਜਪਤ ਅਗਨਤ ਅਨੇਕੈ ॥
ਬੇਦ ਪੁਰਾਨ ਸਿੰਮ੍ਰਿਤਿ ਸੁਧਾਖ´ਰ ॥
ਕੀਨੇ ਰਾਮ ਨਾਮ ਇਕ ਆਖ´ਰ ॥
ਕਿਨਕਾ ਏਕ ਜਿਸੁ ਜੀਅ ਬਸਾਵੈ ॥
ਤਾ ਕੀ ਮਹਿਮਾ ਗਨੀ ਨ ਆਵੈ ॥
ਕਾਂਖੀ ਏਕੈ ਦਰਸ ਤੁਹਾਰੋ ॥
ਨਾਨਕ ਉਨ ਸੰਗਿ ਮੋਹਿ ਉਧਾਰੋ ॥੧॥ (੨੬੨)
ਲੱਖਾਂ ਕਰੋੜਾਂ ਬਾਹਵਾਂ ਦੇ ਹੁੰਦਿਆਂ, ਭਾਵ ਅਨੇਕਾਂ ਤਰ੍ਹਾਂ ਦੇ ਆਸਰਿਆਂ ਦੇ ਬਾਵਜੂਦ ਵੀ ਮਨੁੱਖ ਇਸ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਨਹੀਂ ਲੰਘ ਸਕਦਾ। ਸਿਰਫ ਅਕਾਲ ਪੁਰਖੁ ਦਾ ਨਾਮੁ ਹੀ ਇਸ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਲੰਘਾ ਸਕਦਾ ਹੈ। ਜੇ ਕਰ ਮਨੁੱਖ ਨੂੰ ਜੀਵਨ ਵਿਚ ਅਨੇਕਾਂ ਔਕੜਾਂ ਵੀ ਦੁਖੀ ਕਰਦੀਆਂ ਰਹਿੰਦੀਆਂ ਹਨ, ਤਾਂ ਵੀ ਉਸ ਅਵਸਥਾ ਵਿਚ ਅਕਾਲ ਪੁਰਖੁ ਦਾ ਨਾਮੁ ਸੇਵਕ ਨੂੰ ਤੁਰੰਤ ਬਚਾ ਲੈਂਦਾ ਹੈ। ਜੇ ਕਰ ਜੀਵ ਅਨੇਕਾਂ ਜੂਨਾਂ ਵਿਚ ਜੰਮਦਾ ਤੇ ਮਰਦਾ ਰਹਿੰਦਾ ਹੈ, ਵਿਕਾਰਾਂ ਕਰਕੇ ਭਰਮਾਂ, ਭੁਲੇਖਿਆਂ ਤੇ ਭੰਬਲ ਭੂਸਿਆਂ ਵਿਚ ਪਿਆ ਰਹਿੰਦਾ ਹੈ, ਤਾਂ ਵੀ ਅਕਾਲ ਪੁਰਖੁ ਦਾ ਨਾਮੁ ਜਪਣ ਨਾਲ ਅਜੇਹੇ ਮਨੁੱਖ ਦਾ ਮਨ ਟਿਕਾਉ ਵਿਚ ਆ ਜਾਂਦਾ ਹੈ। ਹਉਮੈ ਨਾਲ ਗੰਦਾ ਹੋਇਆ ਜੀਵ ਕਦੇ ਵੀ ਆਪਣੀ ਵਿਕਾਰਾਂ ਵਾਲੀ ਮੈਲ ਨੂੰ ਨਹੀਂ ਧੋਂਦਾ, ਤੇ ਆਪਣੇ ਹਉਮੈ ਵਿਚ ਹੀ ਫਸਿਆ ਰਹਿੰਦਾ ਹੈ, ਪਰੰਤੂ ਅਕਾਲ ਪੁਰਖੁ ਦਾ ਨਾਮੁ ਅਜੇਹੇ ਕਰੋੜਾਂ ਤਰ੍ਹਾਂ ਦੇ ਪਾਪ ਨਾਸ ਕਰ ਸਕਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ ਕਿ ਅਕਾਲ ਪੁਰਖੁ ਦੇ ਪਿਆਰ ਵਿਚ ਪੂਰੀ ਤਰ੍ਹਾਂ ਲਿਵ ਲਗਾ ਕੇ ਉਸ ਦਾ ਅਜੇਹਾ ਨਾਮੁ ਜਪ, ਜਿਹੜਾਂ ਗੁਰਮੁਖਾਂ ਦੀ ਸੰਗਤਿ ਵਿਚ ਮਿਲਦਾ ਹੈ।
ਛੂਟਤ ਨਹੀ ਕੋਟਿ ਲਖ ਬਾਹੀ ॥
ਨਾਮੁ ਜਪਤ ਤਹ ਪਾਰਿ ਪਰਾਹੀ ॥
ਅਨਿਕ ਬਿਘਨ ਜਹ ਆਇ ਸੰਘਾਰੈ ॥
ਹਰਿ ਕਾ ਨਾਮੁ ਤਤਕਾਲ ਉਧਾਰੈ ॥
ਅਨਿਕ ਜੋਨਿ ਜਨਮੈ ਮਰਿ ਜਾਮ ॥
ਨਾਮੁ ਜਪਤ ਪਾਵੈ ਬਿਸ੍ਰਾਮ ॥
ਹਉ ਮੈਲਾ ਮਲੁ ਕਬਹੁ ਨ ਧੋਵੈ ॥
ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥
ਐਸਾ ਨਾਮੁ ਜਪਹੁ ਮਨ ਰੰਗਿ ॥
ਨਾਨਕ ਪਾਈਐ ਸਾਧ ਕੈ ਸੰਗਿ ॥੩॥ (੨੬੪)
ਗੁਰੂ ਰਾਮਦਾਸ ਜੀ ਨੇ ਸਿੱਖ ਦੀ ਪ੍ਰੀਭਾਸ਼ਾ ਵਿਚ ਅੰਮ੍ਰਿਤ ਵੇਲੇ ਨੂੰ ਖਾਸ ਮਹੱਤਵ ਦਿੱਤਾ ਹੈ। ਸਤਿਗੁਰੂ ਦਾ ਸੱਚਾ ਸਿੱਖ ਉਸ ਨੂੰ ਆਖਦੇ ਹਨ, ਜਿਹੜਾ ਹਰ ਰੋਜ਼ ਸਵੇਰੇ ਉੱਠ ਕੇ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦਾ ਹੈ। ਹਰ ਰੋਜ਼ ਸਵੇਰੇ ਉੱਦਮ ਕਰਕੇ ਆਪਣੇ ਰੋਜ਼ਾਨਾ ਸਰੀਰਕ ਸਫਾਈ ਅਤੇ ਇਸ਼ਨਾਨ ਕਰਨ ਤੋਂ ਬਾਅਦ ਨਾਮੁ ਰੂਪੀ ਅੰਮ੍ਰਿਤ ਬਾਣੀ ਦੇ ਸਰੋਵਰ ਵਿਚ ਟੁੱਭੀ ਲਾਉਂਦਾ ਹੈ। ਸਤਿਗੁਰੂ ਦੇ ਉਪਦੇਸ਼, ਭਾਵ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਜਪਦਾ ਹੈ। ਗੁਰਬਾਣੀ ਧਿਆਨ ਨਾਲ ਪੜ੍ਹਨ, ਸੁਣਨ, ਸਮਝਣ ਤੇ ਅਮਲੀ ਰੂਪ ਦੇਣ ਨਾਲ ਸਾਰੇ ਪਾਪ ਅਤੇ ਵਿਕਾਰ ਲਹਿ ਜਾਂਦੇ ਹਨ। ਸਤਿਗੁਰੂ ਦੀ ਅੰਮ੍ਰਿਤ ਰੂਪੀ ਬਾਣੀ ਦੁਆਰਾ ਅਕਾਲ ਪੁਰਖੁ ਦਾ ਜੱਸ ਗਾਇਨ ਕਰਦਾ ਹੈ। ਗੁਰਸਿੱਖ ਸਾਰਾ ਦਿਨ ਆਪਣੀ ਕਿਰਤ ਕਰਦੇ ਹੋਇਆਂ ਹਮੇਸ਼ਾਂ, ਅਕਾਲ ਪੁਰਖੁ ਦਾ ਨਾਮੁ ਧਿਆਨ ਵਿਚ ਰੱਖਦਾ ਹੈ। ਅਕਾਲ ਪੁਰਖੁ ਨੂੰ ਹਰ ਸਮੇਂ ਚੇਤੇ ਕਰਨ ਵਾਲਾ ਸਿੱਖ, ਸਤਿਗੁਰੂ ਨੂੰ ਚੰਗਾ ਲੱਗਦਾ ਹੈ। ਸਤਿਗੁਰੂ, ਉਸ ਗੁਰਸਿੱਖ ਨੂੰ ਸਿੱਖਿਆ ਦਿੰਦਾਂ ਹੈ, ਜਿਸ ਤੇ ਅਕਾਲ ਪੁਰਖੁ ਦਿਆਲ ਹੁੰਦਾ ਹੈ। ਗੁਰੂ ਦਾ ਸਿੱਖ ਸਿਰਫ ਆਪਣਾ ਭਲਾ ਹੀ ਨਹੀਂ, ਬਲਕਿ ਸਰਬੱਤ ਦਾ ਭਲਾ ਮੰਗਦਾ ਹੈ। ਇਸ ਲਈ ਸਿੱਖ ਆਪਣੇ ਨਾਮੁ ਜਪਣ ਦੇ ਨਾਲ ਨਾਲ, ਹੋਰਨਾਂ ਨੂੰ ਵੀ ਨਾਮੁ ਜਪਾਉਂਦਾ ਹੈ। ਗੁਰੂ ਦੇ ਸਿੱਖ ਦਾ ਫਰਜ਼ ਬਣ ਜਾਂਦਾ ਹੈ ਕਿ ਸਾਂਝੇ ਤੌਰ ਤੇ ਸੰਗਤੀ ਰੂਪ ਵਿਚ ਗੁਰਬਾਣੀ ਗਾਇਨ ਕਰੇ। ਆਪ ਗੁਰਬਾਣੀ ਪੜ੍ਹੇ ਅਤੇ ਦੂਸਰਿਆ ਨੂੰ ਗੁਰਬਾਣੀ ਪੜ੍ਹਨ ਤੇ ਸਮਝਣ ਲਈ ਪ੍ਰੇਰਨਾ ਅਤੇ ਸਹਾਇਤਾ ਕਰੇ।
ਮ; ੪ ॥
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ (੩੦੫-੩੦੬)
ਅਕਾਲ ਪੁਰਖੁ ਅੱਗੇ ਇਹੀ ਅਰਦਾਸ ਕਰਨੀ ਹੈ ਕਿ ਮੇਰੇ ਅੰਦਰ ਅਜੇਹੀ ਸ਼ਰਧਾ ਤੇ ਪ੍ਰੇਮ ਪੈਦਾ ਕਰੋ, ਜਿਸ ਤਰ੍ਹਾਂ ਦੀ ਸ਼ਰਧਾ ਤੇ ਪ੍ਰੇਮ ਨਾਲ ਧ੍ਰੂ ਅਤੇ ਪ੍ਰਹਿਲਾਦ ਭਗਤ ਨੇ ਅਕਾਲ ਪੁਰਖੁ ਨੂੰ ਜਪਿਆ ਸੀ। ਹੇ ਦੀਨਾਂ ਉਤੇ ਦਇਆ ਕਰਨ ਵਾਲੇ ਅਕਾਲ ਪੁਰਖੁ! ਮੈਂਨੂੰ ਤੇਰੇ ਉਪਰ ਪੂਰਾ ਭਰੋਸਾ ਹੈ, ਜਿਸ ਕਰਕੇ ਮੈਂ ਆਪਣਾ ਸਾਰਾ ਪਰਵਾਰ, ਭਾਵ ਆਪਣੀਆਂ ਸਾਰੀਆਂ ਗਿਆਨ ਇੰਦ੍ਰਿਆਂ (ਜੀਭ, ਅੱਖਾਂ, ਕੰਨ, ਨੰਕ, ਚਮੜੀ) ਨੂੰ ਤੇਰੇ ਨਾਮੁ ਦੇ ਜਹਾਜ਼ ਤੇ ਚੜ੍ਹਾ ਦਿੱਤਾ ਹੈ ਤੇ ਤੇਰੀ ਸਿਫ਼ਤਿ ਸਾਲਾਹ ਨਾਲ ਜੋੜ ਦਿੱਤਾ ਹੈ। ਹੁਣ ਜਿਸ ਤਰ੍ਹਾਂ ਅਕਾਲ ਪੁਰਖੁ ਨੂੰ ਭਾਉਂਦਾ ਹੈ, ਉਹ ਇਨ੍ਹਾਂ ਗਿਆਨ ਇੰਦ੍ਰਿਆਂ ਨੂੰ ਆਪਣੇ ਹੁਕਮ ਅਨੁਸਾਰ ਚਲਾਉਂਦਾ ਹੈ। ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਆਪਣੇ ਮਨ ਨੂੰ ਤੇ ਗਿਆਨ ਇੰਦ੍ਰਿਆਂ ਨੂੰ ਅਕਾਲ ਪੁਰਖੁ ਦੀ ਯਾਦ ਵਿਚ ਜੋੜ ਲੈਂਦਾ ਹੈ, ਉਹ ਇਸ ਸੰਸਾਰ ਰੂਪੀ ਸਮੁੰਦਰ ਵਿਚ ਵਿਕਾਰਾਂ ਦੀਆਂ ਲਹਿਰਾਂ ਤੋਂ ਬਚ ਜਾਂਦਾ ਹੈ, ਤੇ ਆਪਣਾ ਮਨੁੱਖਾ ਜੀਵਨ ਸਫਲ ਕਰ ਲੈਂਦਾ ਹੈ।
ਗਉੜੀ ॥
ਰਾਮ ਜਪਉ ਜੀਅ ਐਸੇ ਐਸੇ ॥
ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥
ਦੀਨ ਦਇਆਲ ਭਰੋਸੇ ਤੇਰੇ ॥
ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ ॥ (੩੩੭)
ਗੁਰੂ ਸਾਹਿਬ ਸਮਝਾਂਦੇ ਹਨ ਕਿ ਅਕਾਲ ਪੁਰਖੁ ਦਾ ਪਿਆਰ ਤੇ ਨਾਮੁ ਹੀ ਮੇਰੇ ਮਨ ਤੇ ਤਨ ਦਾ ਆਸਰਾ ਹੈ। ਇਸ ਲਈ ਮੈਂ ਸਦਾ ਅਕਾਲ ਪੁਰਖੁ ਦਾ ਨਾਮੁ ਜਪਦਾ ਰਹਿੰਦਾ ਹਾਂ, ਤੇ ਨਾਮੁ ਹੀ ਮੇਰੇ ਸਾਰੇ ਸੁਖਾਂ ਦਾ ਨਿਚੋੜ ਹੈ। ਅਕਾਲ ਪੁਰਖੁ ਦਾ ਨਾਮੁ ਜਪਣ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ। ਇਸ ਲਈ ਹੇ ਮੇਰੇ ਸਜਣੋਂ! ਤੇ ਮਿੱਤਰੋ! ਸਦਾ ਅਕਾਲ ਪੁਰਖੁ ਦਾ ਨਾਮੁ ਜਪਿਆ ਕਰੋ। ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਮੈਨੂੰ ਮਨੁੱਖਾ ਜੀਵਨ ਲਈ ਕੋਈ ਹੋਰ ਆਸਰਾ ਨਹੀਂ ਦਿਸਦਾ ਹੈ ਤੇ ਅਕਾਲ ਪੁਰਖੁ ਦਾ ਨਾਮੁ ਵਡੀ ਕਿਸਮਤ ਨਾਲ ਹੀ ਗੁਰੂ ਦੁਆਰਾ ਮਿਲ ਸਕਦਾ ਹੈ।
ਨਾਮੁ ਜਪਹੁ ਮੇਰੇ ਸਾਜਨ ਸੈਨਾ ॥
ਨਾਮ ਬਿਨਾ ਮੈ ਅਵਰੁ ਨ ਕੋਈ ਵਡੈ ਭਾਗਿ ਗੁਰਮੁਖਿ ਹਰਿ ਲੈਨਾ ॥੧॥ ਰਹਾਉ ॥ (੩੬੬)
ਜੇਕਰ ਹਰੇਕ ਮਨੁੱਖ ਨਿਰੀ ਜੀਭ ਨਾਲ ਹੀ ਰਾਮ ਰਾਮ (ਅਕਾਲ ਪੁਰਖੁ ਦਾ ਨਾਂ) ਬੋਲਦਾ ਰਹੇ, ਤਾਂ ਨਿਰਾ ਜੀਭ ਨਾਲ ਰਾਮ ਰਾਮ ਬੋਲਣ ਨਾਲ ਸਫਲਤਾ ਨਹੀਂ ਮਿਲ ਸਕਦੀ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਠੱਗੀ ਵਸਦੀ ਹੈ, ਤੇ ਬਾਹਰਲੇ ਭੇਖ ਨਾਲ ਉਹ ਆਪਣੇ ਆਪ ਨੂੰ ਸੰਤ ਅਖਵਾਂਦੇ ਹਨ, ਅਜੇਹੇ ਮਨੁੱਖਾਂ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਕਦੇ ਵੀ ਨਹੀਂ ਮੁੱਕਦੀ। ਅਨੇਕਾਂ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਵੀ ਹਊਮੇ ਦੀ ਮੈਲ ਕਦੇ ਨਹੀਂ ਉਤਰਦੀ। ਇਸ ਲਈ ਖਾਲੀ ਮੂੰਹ ਨਾਲ ਬੋਲਣ ਨਾਲ ਨਾਮੁ ਜਪਣਾ ਨਹੀਂ ਹੋ ਸਕਦਾ। ਅਕਾਲ ਪੁਰਖੁ ਦੇ ਨਾਮੁ ਦਾ ਫਲ ਤਾਂ ਹੀ ਮਿਲਦਾ ਹੈ, ਜੇਕਰ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ ਅਕਾਲ ਪੁਰਖੁ ਦਾ ਨਾਮੁ ਵੱਸ ਜਾਏ। ਜਿਸ ਮਨੁੱਖ ਦੇ ਹਿਰਦੇ ਵਿਚ ਅਕਾਲ ਪੁਰਖੁ ਲਈ ਪ੍ਰੇਮ ਬਣ ਜਾਂਦਾ ਹੈ, ਉਹ ਮਨੁੱਖ ਅਕਾਲ ਪੁਰਖੁ ਨੂੰ ਕਦੇ ਵੀ ਭੁੱਲਦਾ ਨਹੀਂ, ਤੇ ਸਦਾ ਆਪਣੇ ਮਨ ਅਤੇ ਚਿੱਤ ਵਿਚ ਅਕਾਲ ਪੁਰਖੁ ਨੂੰ ਯਾਦ ਕਰਦਾ ਰਹਿੰਦਾ ਹੈ।
ਗੂਜਰੀ ਮਹਲਾ ੩ ॥
ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥
ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥
ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ ॥
ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ ॥੧॥ ਰਹਾਉ ॥ (੪੯੧)
ਸਾਰਾ ਸੰਸਾਰ ਮੂੰਹ ਨਾਲ ‘ਰਾਮ, ਰਾਮ’ ਕਹਿੰਦਾ ਰਹਿੰਦਾ ਹੈ, ਪਰੰਤੂ ਇਸ ਤਰ੍ਹਾਂ ਕਰਨ ਨਾਲ ‘ਰਾਮੁ’ ਨਹੀਂ ਲੱਭਿਆ ਜਾ ਸਕਦਾ। ਉਹ ਰਾਮੁ (ਅਕਾਲ ਪੁਰਖੁ) ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬਹੁਤ ਵੱਡਾ ਹੈ, ਅਤੁੱਲ ਹੈ ਤੇ ਤੋਲਿਆ ਨਹੀਂ ਜਾ ਸਕਦਾ, ਉਸ ਦੀ ਕੀਮਤਿ ਨਹੀਂ ਪਾਈ ਜਾ ਸਕਦੀ, ਤੇ ਕਿਸੇ ਥਾਂ ਤੋਂ ਮੁੱਲ ਖਰੀਦਿਆ ਨਹੀਂ ਜਾ ਸਕਦਾ। ਪਰੰਤੂ, ਇੱਕ ਤਰੀਕਾ ਹੈ, ਜੇਕਰ ਗੁਰੂ ਦੇ ਸ਼ਬਦ ਨਾਲ ਮਨ ਨੂੰ ਵਿੰਨ੍ਹਿਆ ਜਾਏ ਤਾਂ ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਮਨ ਵਿਚ ਆ ਵੱਸਦਾ ਹੈ। ਅਕਾਲ ਪੁਰਖੁ ਆਪ ਤਾਂ ਮਿਣਤੀ ਤੋਂ ਪਰੇ ਹੈ, ਪਰੰਤੂ ਸਤਿਗੁਰੂ ਦੀ ਕਿਰਪਾ ਨਾਲ ਇਹ ਸਮਝ ਆ ਜਾਂਦੀ ਹੈ ਕਿ ਅਕਾਲ ਪੁਰਖੁ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ, ਅਕਾਲ ਪੁਰਖੁ ਆਪ ਹੀ ਹਰ ਥਾਂ ਰਮਿਆ ਹੋਇਆ ਹੈ ਤੇ ਜੀਵ ਦੇ ਹਿਰਦੇ ਵਿਚ ਆ ਕੇ ਉਹ ਆਪ ਹੀ ਪਰਗਟ ਹੋ ਜਾਂਦਾ ਹੈ।
ਸਲੋਕ ਮ; ੩ ॥
ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥
ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥
ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ ॥
ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ ॥
ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ ॥
ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ ॥੧॥ (੫੫੫)
ਮਨੁੱਖ ਇਸ ਜਗਤ ਵਿਚ ਆਪਣਾ ਮਨੁੱਖਾ ਜੀਵਨ ਨੂੰ ਸਫਲ ਕਰਨ ਲਈ ਆਇਆ ਹੈ, ਇਸ ਲਈ ਅਕਾਲ ਪੁਰਖੁ ਦੇ ਨਾਮੁ ਧਨ ਨਾਲ, ਉਸ ਦੇ ਹੁਕਮੁ ਅਨੁਸਾਰ ਚਲ ਕੇ ਆਪਣੇ ਜੀਵਨ ਦਾ ਵਾਪਾਰ ਕਰਨਾ ਹੈ। ਅਕਾਲ ਪੁਰਖੁ ਦੇ ਨਾਮੁ ਨੂੰ ਆਪਣੀ ਜਿੰਦ ਦਾ ਆਸਰਾ ਬਣਾਨਾ ਹੈ। ਅਕਾਲ ਪੁਰਖੁ ਹਰ ਥਾਂ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ, ਇਸ ਲਈ ਉਸ ਦੀ ਸਿਫ਼ਤਿ ਸਾਲਾਹ ਤੇ ਗੁਣ ਗਾਇਨ ਕਰਦੇ ਰਹਿੰਣਾਂ ਹੈ ਤੇ ਉਸ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖਣੀ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਸੰਤ ਜਨਾਂ ਨਾਲ ਮਿਲ ਕੇ, ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦੇ ਰਹੋ, ਕਿਉਂਕਿ ਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਅਤੇ ਸਫਲ ਹੈ।
ਗੋਂਡ ਮਹਲਾ ੫ ॥
ਰਾਮ ਰਾਮ ਸੰਗਿ ਕਰਿ ਬਿਉਹਾਰ ॥
ਰਾਮ ਰਾਮ ਰਾਮ ਪ੍ਰਾਨ ਅਧਾਰ ॥
ਰਾਮ ਰਾਮ ਰਾਮ ਕੀਰਤਨੁ ਗਾਇ ॥
ਰਮਤ ਰਾਮੁ ਸਭ ਰਹਿਓ ਸਮਾਇ ॥੧॥
ਸੰਤ ਜਨਾ ਮਿਲਿ ਬੋਲਹੁ ਰਾਮ ॥
ਸਭ ਤੇ ਨਿਰਮਲ ਪੂਰਨ ਕਾਮ ॥੧॥ ਰਹਾਉ ॥ (੮੬੫)
ਜਿਵੇਂ ਹੰਸ ਸਰੋਵਰ ਤੋਂ ਬਿਨਾ ਨਹੀਂ ਰਹਿ ਸਕਦਾ, ਉਸੇ ਤਰ੍ਹਾਂ ਅਕਾਲ ਪੁਰਖੁ ਦਾ ਭਗਤ ਗੁਰੂ ਦੇ ਸਬਦ ਤੋਂ ਬਿਨਾ ਨਹੀਂ ਰਹਿ ਸਕਦਾ। ਗੁਰੂ ਸਾਹਿਬ ਸਮਝਾਂਦੇ ਹਨ ਕਿ ਮੇਰੇ ਕੋਲ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਨੀ ਤੇ ਅਕਾਲ ਪੁਰਖੁ ਦਾ ਨਾਮੁ ਜਪਣਾ ਹੀ ਨਾਮੁ ਰੂਪੀ ਧਨ ਹੈ, ਇਸ ਲਈ ਮੈਂ ਹਰ ਵੇਲੇ ਅਕਾਲ ਪੁਰਖੁ ਦਾ ਨਾਮੁ ਜਪਦਾ ਰਹਿੰਦਾ ਹਾਂ, ਤੇ ਹਰ ਵੇਲੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਰਹਿੰਦਾ ਹਾਂ। ਜਦੋਂ ਤੋਂ ਸਬਦ ਗੁਰੂ ਨੇ ਮੈਨੂੰ ਅਕਾਲ ਪੁਰਖੁ ਦੇ ਨਾਮੁ ਦੀ ਦੱਸ ਪਾਈ ਹੈ, ਉਦੋਂ ਤੋਂ ਮੈਂ ਅਕਾਲ ਪੁਰਖੁ ਦਾ ਨਾਮੁ ਆਪਣੀ ਯਾਦ ਵਿਚ ਰੱਖਣ ਤੋਂ ਬਿਨਾ ਮੈਂ ਇਕ ਘੜੀ ਪਲ ਵੀ ਨਹੀਂ ਰਹਿ ਸਕਦਾ ਹਾਂ।
ਹਉ ਅਨਦਿਨੁ ਹਰਿ ਨਾਮੁ ਕੀਰਤਨੁ ਕਰਉ ॥
ਸਤਿਗੁਰਿ ਮੋ ਕਉ ਹਰਿ ਨਾਮੁ ਬਤਾਇਆ ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ॥੧॥ ਰਹਾਉ ॥ (੩੬੯)
ਇਨਸਾਨ ਵਾਸਤੇ ਧਰਮ ਤਾਂ ਹੀ ਲਾਭਦਾਇਕ ਹੈ, ਜੇ ਕਰ ਉਸ ਦੇ ਦੱਸੇ ਪੂਰਨਿਆਂ ਉਤੇ ਚਲ ਕੇ ਮਨੁੱਖ ਦੂਸਰਿਆਂ ਦੀ ਭਲਾਈ ਕਰਨ ਦੀ ਕੋਸ਼ਸ਼ ਕਰਦਾ ਹੈ। ਜੇ ਮਨੁੱਖ ਰਵਾਇਤੀ ਤੌਰ ਤੇ ਧਰਮ ਦੇ ਅਸੂਲਾਂ ਤੇ ਰਸਮਾਂ ਨੂੰ ਪੂਰੀਆਂ ਕਰਨ ਲੱਗ ਪਵੇ ਤਾਂ ਫਿਰ ਉਹ ਇਹ ਨਹੀਂ ਵੇਖਦਾ ਕਿ ਦਿਲ ਵਿਚ ਭਲਾ ਕਰਨ ਲਈ ਕੋਈ ਤਬਦੀਲੀ ਆਈ ਹੈ ਕਿ ਨਹੀਂ। ਪਠਾਣਾਂ ਮੁਗ਼ਲਾਂ ਦੇ ਰਾਜ ਸਮੇਂ ਸਾਡੇ ਦੇਸ਼ ਵਿਚ ਇਸਲਾਮੀ ਸ਼ਰਹ ਦਾ ਕਾਨੂੰਨ ਚੱਲਦਾ ਸੀ ਤੇ ਰਾਜਸੀ ਤਾਕਤ ਕਾਜ਼ੀਆਂ ਮੌਲਵੀਆਂ ਦੇ ਹੱਥ ਵਿਚ ਸਨ, ਅਤੇ ਉਹ ਲੋਕ ਕੁਰਾਨ ਸ਼ਰੀਫ ਦੇ ਅਰਥ ਕਰਨ ਲਈ ਇਤਬਾਰ ਜੋਗ ਮੰਨੇ ਜਾਂਦੇ ਸਨ। ਰਾਜ ਪ੍ਰਬੰਧ ਚਲਾਣ ਵੇਲੇ ਗ਼ੁਲਾਮ ਹਿੰਦੂ ਕੌਮ ਉਤੇ ਕਠੋਰਤਾ ਵਰਤਣੀ ਇਹਨਾਂ ਲੋਕਾਂ ਵਾਸਤੇ ਕੁਦਰਤੀ ਗੱਲ ਸੀ। ਜਿਸ ਦੇਸ ਵਿਚ ਰਾਜ-ਪ੍ਰਬੰਧ ਕਿਸੇ ਖ਼ਾਸ ਮਜ਼ਹਬ ਦੇ ਅਸੂਲਾਂ ਅਨੁਸਾਰ ਚਲਾਇਆ ਜਾਂਦਾ ਹੈ, ਉਥੇ ਮਜ਼ਹਬ ਦੇ ਪ੍ਰਚਾਰਕਾਂ ਦਾ ਇਹੀ ਹਾਲ ਹੁੰਦਾ ਹੈ। ਕਬੀਰ ਸਾਹਿਬ ਆਪਣੇ ਵਕਤ ਦੇ ਕਾਜ਼ੀਆਂ ਮੌਲਵੀਆਂ ਦੀ ਅਜੇਹੀ ਹਾਲਤ ਵੇਖ ਕੇ ਆਪਣੇ ਸਲੋਕ ਵਿਚ ਕਹਿ ਰਹੇ ਹਨ, ਕਿ ਮਜ਼ਹਬ ਤੋਂ ਦਿਲ ਦੀ ਸਫ਼ਾਈ ਸਿਖਣੀ ਸੀ। ਪਰ ਜੇ ਕਰ ਰਿਸ਼ਵਤ ਤੇ ਕਠੋਰਤਾ ਕਰਕੇ ਦਿਲ ਨਿਰਦਈ ਹੋ ਚੁਕਾ ਹੈ, ਤਾਂ ਅਜੇਹੀਆਂ ਰਸਮਾਂ ਕਰਨ ਦਾ ਕੋਈ ਲਾਭ ਨਹੀਂ। ਕਬੀਰ ਸਾਹਿਬ ਮੁੱਲਾਂ ਨੂੰ ਸਮਝਾਂ ਰਹੇ ਹਨ ਕਿ ਮਸਜਿਦ ਦੇ ਮੁਨਾਰੇ ਉਤੇ ਚੜ੍ਹਨ ਦਾ ਤੈਨੂੰ ਆਪ ਨੂੰ ਤਾਂ ਕੋਈ ਫ਼ਾਇਦਾ ਨਹੀਂ ਹੋ ਰਿਹਾ। ਜਿਸ ਖੁਦਾ ਦੀ ਨਮਾਜ਼ ਖ਼ਾਤਰ ਤੂੰ ਬਾਂਗ ਦੇ ਰਿਹਾ ਹੈ, ਉਸ ਨੂੰ ਆਪਣੇ ਦਿਲ ਵਿਚ ਵੇਖ ਕਿਉਂਕਿ ਉਹ ਤੇਰੇ ਅੰਦਰ ਹੀ ਵੱਸਦਾ ਹੈ। ਜੇ ਤੇਰੇ ਆਪਣੇ, ਅੰਦਰ ਸ਼ਾਂਤੀ ਨਹੀਂ, ਤੇ ਸਿਰਫ਼ ਲੋਕਾਂ ਨੂੰ ਹੀ ਸੱਦਾ ਦੇ ਰਿਹਾ ਹੈ, ਤਾਂ ਯਾਦ ਰੱਖ ਖ਼ੁਦਾ ਬੋਲਾ ਨਹੀਂ, ਉਹ ਤੇਰੇ ਦਿਲ ਦੀ ਹਾਲਤ ਚੰਗੀ ਤਰ੍ਹਾਂ ਜਾਣਦਾ ਹੈ, ਤੇ ਉਸ ਨੂੰ ਠੱਗਿਆ ਨਹੀਂ ਜਾ ਸਕਦਾ।
ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥
ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥੧੮੪॥ (੧੩੭੪)
ਇਹ ਸਲੋਕ ਦੂਸਰਿਆਂ ਤੋਂ ਪਹਿਲਾਂ ਸਾਡੇ ਉਤੇ ਲਾਗੂ ਹੁੰਦਾ ਹੈ। ਅੱਜਕਲ ਸਾਡੇ ਗੁਰਦੁਆਰਾ ਸਾਹਿਬਾਂ ਵਿਚ ਜਿਆਦਾ ਤਰ ਰਵਾਇਤਾਂ ਹੀ ਹੋ ਰਹੀਆਂ ਹਨ, ਤੇ ਗੁਰਬਾਣੀ ਕੋਲੋਂ ਸੇਧ ਘਟ ਲਈ ਜਾ ਰਹੀ ਹੈ। ਉੱਚੇ ਉੱਚੇ ਸਪੀਕਰ ਲਗਾ ਕੇ ਸਮਾਗਮ ਕਰਨ ਦਾ ਕੋਈ ਲਾਭ ਨਹੀਂ, ਜੇਕਰ ਗੁਰਬਾਣੀ ਦੀ ਸਿਖਿਆ ਸਾਨੂੰ ਆਪਣੇ ਆਪ ਨੂੰ ਸਮਝ ਨਹੀਂ ਆਂਉਂਦੀ ਤੇ ਸਾਡੇ ਹਿਰਦੇ ਵਿਚ ਗਾਇਨ ਕੀਤੇ ਜਾ ਰਹੇ ਸਬਦ ਦੀ ਵੀਚਾਰ ਵਸਦੀ ਨਹੀਂ।
ਇਹ ਹਮੇਸ਼ਾਂ ਧਿਆਨ ਵਿਚ ਰੱਖਣਾਂ ਹੈ ਕਿ ਨਾਮੁ ਗੁਰਬਾਣੀ ਦੁਆਰਾ ਹੀ ਲਿਆ ਜਾ ਸਕਦਾ ਹੈ। ਇਸ ਲਈ ਆਪਣੇ ਮਨ ਵਿਚ ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਨੂੰ ਯਾਦ ਕਰਨਾ ਹੈ, ਜੀਭ ਨਾਲ ਗੁਰੂ ਦੇ ਸਬਦ ਦੁਆਰਾ ਉਸ ਦਾ ਨਾਮੁ ਜਪਣਾ ਹੈ, ਅੱਖਾਂ ਨਾਲ ਸਤਿਗੁਰੂ ਨੂੰ ਆਪਣੇ ਹਿਰਦੇ ਵਿਚ ਵੇਖਣਾ ਹੈ, ਕੰਨਾਂ ਨਾਲ ਗੁਰੂ ਦੇ ਸਬਦ ਦੁਆਰਾ ਨਾਮੁ ਨੂੰ ਸੁਣਨਾ ਹੈ। ਜੇਕਰ ਆਪਣੇ ਆਪ ਨੂੰ ਗੁਰੂ ਦੇ ਪਿਆਰ ਵਿਚ ਰੰਗ ਲਈਏ ਤਾਂ ਅਕਾਲ ਪੁਰਖੁ ਦੀ ਹਜ਼ੂਰੀ ਵਿਚ ਥਾਂ ਮਿਲ ਸਕਦੀ ਹੈ। ਅਕਾਲ ਪੁਰਖੁ ਉਸੇ ਮਨੁੱਖ ਨੂੰ ਇਹ ਦਾਤ ਦਿੰਦਾ ਹੈ, ਜਿਸ ਉਤੇ ਉਹ ਆਪਣੀ ਮਿਹਰ ਕਰਦਾ ਹੈ। ਪਰੰਤੂ ਜਗਤ ਵਿਚ ਅਜੇਹੇ ਬੰਦੇ ਵਿਰਲੇ ਵਿਰਲੇ ਹੀ ਹੁੰਦੇ ਹਨ, ਜਿਹੜੇ ਅਕਾਲ ਪੁਰਖੁ ਦੀ ਮਿਹਰ ਹਾਸਲ ਕਰਕੇ ਆਪਣੇ ਆਪ ਨੂੰ ਜਗਤ ਵਿਚ ਸ੍ਰੇਸ਼ਟ ਅਖਵਾਉਂਦੇ ਹਨ।
ਸਲੋਕੁ ਮ; ੫ ॥
ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥
ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥
ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥
ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥
ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥ (੫੧੭)
ਮਨੁੱਖ ਦਾ ਮਨ ਹਮੇਸ਼ਾਂ ਭਟਕਦਾ ਰਹਿੰਦਾ ਹੈ, ਜਿਸ ਕਰਕੇ ਉਸ ਦਾ ਮਨ ਟਿਕਾਓ ਵਿਚ ਨਹੀਂ ਰਹਿੰਦਾ ਹੈ। ਪਰੰਤੂ ਆਤਮਕ ਅਡੋਲਤਾ ਵਿਚ ਟਿਕ ਕੇ ਹੀ ਅਕਾਲ ਪੁਰਖੁ ਦੇ ਗੁਣ ਗਾਏ ਜਾ ਸਕਦੇ ਹਨ, ਤੇ ਉਸ ਦੀ ਸਿਫ਼ਤਿ ਸਾਲਾਹ ਕੀਤੀ ਜਾ ਸਕਦੀ ਹੈ। ਗੁਰੂ ਦੀ ਮੱਤ ਉੱਤੇ ਚਲ ਕੇ ਹੀ ਅਕਾਲ ਪੁਰਖੁ ਦੇ ਨਾਮੁ ਦਾ ਰਸ ਪੀਤਾ ਜਾ ਸਕਦਾ ਹੈ। ਜਦੋਂ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਮਨ ਪਵਿਤਰ ਹੋ ਜਾਂਦਾ ਹੈ ਤਾਂ ਉਹ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਗੁਰੂ ਦੀ ਮੱਤ ਅਨੁਸਾਰ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਤੇ ਆਪਣੇ ਆਪ ਨੂੰ ਨੀਚ ਤੋਂ ਇਕ ਉੱਤਮ ਮਨੁੱਖ ਬਣਾ ਲੈਂਦਾ ਹੈ। ਜਿਹੜੇ ਮਨੁੱਖ ਗੁਰੂ ਦੀ ਮੱਤ ਅਨੁਸਾਰ ਚਲ ਕੇ ਸ੍ਰੇਸ਼ਟ ਮੱਤ ਹਾਸਲ ਕਰ ਲੈਂਦੇ ਹਨ, ਉਹ ਵਿਕਾਰਾਂ ਵਾਲਾ ਜ਼ਹਿਰ ਪੀਣ ਦੀ ਬਜਾਏ, ਅੰਮ੍ਰਿਤ ਰੂਪੀ ਬਾਣੀ ਦਾ ਆਨੰਦ ਮਾਣਦੇ ਰਹਿੰਦੇ ਹਨ, ਉਨ੍ਹਾਂ ਦੇ ਅੰਦਰ ਸੱਚੇ ਤੇ ਸੁੱਚੇ ਆਤਮਕ ਜੀਵਨ ਦੀ ਸੁਗੰਧੀ ਆ ਵਸਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਅਕਸਰ ਕੁਰਾਹੇ ਪਏ ਰਹਿੰਦੇ ਹਨ, ਤੇ ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੇ ਜ਼ਹਿਰ ਵਿਚ ਮਸਤ ਰਹਿੰਦੇ ਹਨ, ਜਿਸ ਕਰਕੇ ਉਹ ਆਪਣਾ ਕੀਮਤੀ ਮਨੁੱਖਾ ਜਨਮ ਗਵਾਂ ਲੈਂਦੇ ਹਨ। ਅਜੇਹੇ ਮਨੁੱਖਾਂ ਨੂੰ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨ ਵਾਲਾ ਗੁਰੂ ਦਾ ਸ਼ਬਦ ਚੰਗਾ ਨਹੀਂ ਲੱਗਦਾ। ਮੂੰਹ ਨਾਲ ਬਾਹਰੋਂ ਬਾਹਰੋਂ ਤਾਂ ਹਰੇਕ ਮਨੁੱਖ ਅਕਾਲ ਪੁਰਖੁ ਦਾ ਦੁਨਿਆਵੀ ਨਾਂ ਉਚਾਰ ਲੈਂਦਾ ਹੈ, ਪਰ ਕੋਈ ਵਿਰਲੇ ਹੀ ਹੁੰਦੇ ਹਨ, ਜਿਹੜੇ ਕਿ ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿਚ ਵਸਾਂਦੇ ਹਨ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਅਕਾਲ ਪੁਰਖੁ ਦਾ ਨਾਮੁ ਵੱਸ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਤੋਂ ਖਲਾਸੀ ਪ੍ਰਾਪਤ ਕਰ ਲੈਂਦੇ ਹਨ। ਇਸ ਲਈ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿਚ ਵਸਾਣ ਲਈ ਸਾਨੂੰ ਧਿਆਨ ਨਾਲ, ਆਪਣੇ ਆਪ ਨੂੰ ਟਿਕਾਓ ਵਿਚ ਲਿਆ ਕੇ, ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨੀ ਚਾਹੀਦੀ ਹੈ, ਤਾਂ ਜੋ ਅਸੀਂ ਅਕਾਲ ਪੁਰਖੁ ਬਾਰੇ ਜਾਣ ਸਕੀਏ, ਤੇ ਉਸ ਦੀ ਰਚੀ ਹੋਈ ਕੁਦਰਤ ਲਈ ਆਪਣੇ ਅੰਦਰ ਪ੍ਰੇਮ ਪੈਦਾ ਕਰ ਸਕੀਏ।
ਵਾਹੁ ਵਾਹੁ ਸਹਜੇ ਗੁਣ ਰਵੀਜੈ ॥
ਰਾਮ ਨਾਮੁ ਇਸੁ ਜੁਗ ਮਹਿ ਦੁਲਭੁ ਹੈ ਗੁਰਮਤਿ ਹਰਿ ਰਸੁ ਪੀਜੈ ॥੧॥ ਰਹਾਉ ॥
ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ ॥
ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ@ ਪਾਇਆ ॥੮॥੨॥ (੫੬੫)
ਸਤਸੰਗਤਿ ਇਕ ਅਜੇਹਾ ਇਕੱਠ ਹੈ, ਜਿਸ ਵਿਚ ਬੈਠ ਕੇ ਉਸ ਅਕਾਲ ਪੁਰਖੁ ਨੂੰ, ਜੋ ਕਿ ਨਾਸ ਰਹਿਤ ਹੈ, ਤੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਯਾਦ ਕਰਨ ਨਾਲ ਮਨ ਵਿਚੋਂ ਵਿਕਾਰਾਂ ਦੀ ਸਾਰੀ ਮੈਲ ਨਿਕਲ ਜਾਂਦੀ ਹੈ। ਉਹ ਅਕਾਲ ਪੁਰਖੁ ਸਾਰੇ ਗੁਣਾਂ ਦਾ ਖਜਾਨਾ ਹੈ, ਤੇ ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ, ਪਰੰਤੂ ਕੋਈ ਵਿਰਲਾ ਮਨੁੱਖ ਹੀ ਉਸ ਦਾ ਮਿਲਾਪ ਹਾਸਲ ਕਰਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ, ਕਿ ਉਸ ਅਕਾਲ ਪੁਰਖੁ ਨੂੰ ਜਪਿਆ ਕਰੋ, ਜੋ ਸਭ ਤੋਂ ਵੱਡਾ ਹੈ, ਜੋ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ, ਤੇ, ਜਿਸ ਦਾ ਆਸਰਾ ਲੈ ਕੇ ਅਸੀਂ ਸੁਖ ਪ੍ਰਾਪਤ ਕਰ ਸਕਦੇ ਹਾਂ ਅਤੇ ਫਿਰ ਮਨੁੱਖ ਨੂੰ ਕਦੇ ਦੁੱਖ ਨਹੀਂ ਵਿਆਪਦਾ। ਵੱਡੀ ਕਿਸਮਤ ਨਾਲ ਹੀ ਮਨੁੱਖ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ, ਜਿਸ ਨੂੰ ਮਿਲਿਆਂ ਮਨੁੱਖ ਦੇ ਅੰਦਰੋਂ ਖੋਟੀ ਬੁਧੀ ਨਾਸ ਹੋ ਜਾਂਦੀ ਹੈ। ਗੁਰੂ ਸਾਹਿਬ ਤਾਂ ਆਪ ਉਨ੍ਹਾਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ, ਜਿਨ੍ਹਾਂ ਨੇ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿਚ ਪਰੋ ਰੱਖਿਆ ਹੈ।
ਸੋਰਠਿ ਮਹਲਾ ੫ ॥
ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥
ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥
ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥
ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥
ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ॥
ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥ {੬੧੭}
ਗੁਰੂ ਤੇਗ ਬਹਾਦਰ ਸਾਹਿਬ ਨੇ ਲੋਕਾਂ ਨੂੰ ਸਵਾਲ ਕੀਤਾ ਕਿ ਅਕਾਲ ਪੁਰਖ ਨੂੰ ਲੱਭਣ ਲਈ ਤੁਸੀਂ ਜੰਗਲਾਂ ਵਿਚ ਕਿਉਂ ਜਾਂਦੇ ਹੋ? ਗੁਰੂ ਸਾਹਿਬ ਨੇ ਤਾਂ ਖੋਜਣ ਦਾ ਤਰੀਕਾ ਵੀ ਸਮਝਾ ਦਿੱਤਾ ਹੈ, ਜੇ ਕਰ ਅਕਾਲ ਪੁਰਖ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੈ, ਤਾਂ ਅਸੀਂ ਉਸ ਨੂੰ ਜੰਗਲਾਂ ਵਿਚ ਕਿਸ ਤਰ੍ਹਾਂ ਲੱਭ ਸਕਦੇ ਹਾਂ? ਅਕਾਲ ਪੁਰਖ ਸਭ ਵਿਚ ਵੱਸਦਾ ਹੈ, ਪਰ ਉਹ ਆਪ ਸਦਾ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿੰਦਾ ਹੈ। ਉਹ ਅਕਾਲ ਪੁਰਖ ਸਾਡੇ ਅੰਦਰ ਵੱਸਦਾ ਹੈ, ਇਸ ਲਈ ਆਪਣੇ ਅੰਦਰੋਂ ਉਸ ਅਕਾਲ ਪੁਰਖ ਨੂੰ ਖੋਜਣਾਂ ਹੈ ਤਾਂ ਜੋ ਸਾਡੇ ਅੰਦਰ ਉਸ ਅਕਾਲ ਪੁਰਖ ਵਰਗੇ ਗੁਣ ਪੈਦਾ ਹੋ ਜਾਣ ਤੇ ਸਾਨੂੰ ਜੀਵਨ ਦੀ ਅਸਲੀਅਤ ਬਾਰੇ ਸਮਝ ਆ ਸਕੇ।
ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥
ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥੧॥ (੬੮੪)
ਇਹ ਗੁਰੂ ਦਾ ਸਬਦ ਹੀ ਦੱਸਦਾ ਹੈ ਕਿ ਅਕਾਲ ਪੁਰਖੁ ਸਦਾ ਕਾਇਮ ਰਹਿਣ ਵਾਲਾ ਹੈ, ਨਾ ਉਹ ਜੰਮਦਾ ਹੈ ਤੇ ਨਾ ਹੀ ਮਰਦਾ ਹੈ। ਉਹ ਅਕਾਲ ਪੁਰਖੁ ਸ੍ਰਿਸ਼ਟੀ ਦਾ ਰਚਣਹਾਰ ਹੈ, ਸਭ ਦੇ ਅੰਦਰ ਦੀ ਜਾਣਨ ਵਾਲਾ ਹੈ, ਤੇ ਸਭ ਵਿਚ ਵਿਆਪਕ ਵੀ ਹੈ। ਉਹ ਅਕਾਲ ਪੁਰਖੁ ਕਦੇ ਵੀ ਨਾਸ ਹੋਣ ਵਾਲਾ ਨਹੀਂ ਹੈ, ਤੇ ਉਹ ਸਭਨਾਂ ਵਿਚ ਆਪ ਖੁਦ ਮੌਜੂਦ ਹੈ।
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ॥
ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥੧੩॥ (੭੫੯)
ਆਪਣੇ ਮਨ ਨੂੰ ਸਮਝਾਣਾ ਹੈ ਕਿ ਇਹੋ ਜਿਹਾ ਗੁਰੂ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ, ਜਿਹੜਾ ਜੀਵਨ ਦੇ ਸਹੀ ਰਸਤੇ ਤੋਂ ਭਟਕੇ ਹੋਏੇ ਮਨੁੱਖ ਨੂੰ ਜੀਵਨ ਦਾ ਸਹੀ ਮਾਰਗ ਦੱਸ ਦਿੰਦਾ ਹੈ। ਮਨੁੱਖ ਦਾ ਮਨ ਸਦਾ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਿਚ ਫਸਿਆ ਰਹਿੰਦਾ ਹੈ। ਪਰੰਤੂ ਜਦੋਂ ਉਹ ਗੁਰੂ ਦੀ ਸਰਨ ਵਿਚ ਆ ਜਾਂਦਾ ਹੈ ਤਾਂ, ਗੁਰੂ ਉਸ ਦੇ ਇਹ ਸਾਰੇ ਬੰਧਨ ਕੱਟ ਕੇ ਇਨ੍ਹਾਂ ਵਿਕਾਰਾਂ ਤੋਂ ਖ਼ਲਾਸੀ ਦਿਵਾ ਦਿੰਦਾ ਹੈ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਆਪਣਾ ਧਿਆਨ ਅਕਾਲ ਪੁਰਖੁ ਨਾਲ ਚੰਗੀ ਤਰ੍ਹਾਂ ਜੋੜ, ਤੇ ਸਦਾ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਿਆ ਕਰ। ਪਰੰਤੂ ਉਹੀ ਮਨੁੱਖ ਅਕਾਲ ਪੁਰਖੁ ਦਾ ਨਾਮੁ ਚੇਤੇ ਕਰ ਸਕਦਾ ਹੈ, ਜਿਸ ਦੇ ਹਿਰਦੇ ਵਿਚ ਪਿਆਰੇ ਗੁਰੂ ਦੇ ਚਰਨ ਵੱਸਦੇ ਹੋਣ। ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਤੂੰ ਵੀ ਸਬਦ ਗੁਰੂ ਦਾ ਆਸਰਾ ਲੈ ਕੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਿਆ ਕਰ।
ਬਿਲਾਵਲੁ ਮਹਲਾ ੫ ॥
ਭੂਲੇ ਮਾਰਗੁ ਜਿਨਹਿ ਬਤਾਇਆ ॥
ਐਸਾ ਗੁਰੁ ਵਡਭਾਗੀ ਪਾਇਆ ॥੧॥
ਸਿਮਰਿ ਮਨਾ ਰਾਮ ਨਾਮੁ ਚਿਤਾਰੇ ॥
ਬਸਿ ਰਹੇ ਹਿਰਦੈ ਗੁਰ ਚਰਨ ਪਿਆਰੇ ॥੧॥ ਰਹਾਉ ॥ (੮੦੩-੮੦੪)
ਗੁਰੂ ਸਾਹਿਬ ਬੇਨਤੀ ਕਰ ਕੇ ਸਮਝਾਂਦੇ ਹਨ, ਕਿ ਹੇ ਅਕਾਲ ਪੁਰਖੁ! ਤੂੰ ਹੀ ਸਾਡਾ ਮਾਂ, ਪਿਉ, ਮਿੱਤਰ, ਭਰਾ, ਪਰਵਾਰ ਤੇ ਸਾਡੇ ਹਿਤਾਂ ਦੀ ਰਾਖੀ ਕਰਨ ਵਾਲਾ ਹੈ। ਤੂੰ ਹੀ ਸਾਡਾ ਆਸਰਾ ਹੈ, ਜਿੰਦ ਦੇਣ ਵਾਲਾ ਹੈ, ਤੇ ਪ੍ਰਾਣ ਲੈਣ ਵਾਲਾ ਹੈ। ਤੂੰ ਹੀ ਮੇਰੇ ਵਾਸਤੇ ਖਜਾਨਾ, ਧਨ ਦੌਲਤ, ਹੀਰੇ ਮੋਤੀ, ਤੇ ਸਵਰਗ ਦਾ ਪਾਰਜਾਤ ਰੁੱਖ ਹੈਂ। ਮਾਂ ਦੇ ਪੇਟ ਵਿਚ ਵੀ ਤੂੰ ਹੀ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ, ਤੇ ਇਸ ਸਾਰੇ ਜਗਤ ਦਾ ਪਾਲਣਹਾਰ ਵੀ ਸਿਰਫ਼ ਇਕ ਤੂੰ ਹੀ ਹੈ। ਇਸ ਲਈ ਹੇ ਅਕਾਲ ਪੁਰਖੁ! ਮੇਰੀ ਜੀਭ ਸਦਾ ਤੇਰਾ ਨਾਮੁ ਜਪਦੀ ਰਹਿੰਦੀ ਹੈ।
ਸਾਰਗ ਮਹਲਾ ੫ ॥
ਰਸਨਾ ਜਪਤੀ ਤੂਹੀ ਤੂਹੀ ॥
ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੁਹੀ ॥੧॥ ਰਹਾਉ ॥ (੧੨੧੫)
ਗੁਰੂ ਸਾਹਿਬ ਬੇਨਤੀ ਕਰ ਕੇ ਪੁਛਦੇ ਹਨ, ਕਿ ਹੇ ਭਾਈ! ਮੈਨੂੰ ਦੱਸੋ ਕਿ ਉਹ ਕਿਹੜਾ ਤਰੀਕਾ ਹੈ, ਜਿਸ ਨਾਲ ਅਕਾਲ ਪੁਰਖੁ ਦੇ ਦਰਸਨ ਹੋ ਸਕਦੇ ਹਨ ਤੇ ਅਕਾਲ ਪੁਰਖੁ ਦੇ ਚਰਨਾਂ ਦੀ ਛੁਹ ਮਿਲ ਸਕਦੀ ਹੈ। ਸਭ ਜੀਵਾਂ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲੇ ਅਕਾਲ ਪੁਰਖੁ ਦੇ ਦਰਸਨ ਕਰਨ ਲਈ ਮੇਰਾ ਹਿਰਦਾ ਬਹੁਤ ਤਰਸ ਰਿਹਾ ਹੈ। ਗੁਰੂ ਸਾਹਿਬ ਇਸ ਦਾ ਉੱਤਰ ਦੇ ਕੇ ਸਮਝਾਂਦੇ ਹਨ, ਕਿ ਨਿਮਾਣੇ ਹੋ ਕੇ ਸੰਤ ਜਨਾਂ ਦੇ ਚਰਨਾਂ ਤੇ ਢਹਿ ਪੈਣਾਂ ਚਾਹੀਦਾ ਹੈ, ਤੇ ਅਕਾਲ ਪੁਰਖੁ ਦੇ ਦਰਸਨ ਕਰਨ ਲਈ ਇਹੋ ਜਿਹੀ ਇਛਾ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ ਇਕ ਮੱਛੀ ਨੂੰ ਪਾਣੀ ਦੀ ਪਿਆਸ ਲਈ ਹੁੰਦੀ ਹੈ। ਜੇ ਸੰਤ ਜਨਾਂ (ਗੁਰਮੁਖਾਂ) ਦੇ ਚਰਨਾਂ ਦੀ ਧੂੜ ਦੀ ਖ਼ਾਤਰ ਆਪਣਾ ਹਿਰਦਾ ਭੇਟ ਕਰ ਦੇਈਏ, ਤਾਂ ਅਕਾਲ ਪੁਰਖੁ ਦਇਆਵਾਨ ਹੋ ਜਾਂਦਾ ਹੈ। ਇਥੇ ਗੁਰੂ ਗਰੰਥ ਸਾਹਿਬ ਤੋਂ ਅਗਵਾਈ ਤੇ ਸੇਧ ਲੈਂਣ ਦੀ ਗੱਲ ਹੋ ਰਹੀ ਹੈ, ਦੁਨਿਆਵੀ ਬਾਬਿਆਂ ਦੀ ਨਹੀਂ। ਕਈ ਬਾਬੇ ਅਜੇਹੇ ਸਬਦਾਂ ਨੂੰ ਆਪਣਾ ਮਤਲਬ ਸਿਧ ਕਰਨ ਲਈ ਵਰਤ ਲੈਂਦੇ ਹਨ। ਜਦੋਂ ਕੋਈ ਮਨੁੱਖ ਗੁਰੂ ਗਰੰਥ ਸਾਹਿਬ ਤੋਂ ਸਿਖਿਆ ਲੈ ਕੇ ਆਪਣੇ ਅੰਦਰੋਂ ਹੰਕਾਰ ਤੇ ਮੋਹ ਤਿਆਗ ਲੈਂਦਾ ਹੈ, ਤਾਂ ਉਸ ਨੂੰ ਅਕਾਲ ਪੁਰਖੁ ਦਾ ਮਿਲਾਪ ਹੋ ਜਾਂਦਾ ਹੈ।
ਕਾਨੜਾ ਮਹਲਾ ੫ ॥
ਐਸੀ ਕਉਨ ਬਿਧੇ ਦਰਸਨ ਪਰਸਨਾ ॥੧॥ ਰਹਾਉ ॥
ਆਸ ਪਿਆਸ ਸਫਲ ਮੂਰਤਿ ਉਮਗਿ ਹੀਉ ਤਰਸਨਾ ॥੧॥
ਦੀਨ ਲੀਨ ਪਿਆਸ ਮੀਨ ਸੰਤਨਾ ਹਰਿ ਸੰਤਨਾ ॥
ਹਰਿ ਸੰਤਨਾ ਕੀ ਰੇਨ ॥
ਹੀਉ ਅਰਪਿ ਦੇਨ ॥
ਪ੍ਰਭ ਭਏ ਹੈ ਕਿਰਪੇਨ ॥
ਮਾਨੁ ਮੋਹੁ ਤਿਆਗਿ ਛੋਡਿਓ ਤਉ ਨਾਨਕ ਹਰਿ ਜੀਉ ਭੇਟਨਾ ॥੨॥੨॥੩੫॥ (੧੩੦੫)
ਅਕਾਲ ਪੁਰਖੁ ਦਾ ਨਾਮੁ ਜਪਣ ਨਾਲ ਹਉਮੈ ਦਾ ਰੋਗ ਕੱਟਿਆ ਜਾਂਦਾ ਹੈ, ਮਾਇਆ ਦੀ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ, ਤੇ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ। ਇਸ ਲਈ ਆਪਣੀ ਜੀਭ ਨਾਲ ਅਕਾਲ ਪੁਰਖੁ ਦਾ ਨਾਮੁ ਜਪਦੇ ਰਹਿਣਾ ਚਾਹੀਦਾ ਹੈ। ਅਕਾਲ ਪੁਰਖੁ ਦਾ ਨਾਮੁ ਜਪਣ ਨਾਲ ਇਸ ਮਨੁੱਖਾ ਜੀਵਨ ਵਿਚ ਬਹੁਤ ਸੁਖ ਤੇ ਆਨੰਦ ਮਿਲਦਾ ਹੈ ਅਤੇ ਪਰਲੋਕ ਵਿਚ ਵੀ ਇਹ ਅਕਾਲ ਪੁਰਖੁ ਦਾ ਨਾਮੁ ਜਿੰਦ ਦੇ ਕੰਮ ਆਉਂਦਾ ਹੈ।
ਗਉੜੀ ਮਹਲਾ ੫ ॥
ਰਸਨਾ ਜਪੀਐ ਏਕੁ ਨਾਮ ॥
ਈਹਾ ਸੁਖੁ ਆਨੰਦੁ ਘਨਾ ਆਗੈ ਜੀਅ ਕੈ ਸੰਗਿ ਕਾਮ ॥੧॥ ਰਹਾਉ ॥ (੨੧੧)
ਅਕਾਲ ਪੁਰਖੁ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ, ਸਾਰੇ ਸੁਖ ਦੇਣ ਵਾਲਾ ਹੈ, ਉਸ ਦੇ ਵੱਸ ਵਿਚ ਸਾਰੀਆਂ ਕਾਮਨਾਂ ਪੂਰੀਆਂ ਕਰਨ ਦੀ ਸਮਰਥਾ ਹੈ (ਕਾਮਧੇਨ = ਦੂਸਰਿਆਂ ਧਰਮਾਂ ਅਨੁਸਾਰ ਸ੍ਵਰਗ ਵਿਚ ਰਹਿਣ ਵਾਲੀ ਸਮਝੀ ਗਈ ਕਲਪਿਤ ਗਾਂ), ਇਸ ਲਈ ਅਜੇਹੀ ਸਮਰਥਾ ਵਾਲੇ ਅਕਾਲ ਪੁਰਖੁ ਦਾ ਨਾਮੁ ਸਦਾ ਚੇਤੇ ਕਰਦੇ ਰਹਿਣਾ ਚਾਹੀਦਾ ਹੈ। ਆਪਣੇ ਮਨ ਨੂੰ ਸਮਝਾਣਾ ਹੈ ਕਿ ਤੂੰ ਤਾਂ ਹੀ ਸਾਰੇ ਸੁਖ ਹਾਸਲ ਕਰ ਸਕੇਂਗਾ, ਜੇਕਰ ਤੂੰ ਅਕਾਲ ਪੁਰਖੁ ਨੂੰ ਸਦਾ ਚੇਤੇ ਕਰਦਾ ਰਹੇਗਾ। ਜਿਸ ਹਿਰਦੇ ਵਿਚ ਅਕਾਲ ਪੁਰਖੁ ਦੀ ਭਗਤੀ ਹੁੰਦੀ ਹੈ, ਉਸ ਵਿਚੋਂ ਹਰੇਕ ਕਿਸਮ ਦੇ ਝਗੜੇ ਤੇ ਕਲੇਸ਼ ਨਿਕਲ ਜਾਂਦੇ ਹਨ, ਪਰੰਤੂ ਵੱਡੇ ਭਾਗਾਂ ਨਾਲ ਹੀ ਅਕਾਲ ਪੁਰਖੁ ਦੀ ਭਗਤੀ ਹੋ ਸਕਦੀ ਹੈ। ਇਹ ਹਮੇਸ਼ਾਂ ਧਿਆਨ ਵਿਚ ਰੱਖਣਾਂ ਹੈ ਕਿ ਅਕਾਲ ਪੁਰਖੁ ਦਾ ਨਾਮੁ ਜਪ ਕੇ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਲੰਘਣ ਦੀ ਸਮਝ ਸਿਰਫ ਗੁਰੂ ਕੋਲੋਂ ਹੀ ਮਿਲ ਸਕਦੀ ਹੈ। ਇਸ ਲਈ ਹੇ ਮੇਰੇ ਮਨ ਤੂੰ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦਾ ਨਾਮੁ ਸਦਾ ਜਪਿਆ ਕਰ। ਸਰਬ ਵਿਆਪਕ ਨਿਰਲੇਪ ਅਕਾਲ ਪੁਰਖੁ ਦਾ ਮਨ ਵਿਚ ਧਿਆਨ ਰੱਖਣ ਨਾਲ ਲੋਕ ਤੇ ਪਰਲੋਕ ਦੋਹਾਂ ਵਿਚ ਇੱਜ਼ਤ ਖੱਟੀ ਜਾ ਸਕਦੀ ਹੈ।
ਧਨਾਸਰੀ ਮਹਲਾ ੪ ॥
ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥
ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥
ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥
ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥ (੬੬੯, ੬੭੦)
ਅਕਾਲ ਪੁਰਖੁ ਨੇ ਆਪ ਹੀ ਮਾਇਆ ਦਾ ਮੋਹ ਪੈਦਾ ਕੀਤਾ ਹੈ, ਤੇ ਉਹ ਆਪ ਹੀ ਜੀਵਾਂ ਨੂੰ ਮਾਇਆ ਦੀ ਭਟਕਣਾ ਵਿਚ ਪਾ ਦਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਿੱਥੇ ਹੋਏ ਧਾਰਮਿਕ ਕਰਮ ਕਾਂਡ ਕਰਦੇ ਰਹਿੰਦੇ ਹਨ, ਤੇ ਇਹ ਨਹੀਂ ਸਮਝਦੇ ਕਿ ਅਸੀਂ ਕੁਰਾਹੇ ਪਏ ਹੋਏ ਹਾਂ। ਅਜੇਹੇ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ। ਸਤਿਗੁਰੂ ਦੀ ਬਾਣੀ ਇਸ ਮਨੁੱਖਾ ਜੀਵਨ ਦੇ ਰਸਤੇ ਵਿਚ ਚਾਨਣ ਦਾ ਕੰਮ ਕਰਦੀ ਹੈ ਤੇ ਇਹ ਬਾਣੀ ਅਕਾਲ ਪੁਰਖੁ ਦੀ ਮਿਹਰ ਨਾਲ ਹੀ ਮਨੁੱਖ ਦੇ ਮਨ ਵਿਚ ਵਸਦੀ ਹੈ। ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਚਰਨਾਂ ਵਿਚ ਚਿੱਤ ਜੋੜਨ ਨਾਲ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਤੇ ਹਰੇਕ ਕਿਸਮ ਦਾ ਡਰ ਨੱਸ ਜਾਂਦਾ ਹੈ। ਇਸ ਲਈ ਗੁਰੂ ਦੀ ਸਰਨ ਵਿਚ ਆ ਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਚਾਹੀਦੀ ਹੈ, ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ, ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਮਨੁੱਖ ਦੇ ਮਨ ਵਿਚ ਵੱਸ ਜਾਂਦਾ ਹੈ। ਆਪਣੇ ਮਨ ਨੂੰ ਸਮਝਾਣਾ ਹੈ ਕਿ ਅਕਾਲ ਪੁਰਖੁ ਦਾ ਨਾਮੁ ਜਪ, ਕਿਉਂਕਿ ਨਾਮੁ ਜਪਣ ਨਾਲ ਹੀ ਆਤਮਕ ਆਨੰਦ ਮਿਲ ਸਕਦਾ ਹੈ। ਅਕਾਲ ਪੁਰਖੁ ਦੀ ਸਿਫਤ ਕਰਨ ਦੀ ਦਾਤਿ ਗੁਰੂ ਤੋਂ ਮਿਲਦੀ ਹੈ, ਇਸ ਲਈ ਪੂਰੇ ਗੁਰੂ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ। ਗੁਰੂ ਦੀ ਸਰਨ ਪਿਆਂ ਮਨੁੱਖ ਦਾ ਮਨ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ, ਉਸ ਮਨੁੱਖ ਨੂੰ ਅਕਾਲ ਪੁਰਖੁ ਮਿਲ ਪੈਂਦਾ ਹੈ। ਭਗਤ ਨਾਮੁ ਦੇਵ ਜੀ ਜਾਤ ਦਾ ਛੀਂਬਾ ਸੀ, ਭਗਤ ਕਬੀਰ ਜੀ ਜੁਲਾਹਾ ਸੀ, ਪਰੰਤੂ ਉਨ੍ਹਾਂ ਨੇ ਪੂਰੇ ਗੁਰੂ ਤੋਂ ਉੱਚੀ ਆਤਮਕ ਅਵਸਥਾ ਹਾਸਲ ਕੀਤੀ, ਤੇ ਉਹ ਅਕਾਲ ਪੁਰਖੁ ਦੇ ਨਾਲ ਸਾਂਝ ਪਾਣ ਵਾਲੇ ਬਣ ਗਏ, ਉਨ੍ਹਾਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਨਾਲ ਡੂੰਘੀ ਸਾਂਝ ਪਾ ਲਈ, ਤੇ ਆਪਣੇ ਅੰਦਰੋਂ ਹਉਮੈ ਦੂਰ ਕਰ ਲਿਆ।
ਮਨ ਰੇ ਨਾਮੁ ਜਪਹੁ ਸੁਖੁ ਹੋਇ ॥
ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥ (੬੭)
ਅਕਾਲ ਪੁਰਖੁ ਦੇ ਭਗਤ ਉਸ ਦਾ ਨਾਮੁ ਜਪ ਕੇ ਇਉਂ ਹੋ ਜਾਂਦੇ ਹਨ, ਜਿਵੇਂ ਪਦਾਰਥ ਪਾਣੀ ਵਿਚ ਮਿਲ ਕੇ ਪਾਣੀ ਦਾ ਰੂਪ ਹੀ ਹੋ ਜਾਂਦੇ ਹਨ। ਸੰਤ ਜਨ ਆਪਣੇ ਵਿਚ ਮਨ ਅਕਾਲ ਪੁਰਖੁ ਨਾਲ ਇਸ ਤਰ੍ਹਾਂ ਪ੍ਰੀਤ ਲਾਉਂਦੇ ਹਨ, ਜਿਸ ਤਰ੍ਹਾਂ ਚਕੋਰ ਚੰਦ੍ਰਮਾ ਨੂੰ ਪਿਆਰ ਨਾਲ ਵੇਖਦਾ ਹੈ, ਜਿਵੇਂ ਭੌਰਾ ਕੌਲ ਫੁੱਲ ਨੂੰ ਵੇਖਦਾ ਹੈ। ਅਕਾਲ ਪੁਰਖੁ ਦਾ ਨਾਮੁ ਜਪ ਕੇ ਅਕਾਲ ਪੁਰਖੁ ਦੇ ਸੇਵਕ ਅਕਾਲ ਪੁਰਖੁ ਦੇ ਨਾਮੁ ਵਿਚ ਹੀ ਲੀਨ ਹੋ ਜਾਂਦੇ ਹਨ। ਪਰੰਤੂ ਗੁਰੂ ਦੇ ਬਚਨਾਂ ਅਨੁਸਾਰ ਚਲ ਕੇ ਅਕਾਲ ਪੁਰਖੁ ਦਾ ਨਾਮੁ ਸਿਰਫ਼ ਉਸ ਮਨੁੱਖ ਨੇ ਹੀ ਜਪਿਆ ਹੈ, ਜਿਸ ਉਤੇ ਅਕਾਲ ਪੁਰਖੁ ਨੇ ਆਪ ਮਿਹਰ ਕੀਤੀ।
ਨਟ ਮਹਲਾ ੪ ॥
ਰਾਮ ਜਪਿ ਜਨ ਰਾਮੈ ਨਾਮਿ ਰਲੇ ॥
ਰਾਮ ਨਾਮੁ ਜਪਿਓ ਗੁਰ ਬਚਨੀ ਹਰਿ ਧਾਰੀ ਹਰਿ ਕ੍ਰਿਪਲੇ ॥੧॥ ਰਹਾਉ ॥ (੯੭੫)
ਜਗਤ ਵਿਚ ਚਾਰ ਕਿਸਮ ਦੀਆਂ ਮੁਕਤੀਆਂ ਮਿੱਥੀਆਂ ਗਈਆਂ ਹਨ, ਪਰੰਤੂ ਇਹ ਚਾਰੇ ਮੁਕਤੀਆਂ ਤੇ ਅਠਾਰਾਂ ਸਿੱਧੀਆਂ ਅਕਾਲ ਪੁਰਖੁ ਦੇ ਸ਼ਰਨੀ ਪਈਆਂ ਹੋਈਆਂ ਹਨ, ਜਿਹੜਾ ਮਨੁੱਖ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦਾ ਹੈ, ਉਸ ਨੂੰ ਹਰੇਕ ਕਿਸਮ ਦੀ ਮੁਕਤੀ ਮਿਲ ਜਾਂਦੀ ਹੈ, ਤੇ ਉਸ ਦੀ ਹਰ ਥਾਂ ਵਡਿਆਈ ਹੁੰਦੀ ਹੈ। ਬੇਅੰਤ ਮਨੁੱਖ ਜਿਨ੍ਹਾਂ ਨੇ ਅਕਾਲ ਪੁਰਖੁ ਦੇ ਨਾਮੁ ਨੂੰ ਚੇਤੇ ਕੀਤਾ, ਉਹ ਇਸ ਸੰਸਾਰ ਰੂਪੀ ਸਮੁੰਦਰ ਵਿਚ ਆਪਣਾ ਜੀਵਨ ਸਫਲ ਕਰ ਗਏ। ਜਿਸ ਜਿਸ ਮਨੁੱਖ ਨੇ ਆਪਣੇ ਗੁਰੂ ਦੀ ਸਿੱਖਿਆ ਅਨੁਸਾਰ ਚਲ ਕੇ ਸਾਧ ਸੰਗਤ ਕੀਤੀ, ਉਸ ਦਾ ਨਾਂ ਭਗਤ ਪੈ ਗਿਆ।
ਰਾਜਾ ਰਾਮ ਜਪਤ ਕੋ ਕੋ ਨ ਤਰਿਓ ॥
ਗੁਰ ਉਪਦੇਸਿ ਸਾਧ ਕੀ ਸੰਗਤਿ ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥੧॥ ਰਹਾਉ ॥ (੧੧੦੫)
ਜਿਹੜੀ ਕਾਰ ਅਕਾਲ ਪੁਰਖੁ ਨੂੰ ਪਸੰਦ ਆ ਜਾਏ, ਉਹੀ ਕਾਰ ਸੇਵਕ ਦਾ ਜਪ ਹੈ, ਤਪ ਹੈ, ਸੇਵਾ ਹੈ, ਤੇ ਚਾਕਰੀ ਹੈ। ਜਿਹੜਾ ਮਨੁੱਖ ਆਪਾ ਭਾਵ ਮਿਟਾਂ ਲੈਂਦਾ ਹੈ, ਉਸ ਨੂੰ ਅਕਾਲ ਪੁਰਖੁ ਆਪ ਹੀ ਮਿਹਰ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਅਕਾਲ ਪੁਰਖੁ ਦੇ ਚਰਨਾਂ ਵਿਚ ਮਿਲਿਆ ਹੋਇਆ ਅਜਿਹਾ ਬੰਦਾ ਮੁੜ ਕਦੇ ਵਿਛੁੜਦਾ ਨਹੀਂ, ਤੇ ਉਸ ਦੀ ਆਤਮਾ ਅਕਾਲ ਪੁਰਖੁ ਦੀ ਜੋਤ ਨਾਲ ਇਕ ਮਿਕ ਹੋ ਜਾਂਦੀ ਹੈ। ਇਸ ਭੇਤ ਨੂੰ ਗੁਰੂ ਦੀ ਕਿਰਪਾ ਨਾਲ ਉਹੀ ਮਨੁੱਖ ਸਮਝਦਾ ਹੈ, ਜਿਸ ਨੂੰ ਅਕਾਲ ਪੁਰਖੁ ਆਪ ਸਮਝ ਬਖ਼ਸ਼ਦਾ ਹੈ।
ਮ; ੩ ॥
ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥
ਆਪੇ ਬਖਸੇ ਮੇਲਿ ਲਏ ਆਪਤੁ ਗਵਾਵੈ ॥
ਮਿਲਿਆ ਕਦੇ ਨ ਵੀਛੁੜੈ ਜੋਤੀ ਜੋਤਿ ਮਿਲਾਵੈ ॥
ਨਾਨਕ ਗੁਰ ਪਰਸਾਦੀ ਸੋ ਬੁਝਸੀ ਜਿਸੁ ਆਪਿ ਬੁਝਾਵੈ ॥੨॥ (੧੨੪੭)
ਉਪਰ ਲਿਖਿਆ ਸਪੱਸ਼ਟ ਤੌਰ ਤੇ ਸਮਝਾਂ ਰਿਹਾ ਹੈ ਕਿ ਜਪ, ਤਪ, ਤੇ ਸੇਵਾ ਦੀ ਪ੍ਰੀਭਾਸ਼ਾ ਆਪਣੀ ਮਤ ਜਾਂ ਲੋਕ ਰਾਏ ਅਨੁਸਾਰ ਨਹੀਂ ਬਣਾਨੀ ਹੈ, ਬਲਕਿ ਗੁਰੂ ਦੀ ਕਿਰਪਾ ਨਾਲ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝ ਕੇ ਤੇ ਉਸ ਅਨੁਸਾਰ ਚਲ ਕੇ ਕਰਨੀ ਹੈ।
ਇਸ ਲਈ ਨਾਮੁ ਜਪਣ ਜਾਂ ਅਕਾਲ ਪੁਰਖੁ ਨੂੰ ਮਿਲਣ ਦਾ ਤਰੀਕਾ ਸਿਰਫ ਇਹੀ ਹੈ ਕਿ, ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਸਮਝਣਾਂ ਹੈ, ਆਪਣੇ ਜੀਵਨ ਵਿਚ ਗੁਰਬਾਣੀ ਅਨੁਸਾਰ ਵਿਚਰਨਾ ਹੈ, ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝਣਾ ਹੈ, ਉਸ ਦੇ ਹੁਕਮੁ ਤੇ ਰਜ਼ਾ ਅਨੁਸਾਰ ਚਲਣਾਂ ਹੈ ਤਾਂ ਜੋ ਅਸੀਂ ਉਸ ਅਕਾਲ ਪੁਰਖੁ ਦੇ ਦਰ ਤੇ ਪਰਵਾਨ ਹੋ ਸਕੀਏ।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ (੧)
ਜੇ ਕਰ ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿਚ ਕਹਿ ਸਕਦੇ ਹਾਂ ਕਿ ਅਕਾਲ ਪੁਰਖੁ ਦੇ ਨਾਮੁ ਜਪਣ ਲਈ ਸਾਨੂੰ ਗੁਰਬਾਣੀ ਨੂੰ ਸਮਝਣਾਂ ਹੈ, ਵੀਚਾਰਨਾ ਹੈ, ਤੇ ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਅਨੁਸਾਰ ਚਲ ਕੇ ਆਪਣਾ ਮਨੁੱਖਾ ਜੀਵਨ ਸਫਲ ਕਰਨਾ ਹੈ।
- ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੀ ਪਰਿਭਾਸ਼ਾ ਕਲਪਨਾਂ ਦੇ ਆਧਾਰ ਤੇ ਨਹੀਂ ਦਿਤੀ, ਬਲਕਿ ਪੂਰਨ, ਉਚੇ ਪੱਧਰ ਦੀ ਸਇੰਸ ਦੇ ਆਧਾਰ ਤੇ ਦਿੱਤੀ ਹੈ।
- ਗੁਰਬਾਣੀ ਨੂੰ ਧਿਆਨ ਨਾਲ ਸਮਝੀਏ ਤਾਂ ਪਤਾ ਲਗਦਾ ਹੈ ਕਿ ਗੁਰੂ ਗਰੰਥ ਸਾਹਿਬ ਵਿਚ ਅਕਾਲ ਪੁਰਖੁ ਦੇ ਗੁਣ ਹੀ ਸਮਝਾਏ ਹਨ।
- “ੴ ਸਤਿਗੁਰ ਪ੍ਰਸਾਦਿ”, ਅਕਾਲ ਪੁਰਖ ਦੀ ਪੂਰਨ ਪਰਿਭਾਸ਼ਾ “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥” ਦਾ ਸੰਖੇਪ ਰੂਪ ਹੈ।
- ਗੁਰੂ ਗਰੰਥ ਸਾਹਿਬ ਵਿਚ “ੴ ਸਤਿਗੁਰ ਪ੍ਰਸਾਦਿ” ਬਾਣੀ ਦੇ ਸਿਰਲੇਖ ਦੇ ਤੌਰ ਤੇ ਲਗਭਗ ੫੨੨ ਵਾਰੀ ਆਇਆ ਹੈ। ਵਾਰ ਵਾਰ ਦਿਤੀ ਗਈ ਇਹ ਸਿਖਿਆ (ੴ ਸਤਿਗੁਰ ਪ੍ਰਸਾਦਿ), ਸਾਨੂੰ ਇਹੀ ਸਮਝਾਂਦੀ ਹੈ ਕਿ ਅਕਾਲ ਪੁਰਖ ਦੇ ਮਿਲਾਪ ਲਈ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਹੀ ਸਹਾਈ ਹੋ ਸਕਦੀ ਹੈ।
- ਗੁਰਬਾਣੀ ਦਾ ਰਵਾਇਤੀ ਗਾਇਨ ਨਹੀਂ ਬਲਕਿ ਹਿਰਦੇ ਤੋਂ ਗਾਇਨ ਕਰਨਾ ਹੈ, ਧਿਆਨ ਨਾਲ ਕੰਨਾਂ ਅਤੇ ਦਿਮਾਗ ਦੋਹਾਂ ਨਾਲ ਸੁਣਨਾਂ ਹੈ।
- ਗੁਰਬਾਣੀ ਵਾਰ ਵਾਰ ਵਿਚਾਰਨੀ ਹੈ ਤਾਂ ਜੋ ਠੀਕ ਤਰ੍ਹਾਂ ਸਮਝ ਆ ਸਕੇ, ਫਿਰ ਮੰਨਣੀ ਹੈ ਤੇ ਅਮਲੀ ਰੂਪ ਵਿਚ ਅਪਨਾਉਣੀ ਹੈ ਤਾਂ ਜੋ ਜੀਵਨ ਦੀ ਅਸਲੀਅਤ ਸਮਝ ਸਕੀਏ।
- ਜਿਸ ਮਨੁੱਖ ਦੇ ਹਿਰਦੇ ਵਿਚ ਅਕਾਲ ਪੁਰਖ ਦੇ ਨਾਮੁ ਦਾ ਥੋੜਾ ਜਿਹਾ ਕਿਨਕਾ ਵੀ ਵਸ ਜਾਂਦਾ ਹੈ, ਉਸ ਮਨੁੱਖ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
- ਅਕਾਲ ਪੁਰਖੁ ਦੇ ਪਿਆਰ ਵਿਚ ਪੂਰੀ ਤਰ੍ਹਾਂ ਲਿਵ ਲਗਾ ਕੇ ਅਜੇਹਾ ਨਾਮੁ ਜਪਣਾ ਹੈ, ਜਿਹੜਾਂ ਗੁਰਮੁਖਾਂ ਦੀ ਸੰਗਤਿ ਵਿਚ ਮਿਲਦਾ ਹੈ।
- ਗੁਰਸਿੱਖ ਸਾਰਾ ਦਿਨ ਆਪਣੀ ਕਿਰਤ ਕਰਦੇ ਹੋਇਆਂ ਹਮੇਸ਼ਾਂ, ਅਕਾਲ ਪੁਰਖੁ ਦਾ ਨਾਮੁ ਧਿਆਨ ਵਿਚ ਰੱਖਦਾ ਹੈ।
- ਗੁਰੂ ਦਾ ਸਿੱਖ ਸਿਰਫ ਆਪਣਾ ਭਲਾ ਹੀ ਨਹੀਂ, ਬਲਕਿ ਸਰਬੱਤ ਦਾ ਭਲਾ ਮੰਗਦਾ ਹੈ। ਇਸੇ ਲਈ ਗੁਰਸਿੱਖ ਆਪਣੇ ਨਾਮੁ ਜਪਣ ਦੇ ਨਾਲ ਨਾਲ, ਹੋਰਨਾਂ ਨੂੰ ਵੀ ਨਾਮੁ ਜਪਾਉਂਦਾ ਹੈ।
- ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਆਪਣੇ ਮਨ ਤੇ ਗਿਆਨ ਇੰਦ੍ਰਿਆਂ ਨੂੰ ਅਕਾਲ ਪੁਰਖੁ ਦੀ ਯਾਦ ਵਿਚ ਜੋੜ ਲੈਂਦਾ ਹੈ, ਉਹ ਵਿਕਾਰਾਂ ਤੋਂ ਬਚ ਜਾਂਦਾ ਹੈ, ਤੇ ਆਪਣਾ ਮਨੁੱਖਾ ਜਨਮ ਸਫਲ ਕਰ ਲੈਂਦਾ ਹੈ।
- ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਮਨੁੱਖਾ ਜੀਵਨ ਲਈ ਕੋਈ ਹੋਰ ਆਸਰਾ ਨਹੀਂ ਹੈ, ਪਰੰਤੂ ਅਕਾਲ ਪੁਰਖੁ ਦਾ ਨਾਮੁ ਵੱਡੀ ਕਿਸਮਤ ਨਾਲ ਗੁਰੂ ਦੁਆਰਾ ਹੀ ਮਿਲ ਸਕਦਾ ਹੈ।
- ਖਾਲੀ ਮੂੰਹ ਨਾਲ ਬੋਲਣ ਨਾਲ ਨਾਮੁ ਜਪਣਾ ਨਹੀਂ ਹੋ ਸਕਦਾ। ਅਕਾਲ ਪੁਰਖੁ ਦੇ ਨਾਮੁ ਦਾ ਫਲ ਤਾਂ ਹੀ ਮਿਲਦਾ ਹੈ, ਜੇਕਰ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ ਅਕਾਲ ਪੁਰਖੁ ਦਾ ਨਾਮੁ ਵੱਸ ਜਾਏ।
- ਸਾਰਾ ਸੰਸਾਰ ਮੂੰਹ ਨਾਲ ‘ਰਾਮ, ਰਾਮ’ ਕਹਿੰਦਾ ਰਹਿੰਦਾ ਹੈ, ਪਰੰਤੂ ਇਸ ਤਰ੍ਹਾਂ ਕਰਨ ਨਾਲ ‘ਰਾਮੁ’ ਨਹੀਂ ਲੱਭਿਆ ਜਾ ਸਕਦਾ। ਉਹ ਬਹੁਤ ਵੱਡਾ ਹੈ, ਅਪਹੁੰਚ ਹੈ, ਅਤੁੱਲ ਹੈ, ਅਮੁਲ ਹੈ, ਤੇ ਕਿਸੇ ਥਾਂ ਤੋਂ ਮੁੱਲ ਖਰੀਦਿਆ ਨਹੀਂ ਜਾ ਸਕਦਾ। ਪਰੰਤੂ, ਇੱਕ ਤਰੀਕਾ ਹੈ, ਜੇਕਰ ਗੁਰੂ ਦੇ ਸ਼ਬਦ ਨਾਲ ਮਨ ਨੂੰ ਵਿੰਨ੍ਹਿਆ ਜਾਏ ਤਾਂ ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਮਨ ਵਿਚ ਆ ਵੱਸਦਾ ਹੈ।
- ਸੰਤ ਜਨਾਂ ਨਾਲ ਮਿਲ ਕੇ, ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦੇ ਰਹੋ, ਕਿਉਂਕਿ ਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਤੇ ਸਫਲ ਹੈ।
- ਜੇਕਰ ਮਨੁੱਖ ਸਿਰਫ ਰਵਾਇਤੀ ਤੌਰ ਤੇ ਧਰਮ ਦੇ ਅਸੂਲਾਂ ਤੇ ਰਸਮਾਂ ਨੂੰ ਪੂਰੀਆਂ ਕਰਨ ਲੱਗ ਪਵੇ ਤਾਂ ਫਿਰ ਉਹ ਇਹ ਨਹੀਂ ਵੇਖਦਾ ਕਿ ਦਿਲ ਵਿਚ ਭਲਾ ਕਰਨ ਲਈ ਕੋਈ ਤਬਦੀਲੀ ਆਈ ਹੈ ਕਿ ਨਹੀਂ।
- ਅੱਜਕਲ ਸਾਡੇ ਗੁਰਦੁਆਰਾ ਸਾਹਿਬਾਂ ਵਿਚ ਜਿਆਦਾ ਤਰ ਰਵਾਇਤਾਂ ਹੀ ਹੋ ਰਹੀਆਂ ਹਨ, ਤੇ ਗੁਰਬਾਣੀ ਕੋਲੋ ਸੇਧ ਘਟ ਲਈ ਜਾ ਰਹੀ ਹੈ, ਉੱਚੇ ਉੱਚੇ ਸਪੀਕਰ ਲਗਾ ਕੇ ਸਮਾਗਮ ਕਰਨ ਦਾ ਕੋਈ ਲਾਭ ਨਹੀਂ, ਜੇਕਰ ਗੁਰਬਾਣੀ ਦੀ ਸਿਖਿਆ ਸਾਨੂੰ ਆਪਣੇ ਆਪ ਨੂੰ ਸਮਝ ਨਹੀਂ ਆਂਉਂਦੀ ਤੇ ਸਾਡੇ ਹਿਰਦੇ ਵਿਚ ਸਬਦ ਦੀ ਵੀਚਾਰ ਨਹੀਂ ਵੱਸਦੀ।
- ਆਪਣੇ ਮਨ ਵਿਚ ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਨੂੰ ਯਾਦ ਕਰਨਾ ਹੈ, ਜੀਭ ਨਾਲ ਗੁਰੂ ਦੇ ਸਬਦ ਦੁਆਰਾ ਨਾਮੁ ਜਪਣਾ ਹੈ, ਅੱਖਾਂ ਨਾਲ ਸਤਿਗੁਰੂ ਨੂੰ ਆਪਣੇ ਹਿਰਦੇ ਵਿਚ ਵੇਖਣਾ ਹੈ, ਕੰਨਾਂ ਨਾਲ ਗੁਰੂ ਦੇ ਸਬਦ ਦੁਆਰਾ ਨਾਮੁ ਨੂੰ ਸੁਣਨਾ ਹੈ।
- ਮੂੰਹ ਨਾਲ ਬਾਹਰੋਂ ਬਾਹਰੋਂ ਤਾਂ ਹਰੇਕ ਮਨੁੱਖ ਅਕਾਲ ਪੁਰਖੁ ਦਾ ਦੁਨਿਆਵੀ ਨਾਂ ਉਚਾਰ ਲੈਂਦਾ ਹੈ, ਪਰ ਕੋਈ ਵਿਰਲੇ ਹੀ ਹੁੰਦੇ ਹਨ, ਜਿਹੜੇ ਕਿ ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿਚ ਵਸਾਂਦੇ ਹਨ।
- ਆਪਣੇ ਆਪ ਨੂੰ ਟਿਕਾਓ ਵਿਚ ਲਿਆ ਕੇ, ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨੀ ਚਾਹੀਦੀ ਹੈ, ਤਾਂ ਜੋ ਅਸੀਂ ਅਕਾਲ ਪੁਰਖੁ ਬਾਰੇ ਜਾਣ ਸਕੀਏ, ਤੇ ਉਸ ਦੀ ਰਚੀ ਹੋਈ ਕੁਦਰਤ ਲਈ ਆਪਣੇ ਅੰਦਰ ਪ੍ਰੇਮ ਪੈਦਾ ਕਰ ਸਕੀਏ।
- ਵੱਡੀ ਕਿਸਮਤ ਨਾਲ ਹੀ ਮਨੁੱਖ ਨੂੰ ਗੁਰੂ ਦੀ ਸੰਗਤਿ ਹਾਸਲ ਹੁੰਦੀ ਹੈ, ਜਿਸ ਸਦਕਾ ਮਨੁੱਖ ਦੇ ਅੰਦਰੋਂ ਖੋਟੀ ਬੁੱਧੀ ਨਾਸ ਹੋ ਜਾਂਦੀ ਹੈ।
- ਗੁਰੂ ਤੇਗ ਬਹਾਦਰ ਸਾਹਿਬ ਸਮਝਾਂਦੇ ਹਨ ਕਿ ਅਕਾਲ ਪੁਰਖ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੈ, ਇਸ ਲਈ ਅਕਾਲ ਪੁਰਖ ਨੂੰ ਆਪਣੇ ਅੰਦਰੋਂ ਖੋਜਣਾਂ ਹੈ।
- ਮਨੁੱਖ ਦਾ ਮਨ ਸਦਾ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਿਚ ਫਸਿਆ ਰਹਿੰਦਾ ਹੈ। ਪਰੰਤੂ ਜਦੋਂ ਉਹ ਗੁਰੂ ਦੀ ਸਰਨ ਵਿਚ ਆ ਜਾਂਦਾ ਹੈ ਤਾਂ, ਗੁਰੂ ਉਸ ਦੇ ਸਾਰੇ ਬੰਧਨ ਕੱਟ ਕੇ ਵਿਕਾਰਾਂ ਤੋਂ ਖ਼ਲਾਸੀ ਦਿਵਾ ਦਿੰਦਾ ਹੈ।
- ਅਕਾਲ ਪੁਰਖੁ ਦੇ ਦਰਸਨ ਕਰਨ ਲਈ ਨਿਮਾਣੇ ਹੋ ਕੇ ਗੁਰਮੁਖਾਂ ਦੇ ਚਰਨਾਂ ਤੇ ਢਹਿ ਪੈਣਾਂ ਚਾਹੀਦਾ ਹੈ, ਤੇ ਦਰਸਨ ਕਰਨ ਲਈ ਇਹੋ ਜਿਹੀ ਇਛਾ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ ਇਕ ਮੱਛੀ ਨੂੰ ਪਾਣੀ ਦੀ ਪਿਆਸ ਲਈ ਹੁੰਦੀ ਹੈ।
- ਅਕਾਲ ਪੁਰਖੁ ਦਾ ਨਾਮੁ ਜਪਣ ਨਾਲ ਇਸ ਮਨੁੱਖਾ ਜੀਵਨ ਵਿਚ ਬਹੁਤ ਸੁਖ ਤੇ ਆਨੰਦ ਮਿਲਦਾ ਹੈ ਅਤੇ ਪਰਲੋਕ ਵਿਚ ਵੀ ਅਕਾਲ ਪੁਰਖੁ ਦਾ ਨਾਮੁ ਜਿੰਦ ਦੇ ਕੰਮ ਆਉਂਦਾ ਹੈ।
- ਅਕਾਲ ਪੁਰਖੁ ਦਾ ਨਾਮੁ ਜਪ ਕੇ ਸੰਸਾਰ ਸਮੁੰਦਰ ਵਿਚੋਂ ਪਾਰ ਲੰਘਣ ਦੀ ਸਮਝ ਸਿਰਫ ਗੁਰੂ ਕੋਲੋਂ ਹੀ ਮਿਲ ਸਕਦੀ ਹੈ।
- ਅਕਾਲ ਪੁਰਖੁ ਦੀ ਸਿਫਤ ਕਰਨ ਦੀ ਦਾਤਿ ਗੁਰੂ ਤੋਂ ਮਿਲਦੀ ਹੈ, ਇਸ ਲਈ ਪੂਰੇ ਗੁਰੂ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ।
- ਗੁਰੂ ਦੀ ਸਰਨ ਪਿਆਂ ਮਨੁੱਖ ਦਾ ਮਨ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ, ਤੇ ਅਕਾਲ ਪੁਰਖੁ ਨਾਲ ਮਿਲਾਪ ਹੋ ਜਾਂਦਾ ਹੈ।
- ਅਕਾਲ ਪੁਰਖੁ ਦਾ ਨਾਮੁ ਜਪ ਕੇ ਅਕਾਲ ਪੁਰਖੁ ਦੇ ਸੇਵਕ ਅਕਾਲ ਪੁਰਖੁ ਦੇ ਨਾਮੁ ਵਿਚ ਹੀ ਲੀਨ ਹੋ ਜਾਂਦੇ ਹਨ।
- ਬੇਅੰਤ ਮਨੁੱਖ ਜਿਨ੍ਹਾਂ ਨੇ ਅਕਾਲ ਪੁਰਖੁ ਦੇ ਨਾਮੁ ਨੂੰ ਚੇਤੇ ਕੀਤਾ, ਉਹ ਇਸ ਸੰਸਾਰ ਰੂਪੀ ਸਮੁੰਦਰ ਵਿਚ ਆਪਣਾ ਜੀਵਨ ਸਫਲ ਕਰ ਗਏ। ਜਿਸ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਅਨੁਸਾਰ ਚਲ ਕੇ ਸਾਧ ਸੰਗਤ ਕੀਤੀ, ਉਸ ਦਾ ਨਾਂ ਭਗਤ ਪੈ ਗਿਆ।
- ਜਿਹੜੀ ਕਾਰ ਅਕਾਲ ਪੁਰਖੁ ਨੂੰ ਪਸੰਦ ਆ ਜਾਏ, ਉਹੀ ਕਾਰ ਸੇਵਕ ਦਾ ਜਪ, ਤਪ, ਸੇਵਾ, ਤੇ ਚਾਕਰੀ ਹੈ। ਜਪ, ਤਪ, ਤੇ ਸੇਵਾ ਦੀ ਪ੍ਰੀਭਾਸ਼ਾ ਆਪਣੀ ਮਤ ਜਾਂ ਲੋਕ ਰਾਏ ਅਨੁਸਾਰ ਨਹੀਂ ਬਣਾਨੀ ਹੈ, ਬਲਕਿ ਗੁਰੂ ਦੀ ਕਿਰਪਾ ਨਾਲ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝ ਕੇ ਤੇ ਉਸ ਅਨੁਸਾਰ ਚਲ ਕੇ ਕਰਨੀ ਹੈ।
ਇਸ ਲਈ ਨਾਮੁ ਜਪਣ ਜਾਂ ਅਕਾਲ ਪੁਰਖੁ ਨੂੰ ਮਿਲਣ ਦਾ ਤਰੀਕਾ ਸਿਰਫ ਇਹੀ ਹੈ ਕਿ, ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਸਮਝਣਾਂ ਹੈ, ਆਪਣੇ ਜੀਵਨ ਵਿਚ ਗੁਰਬਾਣੀ ਅਨੁਸਾਰ ਵਿਚਰਨਾ ਹੈ, ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝਣਾ ਹੈ, ਤੇ ਉਸ ਦੇ ਹੁਕਮੁ ਤੇ ਰਜ਼ਾ ਅਨੁਸਾਰ ਚਲਣਾਂ ਹੈ।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ (੧)
“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”
——————–*********************———————-
Note: Only Dr. Sarbjit Singh is aware if this article has been published somewhere else also.
ਨੋਟ : ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।