ਕੀ ਵਿੱਛੜੀ ਰੂਹ ਨੂੰ ਵਾਕੀ ਚਰਨਾਂ ਵਿੱਚ ਨਿਵਾਸ ਮਿਲ਼ਦਾ ਹੈ ਜਾਂ ਇਉਂ ਆਖਣਾਂ ਨਿਰਾ ਝੂਠ ਅਤੇ ਧੋਖਾ ਹੈ ? ( ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ. ਐੱਸ. ਏ)

ਪ੍ਰਾਣੀ ਦੇ ਸ਼ਰੀਰ ਤਿਆਗਣ ਤੇ ਧਰਮ ਸਥਾਨਾਂ ਵਿੱਚ ਅਰਦਾਸ ਕਰਨ ਲਈ ਪ੍ਰਾਣੀ ਦੇ ਸਾਕ ਸੰਬੰਧੀ ਇਕੱਠੇ ਹੁੰਦੇ ਹਨ। ਕੀਰਤਨ ਵਿੱਚ ਕਈ ਰਾਗੀ ਜੱਥੇ ਅਪ੍ਰਸੰਗਕ ਸ਼ਬਦ ਵੀ ਗਾਇਨ ਕਰਦੇ ਹਨ। ਜੋ ਉਪਦੇਸ਼ ਜੀਉਂਦੇ ਪ੍ਰਾਣੀਆਂ ਲਈ ਹੈ ਉਹ ਚਲਾਣਾ ਕਰ ਚੁੱਕਿਆਂ ਤੇ ਲਾਗੂ ਸਮਝ ਕੇ ਗਉਂਦੇ ਹਨ। ਨਸ਼ਾ ਕਰਦਾ ਕੋਈ ਚੜ੍ਹਾਈ ਕਰ ਗਿਆ ਹੋਵੇ ਤਾਂ ‘ਗੁਰਮੁਖਿ ਜਨਮੁ ਸਵਾਰਿ ਦਰਗਹਿ ਚਲਿਆ॥’ (ਵਾਰਾਂ ਭਾਈ ਗੁਰਦਾਸ) ਗਾ ਕੇ ਰਿਸ਼ਤੇਦਾਰਾਂ ਨੂੰ ਖ਼ੁਸ਼ ਕੀਤਾ ਜਾਂਦਾ ਹੈ। ਨਿਰੀ ਅਗਿਆਨਤਾ ਤੇ ਡੰਗ ਟਪਾਊ ਕੰਮ ਦਾ ਵਰਤਾਰਾ ਹੈ, ਜਿਵੇਂ-

ਅਬ ਕੀਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ॥

ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ॥ (ਗਗਸ ੧੧੦੪).

ਵਿਚਾਰ: ਕਬੀਰ ਜੀ ਤਾਂ ਕਹਿ ਰਹੇ ਹਨ ਕਿ ਇੱਸ ਮਨੁੱਖਾ ਜਨਮ ਦੀ ਵਾਰੀ ਵਿੱਚ ਹੀ ਆਪਣਾ ਚੰਗੇ ਮੰਦੇ ਕੰਮਾਂ ਦਾ ਲੇਖਾ ਜੋਖਾ ਕਰ ਲਓ, ਭਾਵ, ਸ਼ਰੀਰ ਦੇ ਇੰਦ੍ਰਿਆਂ ਨੂੰ ਚੰਗੇ ਪਾਸੇ ਲਾ ਲਓ ਤਾਂ ਜੁ ਮੁੜ ਕੇ ਜਨਮਾਂ ਵਿੱਚ ਨਾ ਭਟਕਣਾ ਪਵੇ। ਇਹ ਉਪਦੇਸ਼ ਮਰ ਚੁੱਕੇ ਪ੍ਰਾਣੀਆਂ ਲਈ ਨਹੀਂ ਹੈ ਬਲਕਿ ਜੀਉਂਦਿਆਂ ਲਈ ਹੈ। ਸੰਗਤ ਨੂੰ ਆਪ ਸ਼ਬਦਾਂ ਦੇ ਅਰਥ ਪੜ੍ਹਨ ਦੀ ਲੋੜ ਹੈ, ਨਹੀਂ ਤਾਂ ਪ੍ਰਚਾਰਕਾਂ ਵਲੋਂ ਆਪ ਹੁਦਰੇਕਿਆਸ ਲਗਾਉਣੇ ਜਾਰੀ ਰਹਿਣਗੇ।

          ਗੁਰੂ ਦੇ ਚਰਨਾਂ ਤੋਂ ਕੀ ਭਾਵ ਹੈ? ਅਰਦਾਸੀਏ ਨੂੰ ਸ਼ਾਇਦ ਇਸ ਗੱਲ ਦਾ ਬੋਧ ਹੀ ਨਹੀਂ ਕਿ ਗੁਰੂ ਦੇ ਚਰਨ ਕੀ ਹਨ। ਜੇ ਬੋਧ ਹੈ ਤਾਂ ਉਹ ਗੁਰੂ ਦੀ ਹਜ਼ੂਰੀ ਵਿੱਚ ਜਾਣ ਬੁੱਝ ਕੇ ਝੂਠ ਬੋਲ ਰਿਹਾ ਹੈ ਜਾਂ ਭੇਡ ਚਾਲੇ ਚੱਲ ਰਿਹਾ ਹੈ। ਸ਼ਾਇਦ ਵਿਛੁੜੇ ਪ੍ਰਾਣੀ ਦੇ ਸੰਬੰਧੀਆਂ ਨੂੰ ਝੂਠਾ ਦਿਲਾਸਾ ਦੇਣ ਲਈ ਇਉਂ ਆਖ ਰਿਹਾ ਹੋਵੇ ਕਿ ਪ੍ਰਾਣੀ ਨੂੰ ਗੁਰੂ ਦੇ ਚਰਨਾਂ ਵਿੱਚ ਥਾਂ ਮਿਲ਼ ਜਾਣੀ ਹੈ। ਗੁਰੂ ਦੇ ਚਰਨ ਕਿੱਥੇ ਹਨ?

          ਪਹਿਲਾਂ ਇਹ ਸਮਝੀਏ ਕਿ ਗੁਰੂ ਕੌਣ ਹੈ?

          ਇਸ ਦਾ ਸਪੱਸ਼ਟ ਉੱਤਰ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ।

          ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ ਤਾਂ ਉਹ ਸੰਗਤ ਵਿੱਚ ਬਿਰਾਜਮਾਨ ਹਨ ਜਿਨ੍ਹਾਂ ਦੀ ਹਜ਼ੂਰੀ ਵਿੱਚਅਕਾਲ ਪੁਰਖ ਅੱਗੇ ਅਰਦਾਸ ਕਰਨੀ ਹੁੰਦੀ ਹੈ। ਜੇ ਗੁਰੂ ਜੀ ਸੰਗਤ ਵਿੱਚ ਹਨ ਤਾਂ ਗੁਰੂ ਦੇ ਚਰਨ ਵੀ ਗੁਰੂ ਦੇ ਨਾਲ਼ ਹੀ ਹਨ ਤੇ ਉਹ ਵੀ ਸੰਗਤ ਵਿੱਚ ਹੀ ਹੋਣੇ ਚਾਹੀਦੇ ਹਨ। ਕਿਸੇ ਦੇ ਚਰਨ ਉਸ ਦੇ ਸ਼ਰੀਰ ਨਾਲ਼ ਹੀ ਲੱਗੇ ਹੁੰਦੇ ਹਨ । ਜਿੱਥੇ ਕਿਸੇ ਦਾ ਸ਼ਰੀਰ ਹੋਵੇਗਾ ਚਰਨ ਵੀ ਓਥੇ ਹੀ ਹੋਣਗੇ।

ਹੁਣ ਵਿਚਾਰ ਦੀ ਗੱਲ ਇਹ ਹੈ ਕਿ ਗੁਰੂ ਦੇ ਚਰਨ ਸੰਗਤ ਵਿੱਚ ਹਨ। ਕੀ ਗੁਰੂ ਦੇ ਚਰਨ ਹੱਡ ਮਾਸ ਦੇ ਹਨ?

ਉੱਤਰ ਹੈ –ਨਹੀਂ, ਦਸ ਗੁਰੂ ਸਾਹਿਬਾਨ ਸ਼ਰੀਰਕ ਚੋਲ਼ਾ ਤਿਆਗ ਚੁੱਕੇ ਹਨ, ਤੱਤਾਂ ਵਿੱਚ ਤੱਤ ਰਲ਼ ਚੁੱਕੇ ਹਨ, ਪ੍ਰਭੂ ਦੀ ਜੋਤਿ ਵਿੱਚ ਜੋਤੀ ਰਲ਼ ਚੁੱਕੀ ਹੈ । ਹੁਣ ਗੁਰੂ ਕਿਉਂਕਿ ਸ਼ਬਦ ਹੈ ਇਸ ਲਈ ਗੁਰੂ ਦੇ ਚਰਨ ਗੁਰੂ ਦਾ ਸ਼ਬਦ ਹੀ ਹੈ। ਸ਼ਬਦ ਕੀ ਹੈ? ਚੂੰਕਿ ਗੁਰੂ ਦਾ ਉਪਦੇਸ਼ ਸ਼ਬਦਾਂ ਰਾਹੀਂ ਮਿਲ਼ਿਆ ਹੈ, ਇਸ ਲਈ ਗੁਰੂ ਦਾ ਉਪਦੇਸ਼ ਅਤੇ ਗੁਰੂ ਦਾ ਸ਼ਬਦ ਸਮਾਨਾਰਥਕ ਹਨ। ਸ਼ਬਦਾਂ ਨੂੰ ਗੁਰਬਾਣੀ ਕਿਹਾ ਜਾਂਦਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ(ਰਾਗਮਾਲਾ ਤੋਂ ਬਿਨਾਂ) ਦਰਜ ਹੈ। {ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀ ਕੋਈ ਰਚਨਾ ਭਾਵੇਂ ਕਿੰਨੀ ਮਹਾਨ ਹੋਵੇ, ਗੁਰਬਾਣੀ ਦੇ ਬਰਾਬਰ ਨਹੀਂ ਹੋ ਸਕਦੀ, ਭਾਵ, ਉਸ ਨੂੰ ਗੁਰਬਾਣੀ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ, ਭਾਵ, ਉਸ ਨੂੰ ਗੁਰੂ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਗੁਰੂ ਦਾ ਦਰਜਾ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ (ਰਾਗਮਾਲਾ ਤੋਂ ਬਿਨਾਂ) ਗੁਰਬਾਣੀ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਵਲੋਂ ਮਿਲ਼ਿਆ ਹੈ।}

          ਗੁਰੂ ਦੇ ਚਰਨ ਕੀ ਹਨ?

          ਉੱਤਰ ਹੈ-ਗੁਰਬਾਣੀ ਦੇ ਸ਼ਬਦ। ਜਿਵੇਂ-

ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ॥ (ਗਗਸ ੬੮੦).

ਪਦ-ਅਰਥ: ਬਾਂਧਿਓ ਪਾਲ- ਪੱਲੇ ਬੰਨ੍ਹ ਲਿਆ ਹੈ, ਮਨ ਵਿੱਚ ਵਸਾਅ ਲਿਆ ਹੈ। ਚਰਣ- ਪੈਰ। ਸਤਿਗੁਰ ਸਬਦੁ- ਗੁਰਬਾਣੀ।

ਅਰਥ:- ਜਿੱਸ ਪ੍ਰਾਣੀ ਦੇ ਮਨ ਵਿੱਚ ਗੁਰਬਾਣੀ ਵਸੀ ਰਹਿੰਦੀ ਹੈ, ਉਸ ਦੇ ਮਨ ਵਿੱਚ ਪ੍ਰਭੂ ਦੇ ਚਰਨ ਵਸੇ ਰਹਿੰਦੇ ਹਨ। ਗੁਰੂ ਦੇ ਚਰਨ ਅਤੇ ਪ੍ਰਭੂ ਦੇ ਚਰਨ ਕੇਵਲ ਗੁਰਬਾਣੀ ਹੀ ਹੈ। ਪ੍ਰਭੂ ਦਾ ਹੁਕਮ ਹੀ ਗੁਰਬਾਣੀ ਵਿੱਚ ਬਿਆਨ ਕੀਤਾ ਹੋਇਆ ਹੈ।  ਪ੍ਰਭੂ ਅਤੇ ਗੁਰੂ ਦੋਹਾਂ ਦੇ ਚਰਨ ਸਥੂਲ ਨਹੀਂ ਕਿਉਂਕਿ ਗੁਰੂ ਦੀ ਪਦਵੀ ਗੁਰਬਾਣੀ ਨੂੰ ਮਿਲ਼ ਚੁੱਕੀ ਹੈ।

          ਗੁਰੂ ਅਤੇ ਪਰਮੇਸ਼ਰ ਵਿੱਚ ਉੱਪਦੇਸ਼ ਕਰਕੇ ਕੋਈ ਅੰਤਰ ਨਹੀਂ ਹੈ। ਫ਼ੁਰਮਾਨ ਹੈ-

ਨਾਨਕ ਸੋਧੇ ਸਿਮ੍ਰਿਤਿ ਬੇਦ॥

ਪਾਰਬ੍ਰਹਮਗੁਰ ਨਾਹੀ ਭੇਦ॥—-(ਗਗਸ ੧੧੪੨).

ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ॥— (ਗਗਸ ੨੫੦).

ਅਰਥ:- ਗੁਰਦੇਵ ਸਤਿਗੁਰੂ ਹੀ ਅਕਾਲ ਪੁਰਖ ਦਾ ਰੂਪ ਹੈ। ਹੇ ਨਾਨਕ! ਗੁਰੂ ਪਰਮੇਸ਼੍ਵਰ ਨੂੰ ਨਮਸਕਾਰ ਕਰਦੇ ਰਹਿਣਾਂ ਚਾਹੀਦਾ ਹੈ। ਗੁਰੂ ਦੇ ਚਰਨ ਸਾਡੇ ਆਪਣੇ ਹਿਰਦੇ ਵਿੱਚ ਵਸਣੇ ਚਾਹੀਦੇ ਹਨ ਨਾ ਕਿ ਮੁਰਦੇ ਦੀ ਰੂਹ ਗੁਰ ਚਰਨਾ ਵਿੱਚ ਵਸਣੀ ਚਾਹੀਦੀ ਹੈ। ਗੁਰਬਾਣੀ ਤਾਂ ਗਿਆਨ ਦੀ ਚਪੇੜ ਮਾਰ ਕੇ ਆਖਦੀ ਹੈ- ਗੁਰ ਕੇ ਚਰਨ ਰਿਦੈ ਲੈ ਧਾਰਉ॥ ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ॥ (ਗਗਸ ੮੬੪). ਪਰ ਅਰਦਾਸਿ ਕਰਨ ਵਾਲ਼ਿਆਂ ਨੂੰ ਇਨ੍ਹਾਂ ਤੁਕਾਂ ਦੀ ਸ਼ਾਇਦ ਸ਼ਮਝ ਨਹੀਂ ਆਉਂਦੀ।

          ਗੁਰਬਾਣੀ ਵਿੱਚ ਸਾਰੇ ੩੫ ਬਾਣੀਕਾਰਾਂ ਦੀ ਜੋਤਿ ਹੈ।  ਗੁਰਬਾਣੀ ਵਿੱਚ ਦਸਾਂ ਹੀ ਪਾਤਿਸ਼ਾਹੀਆਂ ਦੀ ਜੋਤਿ (light of knowledge) ਹੈ। ਗੁਰਬਾਣੀ ਵਿੱਚ ਮਰੇ ਪ੍ਰਾਣੀਆਂ ਦੀਆਂ ਆਤਮਾਵਾਂ ਨਹੀਂ ਠਹਿਰ ਸਕਦੀਆਂ ਤੇ ਨਾ ਹੀ ਉਨ੍ਹਾਂ ਦਾ ਏਥੇ ਕੋਈ ਕੰਮ ਹੈ। ਜਿਸ ਕਰਕੇ ਉਨ੍ਹਾਂ ਨੂੰ ਅਰਦਾਸੀਏ ਵਲੋਂ ਗੁਰੂ ਚਰਨਾਂ ਵਿੱਚ ਨਿਵਾਸ ਦੇਣ ਲਈ ਕਹਿਣਾ ਗੁਰਬਾਣੀ ਗੁਰੂ ਸ਼ਬਦ ਦੀ ਘੋਰ ਬੇਅਦਵੀ ਵੀ ਹੈ। ਜੇ ਇਹ ਮੰਨ ਵੀ ਲਿਆ ਜਾਵੇ ਕਿ ਅਰਦਾਸੀਆਂ ਦੀਆਂ ਕੀਤੀਆਂ ‘ਗੁਰ ਚਰਨਾਂ ਦੇ ਵਿੱਚ ਨਿਵਾਸ’ਬਖ਼ਸ਼ਣ ਦੀਆਂ ਅਰਦਾਸਾਂ ਪ੍ਰਵਾਨ ਹੋ ਗਈਆਂ ਹਨ ਤਾਂ ਫਿਰ ਇਹ ਵੀ ਮੰਨਣਾਂ ਪਵੇਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਣਗਿਣਤ ਮੁਰਦਿਆਂ ਦੀਆਂ ਰੂਹਾਂ ਭਰੀਆਂ ਪਈਆਂ ਹਨ, ਕਿਉਂਕਿ ਗੁਰੂ ਦੇ ਚਰਨ ਤਾਂ ਗੁਰਬਾਣੀ ਹੀ ਹੈ। ਕੀ ਇੱਸ ਗੱਲ ਨੂੰ ਮੰਨਣ ਲਈ ਕੋਈ ਤਿਆਰ ਹੋਵੇਗਾ? ਜੇ ਨਹੀਂ ਤਾਂ ਫਿਰ ਅਜਿਹੀ ਅਰਦਾਸਿ ਕਰਨ ਦਾ ਕੀ ਅਰਥ ਹੈ? ਇਤਿਹਾਸ ਵਿੱਚ ਇੱਕ ਸਾਖੀ ਦਾ ਜ਼ਿਕਰ ਹੈ। ਇਸ ਤੋਂ ‘ਗੁਰੂ ਚਰਨਾਂ ਵਿੱਚ ਨਿਵਾਸ’ ਦੇ ਸੰਕਲਪ ਦੀ ਭਲੀ ਭਾਂਤੀ ਸਮਝ ਆ ਸਕੇਗੀ।

          ਭਾਈ ਡੱਲੇ (ਡੱਲਾ ਸਿੰਘ) ਨੂੰ ਗੁਰ ਚਰਨਾਂ ਵਿੱਚ ਨਿਵਾਸ ਕਿਵੇਂ ਮਿਲ਼ਿਆ?ਭਾਈ ਡੱਲੇ ਨੇ ਦਸਵੇਂ ਪਾਤਿਸ਼ਾਹ ਜੀ ਕੋਲੋਂ ਚਰਨਾ ਵਿੱਚ ਪੀੜ੍ਹੀ ਜਿੰਨੀ ਥਾਂ ਦੀ ਮੰਗ ਕੀਤੀ। ਗੁਰੂ ਜੀ ਨੇ ਕਿਹਾ ‘ਪਹਿਲਾਂ ਪੰਜਾਂ ਪਿਆਰਿਆਂ ਕੋਲ਼ ਇੱਕ ਪ੍ਰਣ ਕਰਨਾ ਪਵੇਗਾ ਜਿਵੇਂ ਅਸੀਂ ਪੰਜਾਂ ਤੋਂ ਅੰਮ੍ਰਿਤ ਪਾਨ ਕਰਕੇ ਕੀਤਾ ਹੈ। ਚਰਨਾਂ ਵਿੱਚ ਥਾਂ ਦਾ ਇਹੀ ਵਸੀਲਾ ਹੈ’। ਉਪਦੇਸ਼ ਮੰਨ ਕੇ ਭਾਈ ਡੱਲੇ ਨੇ ਪ੍ਰਵਾਰ ਸਮੇਤ ਅੰਮ੍ਰਿਤ ਪਾਨ ਕਰ ਲਿਆ। ਕੀ ਭਾਈ ਡੱਲਾ ਸਿੰਘ ਫਿਰ ਸ਼ਰੀਰਕ ਤੌਰ ਤੇ ਗੁਰੂ ਜੀ ਦੇ ਸਥੂਲ ਚਰਨਾਂ ਵਿੱਚ ਬੈਠਣ ਲੱਗ ਪਿਆ? ਕੀ ਅੰਮ੍ਰਿਤ ਪਾਨ ਕਰ ਕੇ ਭਾਈ ਡੱਲਾ ਸਿੰਘ ਸਦਾ ਸ਼ਰੀਰਕ ਤੌਰ ਤੇ ਗੁਰੂ ਜੀ ਦੇ ਚਰਨਾਂ ਨਾਲ਼ ਹੀ ਲਿਪਟਿਆ ਰਹਿੰਦਾ ਸੀ?

          ਗੁਰੂ ਚਰਨਾਂ ਵਿੱਚ ਨਿਵਾਸ ਕੀ ਹੈ?

          ਚਰਨਾ ਵਿੱਚ ਨਿਵਾਸ ਤੋਂ ਭਾਵ ਹੋਇਆ ਗੁਰੂ ਦੇ ਸ਼ਬਦ, ਭਾਵ, ਗੁਰਬਾਣੀ ਦਾ ਉਪਦੇਸ਼ ਮਨ ਵਿੱਚ ਵਸਾਉਣਾ, ਉਸ ਅਨੁਸਾਰ ਪਾਸ਼ਾ ਢਾਲਣਾਂ ਤੇ ਗੁਰੂ ਨਾਲ਼ ਪਿਆਰ ਬਣਾਉਣਾਂ । ਗੁਰ ਉਪਦੇਸ਼ ਨੂੰ ਧਾਰਨ ਕਰਨਾ ਹੀ ਗੁਰੂ ਦੇ ਚਰਨ ਕਮਲਾਂ ਵਿੱਚ ਨਿਵਾਸ ਹੈ ਜਿਵੇਂ ਭਾਈ ਡੱਲਾ ਸਿੰਘ ਨੂੰ ਜੀਉਂਦੇ ਜੀਅ ਮਿਲ਼ਿਆ। ਚਰਨਾਂ ਵਿੱਚ ਨਿਵਾਸ ਮਰ ਗਇਆਂ ਦਾ ਨਹੀਂ ਹੁੰਦਾ ਤੇ ਨਾ ਹੀ ਹੋ ਸਕਦਾ ਹੈ ਚੂੰਕਿ ਗੁਰੂ ਦੇ ਚਰਨ ਗੁਰੂ ਦਾ ਸ਼ਬਦ ਹੈ। ਇਹ ਨਿਵਾਸ ਜੀਉਂਦੇ ਹੋਇਆਂ ਭਾਈ ਡੱਲਾ ਸਿੰਘ ਦੀ ਤਰਾਂ ਗੁਰੂ ਦੇ ਲੜ ਲੱਗਿਆਂ ਹੁੰਦਾ ਹੈ। ਮੁਰਦਿਆਂ ਦੀਆਂ ਰੂਹਾਂ ਅਰਦਾਸਾਂ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੰਨ੍ਹ ਕੇ ਨਹੀਂ ਬਿਠਾਈਆਂ ਜਾ ਸਕਦੀਆਂ।

          ਮੌਤ ਪਿੱਛੋਂ ਰੂਹਾਂ ਕਿੱਥੇ ਚਲੇ ਜਾਂਦੀਆਂ ਹਨ?  ਇਸ ਸੰਬੰਧੀ ਗੁਰਬਾਣੀ ਦਾ ਫ਼ੁਰਮਾਨ ਹੈ-

ਮ:੧॥

ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ॥

ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥

ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥—-(ਗਗਸ ੬੪੮).

ਪਦ-ਅਰਥ: ਦਝਹਿ -ਅੱਗ ਵਿੱਚ ਸਾੜਦੇ ਹਨ। ਹਸਣਿ ਪਾਹਿ- ਸੁੱਕੇ ਟੋਏ- ਨੁਮਾ ਖੂਹ ਵਿੱਚ ਰੱਖ ਕੇ ਗਿਰਝਾਂ ਨੂੰ ਖੁਵਾ ਦਿੰਦੇ ਹਨ, ਜਿਵੇਂ ਪਾਰਸੀ ਲੋਕ ਕਰਦੇ ਹਨ। ਕਿਥੈ ਜਾਹਿ ਸਮਾਹਿ- ਰੂਹਾਂ ਕਿੱਥੇ ਚਲੇ ਜਾਂਦੀਆਂ ਹਨ? ਏਵ ਨ ਜਾਪਈ- ਇਹ ਪਤਾ ਨਹੀਂ ਲੱਗਦਾ, ਇਸ ਭੇਦ ਦਾ ਕਿਸੇ ਨੂੰ ਪਤਾ ਨਹੀਂ।

          ਹਲੱਤ ਅਤੇ ਪਲੱਤ ਵਿੱਚ ਸਹਾਈ ਹੋਣ ਵਾਲ਼ੀ ਪ੍ਰਭੂ ਦੀ ਬੰਦਗੀ ਹੈ ਜੇ ਕਿਸੇ ਨੇ ਜ਼ਿੰਦਗੀ ਵਿੱਚ ਜੀਉਂਦੇ ਜੀਅ ਕੀਤੀ ਹੋਵੇ। ਜਿਸ ਨੇ ਆਪ ਆਪਣੀ ਹੱਥੀਂ ਆਪਣਾਂ ਵਰਤਮਾਨ ਨਹੀਂ ਸਵਾਰਿਆ ਉਸ ਦਾ ਭਵਿੱਖ ਨਹੀਂ ਸਵਰ ਸਕੇਗਾ। ਗੁਰਮਤਿ ਤਾਂ “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥” ਦਾ ਸਿਧਾਂਤ ਦ੍ਰਿੜ ਕਰਵਾਉਂਦੀ ਹੈ। ਗੁਰਬਾਣੀ ਦਾ ਉਪਦੇਸ਼ ਹੈ:- a.) ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥ ਗਗਸ ੪੭੨.}।

ਵਿਚਾਰ: ਵਿਛੁੜਿਆਂ ਲਈ ਬਿਸਤਰੇ, ਬਰਤਨ, ਛੱਤਰੀ, ਜੋੜੇ ਆਦਿਕ ਭੇਜਣ ਵਾਲ਼ਿਆਂ ਦਲਾਲਾਂ ਦੇ ਦੀ ਹੱਥ ਵੱਢੇ ਜਾਣਗੇ ਕਿਉਂਕਿ ਇਹ ਰੱਬੀ ਨਿਆਂ ਹੈ।

ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ॥  (ਗਗਸ ੬੮੩).

ਕਰਮ ਧਰਤੀ ਸਰੀਰੁ ਕਲਜੁਗ ਵਿਚਿ ਜੇਹਾ ਕੋਬੀਜੇ ਤੇਹਾ ਕੋ ਖਾਏ॥

ਗਲਾ ਉਪਰਿ ਤਪਾਵਸੁ ਨਾ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ॥   (ਗਗਸ ੩੦੮).

ਵਿਚਾਰ: ਤਪਾਵਸੁ- ਨਿਆਂ ਜਾਂ ਨਿਬੇੜਾ। ਵਿਸੁ- ਵਿਸ਼, ਜ਼ਹਰ। ਜੇ ਜ਼ਹਰ ਖਾ ਲਈ ਜਾਵੇ ਤਾਂ ਮੂਹੋਂ ਅੰਮ੍ਰਿਤ ਦੀਆਂ ਗੱਲਾਂ ਕਰਨ ਨਾਲ਼ ਜ਼ਹਰ ਦਾ ਬੁਰਾ ਅਸਰ ਨਹੀਂ ਜਾਵੇਗਾ, ਮੌਤ ਯਕੀਨੀ ਹੈ। ਸ਼ਰੀਰ ਧਰਤੀ ਹੈ ਇਸ ਵਿੱਚ ਕਰਮਾ, ਭਾਵ, ਅਮਲਾਂ {ਸਿੰਧੀ ਭਾਸ਼ਾ ਵਿੱਚ ‘ਅਮਲ’ ਦਾ ਅਰਥ ‘ਨਸ਼ਾ’, ਸੰਸਕ੍ਰਿਤ ਵਿੱਚ ‘ਮੈਲ਼ ਤੋਂ ਬਿਨਾਂ’, ਅਰਬੀ ਭਾਸ਼ਾ ਵਿੱਚ ‘ਉਮੀਦ’ ਅਤੇ ਅਰਬੀ ਭਾਸ਼ਾ ਵਿੱਚ ਹੀ ‘ਅਮਲ’ ਦਾ ਅਰਥ ‘ਕੀਤੇ ਕੰਮ ਜਾਂ ਕਰਮ’ ਹੁੰਦਾ ਹੈ, ਸ਼ਬਦ ਜੋੜਾਂ ਦਾ ਹੀ ਅੰਤਰ ਹੈ। ‘ਅਮਲ’ ਅਰਬੀ ਭਾਸ਼ਾ ਵਿੱਚ ਅਲਿਫ਼ ਨਾਲ਼ ਅਤੇ ‘ਅਮਲ’ ਅੈਨ ਅੱਖਰ ਨਾਲ਼ ਲਿਖਿਆ ਜਾਂਦਾ ਹੈ} ਦਾ ਬੀਜ ਜਿਹੋ ਜਿਹਾ ਕੋਈ ਬੀਜੇਗਾ ਤਿਹੋ ਜਿਹਾ ਫਲ਼ ਹੀ ਮਿਲੇਗਾ। ਇਹ ਰੱਬੀ ਨਿਯਮ ਹੈ ਤੇ ਰੱਬ ਦੇ ਘਰ ਦਾ ਨਿਆਂ ਹੈ। ਰਿਸ਼ਵਤ ਦੇ ਕੇ ਰੱਬੀ ਨਿਯਮ ਨਹੀਂ ਬਦਲੇ ਜਾ ਸਕਦੇ।

“ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ”॥  (ਗਗਸ ੭੨੩).

ਵਿਚਾਰ: ਮਸੋਲਾ- ਅਟੱਲ ਰੱਬੀ ਨਿਯਮ ਜੋ ਬਦਲਿਆ ਨਹੀਂ ਜਾ  ਸਕਦਾ। ਰੱਬ ਸੱਚਾ ਹੈ ਉਸ ਦਾ ਨਿਆਂ ਵੀ ਸੱਚ ਤੇ ਖੜਾ ਹੈ । ਇਨਸਾਫ਼ ਕਰਨਾ ਉਸ ਦਾ ਅਟੱਲ ਨਿਯਮ ਹੈ।

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥   (ਗਗਸ ੧੩੪).

ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ॥    (ਗਗਸ ੧੩੪).

ਕਰ ਹਰਿ ਕਰਮ ਸ੍ਰਵਨਿ ਹਰਿ ਕਥਾ॥ ਹਰਿ ਦਰਗਹ ਨਾਨਕ ਊਜਲ ਮਥਾ॥  (ਗਗਸ ੨੮੧).

ਵਿਚਾਰ: ਕਰ ਹਰਿ ਕਰਮ- ਹੱਥਾਂ ਨਾਲ਼ ਰੱਬੀ ਕੰਮ (ਚੰਗੇ ਕੰਮ) ਕਰ। ਸ੍ਰਵਨਿ- (ਸ਼੍ਰਵਨਿ), ਕੰਨਾਂ ਨਾਲ਼ ਸੁਣ। ਹਰਿ ਕਥਾ- ਰੱਬੀ ਉਪਦੇਸ਼, ਗੁਰਬਾਣੀ ਵਿਚਾਰ। ਫਿਰ ਲੋਕਾਂ ਦੀ ਕਚਹਿਰੀ ਵਿੱਚ ਉਸਤਤਿ ਹੋਵੇਗੀ, ਇਹੀ ਰੱਬ ਦੀ ਕਚਹਿਰੀ ਹੈ {ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥ (ਗਗਸ ੧੩੬).}।

          ਚਰਨਾ ਦੇ ਨੇੜੇ ਰੱਖੀਂ ਦਾ ਭਾਵ ਵੀ ਇਹੀ ਹੈ ਕਿ ਹੇ ਗੁਰੂ ਜੀ! ਤੁਹਾਡੀ ਯਾਦ

          ਸਾਡੇ ਮਨ ਵਿੱਚ ਬਣੀ ਰਹੇ। ਯਾਦ ਬਣੀ ਰਹਿਣੀ ਹੀ ਜਗਤ ਵਿੱਚ ਸਵਰਗ ਦਾ ਵਾਸਾ ਤੇ ਜ਼ਿੰਦਗੀ ਹੈ ਤੇ ਵਿੱਸਰ ਜਾਣੀ ਜਗਤ ਵਿੱਚ ਨਰਕ, ਭਾਵ, ਆਤਮਕ ਮੌਤ ਹੈ। ਇਹ ਯਾਦ ਜੀਉਂਦਿਆਂ ਨੂੰ ਹੀ ਪ੍ਰਾਪਤ ਹੁੰਦੀ ਹੈ , ਚਲਾਣਾ ਕਰ ਚੁੱਕਿਆਂ ਨੂੰ ਨਹੀਂ। ਕਬੀਰ ਜੀ ਦਾ ਉਪਦੇਸ਼ ਹੈ-

ਦਾਸੁ ਕਬੀਰੁ ਤੇਰੀ ਪਨਹ ਸਮਾਨਾਂ॥

ਭਿਸਤੁ ਨਜੀਕਿ ਰਾਖੁ ਰਹਮਾਨਾ॥   (ਗਗਸ ੧੧੬੧).

ਵਿਚਾਰ: ਭਿਸਤੁ- ਮੇਰੇ ਲਈ ਸਵੱਰਗ ਹੀ ਹੈ, ਮੈਨੂੰ ਕਿਸੇ ਹੋਰ ਸਵੱਰਗ ਦੀ ਲੋੜ ਨਹੀਂ। ਨਜੀਕਿ ਰਾਖੁ- ਆਪਣੇ ਨੇੜੇ ਰੱਖ, ਭਾਵ ਤੁਹਾਡੀ ਯਾਦ ਹੇ ਪ੍ਰਭੂ! ਮਨ ਵਿੱਚ ਸਦਾ ਬਣੀ ਰਹੇ। ਰਹਮਾਨਾ- ਹੇ ਤਰਸ ਦੇ ਘਰ ਪ੍ਰਭੂ ਜੀ! ‘ਭਿਸਤੁ’ ਸ਼ਬਦ ਨਾਲ਼ ‘ਨਜੀਕਿ’ ਸ਼ਬਦ ਦਾ ਕੋਈ ਵਿਆਕਰਣਕ ਮੇਲ਼ ਨਹੀਂ। ਇਸ ਲਈ ਅਰਥ ਕਰਨ ਸਮੇਂ ਇਹ ਨਹੀਂ ਕਹਿ ਸਕਦੇ ਕਿ ਭਿਸ਼ਤ ਦੇ ਨੇੜੇ ਰੱਖੋ। ਗੁਰਬਾਣੀ ਸਵੱਰਗ ਅਤੇ ਨਰਕ ਦੇ ਪ੍ਰਚੱਲਤ ਸੰਕਲਪ ਨਾਲ਼ ਸਹਿਮਤ ਨਹੀਂ। ‘ਭਿਸ਼ਤ ਦੇ ਨੇੜੇ ਰੱਖੋ’ ਅਰਥ ਕਰਨ ਤੇ ਭਗਤ ਕਬੀਰ ਜੀ ਅੰਦਰ ਭਿਸ਼ਤ ਦਾ ਡਰ ਪ੍ਰਗਟ ਹੋਵੇਗਾ ਜਦੋਂ ਕਿ ਕਬੀਰ ਜੀ ਆਪ ਕਹਿੰਦੇ ਹਨ:-

ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ॥

ਚਰਨ  ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ॥ (ਗਗਸ ੧੩੭੦).

ਚਰਨ ਕਮਲ ਕੀ ਮਉਜ- ਰੱਬੀ ਉਪਦੇਸ਼ ਗੁਰਬਾਣੀ ਵਿੱਚ ਸੁਰਤੀ ਦਾ ਜੁੜਨਾ।

ਕਵਨੁ ਨਰਕੁ ਕਿਆ ਸੁਰਗੁ ਵਿਚਾਰਾ ਸੰਤਨ ਦੋਊ ਰਾਦੇ॥

ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ॥  (ਗਗਸ ੯੬੯).

ਵਿਚਾਰ: ਕਾਣਿ ਨ ਕਢਤੇ- ਸੁਰਗ ਤੇ ਨਰਕ ਦੀ ਮੁਥਾਜੀ ਨਹੀਂ ਰੱਖਦੇ। ਗੁਰ ਪਰਸਾਦੇ- ਗੁਰੂ ਦੀ ਕਿਰਪਾ ਸਦਕਾ। ਰਾਦੇ- ਰੱਦ ਕਰ ਦਿੱਤੇ ਹਨ। ਸੰਤਨ- ਸੰਤਾਂ ਨੇ।

          ‘ਭਿਸਤੁ’ ਸ਼ਬਦ ਦਾ ਵਿਆਕਰਣਕ ਔਂਕੜ ਕਹਿੰਦਾ ਹੈ ਕਿ ਰੁਕ ਕੇ ਅੱਗੇ ਚੱਲ। ‘ਭਿਸਤੁ’ ਬੋਲ ਕੇ ਰੁਕ ਜਾਹ ਤੇ ਫਿਰ ਅਗਲਾ ਹਿੱਸਾ ਪੜ੍ਹ। ਸ਼ਬਦ ਜੋੜਾਂ ਦੇ ਮੂਲ਼ ਸਰੂਪਾਂ ਨੂੰ ਚਿੱਤ ਵਿੱਚ ਰੱਖ ਕੇ ਅਰਥ ਸਮਝ ਕੇ ਪਾਠ ਕਰਨ ਦਾ ਲਾਭ ਹੈ, ਤੋਤਾ ਰਟਨੀ ਪਾਠ ਤੋਂ ਗੁਰਮਤਿ ਦੀ ਸਿਧਾਂਤਕ ਰੌਸ਼ਨੀ ਨਹੀਂ ਮਿਲ਼ ਸਕਦੀ ਅਤੇ ਬਾਣੀਕਾਰਾਂ ਦੁਆਰਾ ਕਹੀ ਗੱਲ ਦਾ ਪਤਾ ਨਹੀਂ ਲੱਗ ਸਕਦਾ ਜਿਸ ਕਰਕੇ ਬ੍ਰਾਹਮਣੀ ਰੀਤਾਂ ਰਸਮਾਂ ਤੋਂ ਬਚਿਆ ਨਹੀਂ ਜਾ ਸਕਦਾ। ਇੱਸ ਤੋਤਾ ਰਟਨੀ ਢੰਗ ਨਾਲ਼ ਗੁਰਬਾਣੀ ਦਾ ਪਾਠੀ ਬਣਿਆਂ ਬੰਦਾ ਗੁਰਮਤਿ ਦੇ ਸਿਧਾਂਤਾਂ ਪੱਖੋਂ ਅਨਪੜ੍ਹ ਹੀ ਰਹਿੰਦਾ ਹੈ। ਨੋਟ: ਗੁਰਮਤਿ ਸਿਧਾਂਤਾਂ ਤੋਂ ਅਨਪੜ੍ਹਤਾ ਕਾਰਣ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਪਈਆਂ ਦੇਵੀ ਦੇਵਤਿਆਂ ਦੀ ਉਸਤਤਿ ਵਾਲ਼ੀਆਂ ਸਿੱਖੀ ਵਿਚਾਰਧਾਰਾ ਨੂੰ ਸੱਟ ਮਾਰਨ ਵਾਲ਼ੀਆਂ ਕੱਚੀਆਂ ਤੇ ਅਪ੍ਰਵਾਨਤ ਰਚਨਾਵਾਂ ਨੂੰ ਰੋਜ਼ਾਨਾ ਕਿਸੇ ਨਾ ਕਿਸੇ ਰੂਪ ਵਿੱਚ ਸਿੱਖਾਂ ਵਲੋਂ ਪੜ੍ਹਿਆ ਤੇ ਪੜ੍ਹਾਇਆ ਜਾ ਰਿਹਾ ਹੈ।

          ਗੁਰਬਾਣੀ ਦੀ ਰੌਸ਼ਨੀ ਵਿੱਚ ਇਹ ਤਾਂ ਸਪੱਸ਼ਟ ਹੈ ਕਿ ‘ਚਰਨਾਂ ਵਿੱਚ ਨਿਵਾਸ’ ਵਾਕ-ਅੰਸ਼ ਵਿੱਛੁੜੇ ਪ੍ਰਾਣੀਆਂ ਵਾਸਤੇ ਨਹੀਂ ਹੈ ਬਲਕਿ ਮਨੁੱਖਾ ਦੇਹੀ ਵਿੱਚ ਵਿਚਰਦਿਆਂ ਉਨ੍ਹਾਂ ਪ੍ਰਾਣੀਆਂ ਵਾਸਤੇ ਹੈ ਜੋ ਗੁਰੂ ਦਾ ਉਪਦੇਸ਼ ਧਾਰਨ ਕਰਨ ਦੀ ਇੱਛਾ ਰੱਖਦੇ ਹਨ।ਸਾਕਤ ਪ੍ਰਾਣੀ ਜੀਉਂਦੇ ਜੀਅ ਹੀ ਗੁਰੂ ਤੇ ਰੱਬ ਨਾਲ਼ੋਂ ਟੁੱਟੇ ਹੋਏ ਹੁੰਦੇ ਹਨ ਕਿਉਂਕਿ ਉਹਨਾਂ ਦਾ ਇਨ੍ਹਾਂ ਪਰ ਕੋਈ ਇਤਕਾਦ ਨਹੀਂ ਹੁੰਦਾ ਤੇ ਕਮਲ਼ਿਆਂ ਨੂੰ, ਸੁਰਤੀ ਕਾਇਮ ਨਾ ਰਹਿਣ ਕਰਕੇ, ਗੁਰ ਉਪਦੇਸ਼ ਦੀ ਸੋਝੀ ਨਹੀਂ ਹੁੰਦੀ।

          ਗੁਰੂ ਏਥੇ ਹੈ ਤੇ ਗੁਰੂ ਦੇ ਚਰਨ ਵੀ ਏਥੇ ਹਨ ਪਰ ਵਿਛੁੜਿਆ ਪ੍ਰਾਣੀ ਹੁਣ ਏਥੇ ਨਹੀਂ ਹੈ। ਹੁਣ ਦੋਹਾਂ ਦਾ ਜੋੜ ਨਹੀਂ ਹੋ ਸਕਦਾ, ਮਿਲ਼ਾਪ ਦਾ ਸਮਾਂ ਬੀਤ ਚੁੱਕਾ ਹੈ। ਜੀਉਂਦੇ ਜੀਅ ਹੀ ਚਰਨਾਂ ਵਿੱਚ ਨਿਵਾਸ ਮੰਗਣਾਂ ਬਣਦਾ ਹੈ ਜੋ ਮਰ ਕੇ ਨਹੀਂ ਮਿਲ਼ਦਾ। ਮਨ ਵਚਨ ਅਤੇ ਕਰਮ ਕਰਕੇ ਗੁਰੂ ਗੁਰੂ ਜਪਣ ਵਾਲ਼ਿਆਂ ਦਾ ਪਹਿਲਾਂ ਹੀ ਭਾਵ ਜੀਉਂਦੇ ਜੀਅ ਹੀ ਗੁਰ ਚਰਨਾਂ ਵਿੱਚ ਨਿਵਾਸ ਹੁੰਦਾ ਹੈ, ਭਾਵ, ਉਨ੍ਹਾਂ ਗੁਰ ਉਪਦੇਸ਼ ਨੂੰ ਜੀਵਨ ਵਿੱਚ ਦ੍ਰਿੜ ਕੀਤਾ ਹੋਇਆ ਹੁੰਦਾ ਹੈ।ਕਹਿਣਾ ਪਵੇਗਾ ਕਿ ਅਰਦਾਸੀਏ (ਦਲਾਲ) ਵਲੋਂ ਵਿੱਛੁੜੇ ਪ੍ਰਾਣੀ ਵਾਸਤੇ ‘ਗੁਰ ਚਰਨਾ ਵਿੱਚ ਨਿਵਾਸ ਬਖ਼ਸ਼ੋ’ ਆਖਣਾਂ ਪਰਵਾਰ ਪ੍ਰਤੀ ਨਿਰਾ ਧੋਖਾ ਅਤੇ ਝੂਠਾ ਦਿਲਾਸਾ ਹੈ। ਇਹ ਗੁਰੂ ਜੀ ਦੇ ਸਾਮ੍ਹਣੇ ਬੋਲਿਆ ਕੋਰਾ ਝੂਠ ਹੈ ਤੇ ਅਰਦਾਸਿ ਵਿੱਚ ਕਹਿਣਾ ਬਣਦਾ ਹੀ ਨਹੀਂ।

          ਵਿਛੁੜੇ ਪ੍ਰਾਣੀ ਪ੍ਰਤੀ ਅਰਦਾਸਿ ਕਿਵੇਂ ਹੋਵੇ?

          ਅਰਦਾਸੀਏ ਨੂੰ ਅਰਦਾਸਿ ਵਿੱਚ ਬੇਨਤੀ ਕਰਨੀ ਚਾਹੀਦੀ ਹੈ ਕਿ ਰੱਬੀ ਹੁਕਮ ਵਿੱਚ, ਪ੍ਰਾਣੀ, ਮਿਲ਼ੇ ਸੁਆਸਾਂ ਦੀ ਪੂੰਜੀ ਖ਼ਰਚ ਕੇ ਰੱਬ ਵਲੋਂ ਸੱਦਾ ਆਉਣ ਤੇ ਚੜ੍ਹਾਈ ਕਰ ਗਿਆ  ਹੈ। ਇਸ ਵਿਛੋੜੇ ਦੇ ਸਮੇਂ ਵਿੱਛੁੜੇ ਪ੍ਰਾਣੀ ਦੇ ਸਮੂਹ ਸਾਕ ਸੰਬੰਧੀਆਂ ਨੂੰ ਗੁਰਬਾਣੀ ਦੇ ਪਾਠ ਅਤੇ ਅਰਥ ਵਿਚਾਰ ਨਾਲ਼ ਜੋੜ ਕੇ ਮਨ ਦੀ ਸ਼ਾਂਤੀ ਅਤੇ ਧੀਰਜ ਬਖ਼ਸ਼ੋ ਜੀ।

_______________***************_______________

Note:  Only Professor Kashmira Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।