ਆਦਿ ਬੀੜ ਦੀ ਲਿਖਾਈ ਤੋਂ ਪਹਿਲਾਂ ਪ੍ਰਚੱਲਤ ਨਿੱਤਨੇਮ ਦੀ ਰੂਪ ਰੇਖਾ – (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਆਦਿ ਬੀੜ (ਪੋਥੀ ਸਾਹਿਬ) ਦੀ ਲਿਖਾਈ ਸੰਨ ੧੬੦੪ ਈਸਵੀ ਵਿੱਚ ਸੰਪੂਰਨ ਹੋਈ ਸੀ । ਇਸ ਵਿੱਚ ਪੰਜਵੇਂ ਗੁਰੂ ਜੀ ਵਲੋਂ ਨਿੱਤਨੇਮ ਦਰਜ ਕਰਵਾਇਆ ਗਿਆ ਸੀ ਜੋ ਹੁਣ ਛਾਪੇ ਦੀ ਬੀੜ ਦੇ ਪਹਿਲੇ ੧੩ ਪੰਨਿਆਂ ਉੱਤੇ ਦਰਜ ਹੈ ।
ਆਦਿ ਬੀੜ ਦੀ ਲਿਖਾਈ ਤੋਂ ਪਹਿਲਾਂ ਸਿੱਖਾਂ ਵਿੱਚ ਕਿਹੜਾ ਨਿੱਤਨੇਮ ਪ੍ਰਚੱਲਤ ਸੀ, ਇਸ ਦਾ ਪਤਾ ਲਾਉਣਾ ਹੀ ਇਸ ਲੇਖ ਦਾ ਮੰਤਵ ਹੈ । ਧੰਨੁ ਗੁਰੂ ਨਾਨਕ ਸਾਹਿਬ ਦੇ ਸਮੇਂ ਪ੍ਰਚੱਲਤ ਨਿੱਤਨੇਮ ਦੀ ਰੂਪ ਰੇਖਾ ਦੀ ਭਾਲ਼ ਕਰਨੀ ਪਵੇਗੀ । ਭਾਈ ਗੁਰਦਾਸ ਦੀਆਂ ਵਾਰਾਂ ਦਾ ਅਧਿਐਨ ਕਰਨ ਨਾਲ਼ ਧੰਨੁ ਗੁਰੂ ਨਾਨਕ ਸਾਹਿਬ ਦੇ ਸਮੇਂ ਪ੍ਰਚੱਲਤ ਨਿੱਤਨੇਮ ਬਾਰੇ ਬਹੁਤ ਵਧੀਆ ਜਾਣਕਾਰੀ ਮਿਲ਼ਦੀ ਹੈ । ਭਾਈ ਗੁਰਦਾਸ ਜੀ ਨੂੰ ਤੀਜੇ ਗੁਰੂ ਜੀ ਤੋਂ ਛੇਵੇਂ ਗੁਰੂ ਜੀ ਤਕ ੪ ਗੁਰੂ ਪਾਤਿਸ਼ਾਹਾਂ ਦੀ ਸੇਵਾ ਅਤੇ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ।
ਕਰਤਾਰਪੁਰ (ਹੁਣ ਪਾਕਿਸਤਾਨ ਵਿੱਚ) ਧੰਨੁ ਗੁਰੂ ਨਾਨਕ ਸਾਹਿਬ ਦੇ ਸਮੇਂ ਉਨ੍ਹਾਂ ਵਲੋਂ ਬਖ਼ਸ਼ਿਆ ਨਿੱਤਨੇਮ ਪ੍ਰਚੱਲਤ ਸੀ ਜਿਸ ਦੀ ਰੂਪ ਰੇਖਾ ਭਾਈ ਗੁਰਦਾਸ ਵਲੋਂ ਦਿੱਤੇ ਹੇਠ ਲਿਖੇ ਪ੍ਰਮਾਣਾ ਤੋਂ ਪ੍ਰਗਟ ਹੁੰਦੀ ਹੈ-

੧. ਪੰਜਵੇਂ ਗੁਰੂ ਜੀ ਤੋਂ ਪਹਿਲਾਂ ਸਵੇਰ ਅਤੇ ਸ਼ਾਮ ਦਾ ਨਿੱਤਨੇਮ ਕੀ ਸੀ?
ਭਾਈ ਗੁਰਦਾਸ ਵਲੋਂ ਲਿਖੀ ਪਹਿਲੀ ਵਾਰ ਦੀ ਅਠੱਤੀਵੀਂ ਪਉੜੀ ਸਵੇਰ ਅਤੇ ਸ਼ਾਮ ਦੇ ਨਿੱਤਨੇਮ ਦਾ ਖ਼ੁਲਾਸਾ ਕਰਦੀ ਹੈ । ਇਹ ਪਉੜੀ ਹੈ-
ਫਿਰਿ ਬਾਬਾ ਆਇਆ ਕਰਤਾਰ ਪੁਰਿ ਭੇਖ ਉਦਾਸੀ ਸਗਲ ਉਤਾਰਾ॥
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ॥
ਉਲਟੀ ਗੰਗ ਵਹਾਈਓਨਿਗੁਰ ਅੰਗਦੁ ਸਿਰਿ ਉਪਰਿ ਧਾਰਾ॥
ਪੁਤਰੀ ਕaਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ॥
ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਿਆਰਾ॥
ਗਿਆਨ ਗੋਸਟਿ ਚਰਚਾ ਸਦਾ ਅਨਹਦ ਸਬਦਿ ਉਠੇ ਧੁਨਕਾਰਾ॥
ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁਉਚਾਰਾ॥
ਗੁਰਮੁਖਿ ਭਾਰ ਅਥਰਬਣਿ ਤਾਰਾ ॥੩੮॥
ਵਿਚਾਰ:
ਅੰਮ੍ਰਿਤ ਵੇਲੇ ਪੜ੍ਹੀ ਜਾਣ ਵਾਲ਼ੀ ਬਾਣੀ ‘ਜਪੁ’ ਅਤੇ ‘ਸੋ ਦਰੁ’ ਸਿਰਲੇਖ ਵਾਲ਼ੀ ਰਚਨਾ ਦੋਵੇਂ ਹੀ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਵਲੋਂ ਰਚਿਤ ਬਾਣੀਆਂ ਹਨ ਜੋ ਪੰਜਵੇਂ ਗੁਰੂ ਜੀ ਵਲੋਂ ਬਣਾਏ ਗਏ ਨਿੱਤਨੇਮ ਵਿੱਚ ਵੀ ਉਸੇ ਤਰ੍ਹਾਂ ਸ਼ਾਮਲ ਹਨ । ‘ਸੋ ਦਰੁ’ ਸੰਗ੍ਰਿਹ ਵਿੱਚ ਤਿੰਨ ਸ਼ਬਦ ਹਨ- ਰਾਗੁ ਆਸਾ ਮਹਲਾ ੧ ਦਾ ‘ਸੋ ਦਰੁ ਤੇਰਾ ਕੇਹਾ’ਵਾਲ਼ਾ ਸ਼ਬਦ, ਆਸਾ ਮਹਲਾ ੧ ਦਾ ‘ਸੁਣਿ ਵਡਾ ਆਖੈ ਸਭੁ ਕੋਇ’ ਵਾਲ਼ਾ ਸ਼ਬਦ ਅਤੇ ਆਸਾ ਮਹਲਾ ੧ ਦਾ ‘ਆਖਾ ਜੀਵਾ ਵਿਸਰੈ ਮਰਿ ਜਾਉ’ ਵਾਲ਼ਾ ਸ਼ਬਦ । ਤਿੰਨੇ ਹੀ ਗੁਰੂ ਨਾਨਕ ਸਾਹਿਬ ਦੇ ਹਨ । ਇਸ ਤੋਂ ਇਹ ਗੱਲ ਸਮਝ ਵਿੱਚ ਆਉਂਦੀ ਹੈ ਕਿ ਧੰਨੁ ਗੁਰੂ ਨਾਨਕ ਸਾਹਿਬ ਜੀ ਨੇ ਹੀ ਨਿਤਨੇਮ ਦੀ ਰੂਪ ਰੇਖਾ ਦਾ ਮੁੱਢ ਬੰਨ੍ਹਿਆ ਸੀ ਜਿਸ ਦੀ ਉਗਾਹੀ ਭਾਈ ਗੁਰਦਾਸ ਨੇ ਭਰੀ ਹੈ ।

੨. ਪੰਜਵੇਂ ਗੁਰੂ ਜੀ ਤੋਂ ਪਹਿਲਾਂ ਰਾਤ ਸਮੇਂ ਦਾ ਨਿੱਤਨੇਮ ਕਿਹੜਾ ਸੀ?
ਭਾਈ ਗੁਰਦਾਸ ਵਲੋਂ ਲਿਖੀ ਛੇਵੀਂ ਵਾਰ ਦੀ ਤੀਜੀ ਪਉੜੀ ਵਿੱਚ ਰਾਤ ਸਮੇਂ ਦੇ ਨਿੱਤਨੇਮ ਦਾ ਜ਼ਿਕਰ ਕਰਨ ਦੇ ਨਾਲ਼ ਸੰਝ ਸਮੇਂ ਦੇ ਨਿੱਤਨੇਮ ਦਾ ਵੀ ਜ਼ਿਕਰ ਕੀਤਾ ਗਿਆ ਹੈ । ਦੇਖੋ ਇਹ ਪਉੜੀ-
ਅੰਮ੍ਰਿਤ ਵੇਲੇ ਉਠਿ ਕੈ ਜਾਇ ਅੰਦਰਿ ਦਰੀਆਇ ਨ੍ਹਵੰਦੇ॥
ਸਹਜਿ ਸਮਾਧਿ ਅਗਾਧਿ ਵਿਚਿ ਇਕ ਮਨਿ ਹੋਇ ਗੁਰ ਜਾਪੁ ਜਪੰਦੇ॥
ਮਥੇ ਟਿਕੇ ਲਾਲ ਲਾਇ ਸਾਧ ਸੰਗਤਿ ਚਲਿ ਜਾਇ ਬਹੰਦੇ॥
ਸ਼ਬਦੁ ਸੁਰਤਿ ਲਿਵਲੀਣੁ ਹੋਇ ਸਤਿਗੁਰ ਬਾਣੀ ਗਾਇ ਸੁਣੰਦੇ॥
ਭਾਇ ਭਗਤਿ ਭੈ ਵਰਤਮਾਨ ਗੁਰ ਸੇਵਾ ਗੁਰ ਪੁਰਬ ਕਰੰਦੇ॥
ਸੰਝੈ ਸੋਦਰੁ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ॥
ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦੁ ਵੰਡੰਦੇ॥
ਗੁਰਮੁਖਿ ਸੁਖਫਲੁ ਪਿਰਮ ਚਖੰਦੇ ॥੩॥
ਵਿਚਾਰ:
ਇਸ ਪਉੜੀ ਵਿੱਚ ਸਪੱਸ਼ਟ ਤੌਰ ਤੇ ਜ਼ਿਕਰ ਹੈ ਕਿ ਸ਼ਾਮ ਵੇਲੇ ਕਰਤਾਰ ਪੁਰ ਧਰਮਸ਼ਾਲਾ ਵਿੱਚ ‘ਸੋ ਦਰੁ’ ਬਾਣੀ ਸੰਗ੍ਰਿਹ ਦੇ ਤਿੰਨ ਸ਼ਬਦ ਗਾਏ ਜਾਂਦੇ ਸਨ ਅਤੇ ਰਾਤ ਸਮੇਂ ਸਿੱਖ ਸੇਵਕ ਸੋਹਿਲੇ ਦੀ ਬਾਣੀ ਦਾ ਪਾਠ ਕਰਦੇ ਪ੍ਰਭੂ ਦੀ ਕੀਰਤੀ ਕਰਦੇ ਸਨ । ਪੰਜਵੇਂ ਗੁਰੂ ਜੀ ਤੋਂ ਪਹਿਲਾਂ ਸੋਹਿਲੇ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਦੀ ਰਚੀ ਬਾਣੀ ਦੇ ਤਿੰਨ ਸ਼ਬਦ ਸਨ- ਰਾਗੁ ਗਉੜੀ ਦੀਪਕੀ ਮਹਲਾ ੧ ਵਾਲ਼ਾ ‘ਜੈ ਘਰਿ ਕੀਰਤਿ ਆਖੀਐ’ ਵਾਲ਼ਾ ਸ਼ਬਦ, ਆਸਾ ਮਹਲਾ ੧ ਦਾ ‘ਛਿਅ ਘਰ ਛਿਅ ਗੁਰ ਛਿਅ ਉਪਦੇਸ’ ਵਾਲ਼ਾ ਸ਼ਬਦ ਅਤੇ ਧਨਾਸਰੀ ਮਹਲਾ ੧ ਦਾ ‘ਗਗਨਮੈ ਥਾਲੁ ਰਵਿ ਚੰਦੁ ਦੀਪਕ ਬਨੇ’ ਵਾਲ਼ਾ ਸ਼ਬਦ ।

ਪੰਜਵੇਂ ਗੁਰੂ ਜੀ ਵਲੋਂ ਬਣਾਇਆ ਗਿਆ ਮੌਜੂਦਾ ਨਿੱਤਨੇਮ:
ਪੰਜਵੇਂ ਗੁਰੂ ਜੀ ਨੇ ਬਾਬਾ ਨਾਨਕ ਵਾਲ਼ੇ ਨਿੱਤਨੇਮ ਨੂੰ ਹੀ ਆਧਾਰ ਬਣਾ ਕੇ ਉਸ ਵਿੱਚ ਹੋਰ ਸ਼ਬਦ ਜੋੜ ਕੇ ਬਣਾਇਆ ਨਿੱਤਨੇਮ ਆਦਿ ਬੀੜ ਵਿੱਚ ਪੱਕੇ ਤੌਰ ਤੇ ਦਰਜ ਕਰ ਦਿੱਤਾ । ਸਵੇਰ ਵਾਲ਼ਾ ਚੱਲਿਆ ਆ ਰਿਹਾ ਨਿੱਤਨੇਮ ‘ਜਪੁ’ ਜੀ ਹੀ ਰੱਖਿਆ ਗਿਆ । ਸ਼ਾਮ ਵਾਲ਼ੇ ਚੱਲੇ ਆ ਰਹੇ ਨਿੱਤਨੇਮ ਵਿੱਚ ‘ਸੋ ਪੁਰਖੁ’ ਦਾ ਚਾਰ ਸ਼ਬਦਾਂ ਦਾ ਸੰਗ੍ਰਿਹ ਹੋਰ ਜੋੜ ਦਿੱਤਾ ਜਿਸ ਨਾਲ਼ ਇਹ ੯ ਸ਼ਬਦਾਂ ਵਾਲ਼ਾ ਨਿੱਤਨੇਮ ਬਣ ਗਿਆ । ਰਾਤ ਵੇਲੇ ਦੇ ਚੱਲਦੇ ਆ ਰਹੇ ਨਿੱਤਨੇਮ ਵਿੱਚ ਦੋ ਸ਼ਬਦ ਹੋਰ ਜੋੜ ਕੇ ਪੰਜ ਸ਼ਬਦਾਂ ਦਾ ਸੰਗ੍ਰਿਹ ਬਣਾ ਦਿੱਤਾ ਗਿਆ । ਪੰਜਵੇਂ ਗੁਰੂ ਜੀ ਦੇ ਬਣਾਏ ਇਸ ਨਿੱਤਨੇਮ ਨੂੰ ਦਸਵੇਂ ਪਾਤਿਸ਼ਾਹ ਨੇ ਵੀ ਦਮਦਮੀ ਬੀੜ ਦੀ ਰਚਨਾ ਰਾਹੀਂ ਪ੍ਰਵਾਨਗੀ ਬਖ਼ਸ਼ ਦਿੱਤੀ ਜਿਸ ਤੋਂ ਸਪੱਸ਼ਟ ਹੈ ਕਿ ਦਸਵੇਂ ਪਾਤਿਸ਼ਾਹ ਤਕ ਪੰਜਵੇਂ ਗੁਰੂ ਜੀ ਦਾ ਬਣਾਇਆ ਨਿੱਤਨੇਮ ਹੀ ਪ੍ਰਚੱਲਤ ਸੀ । ਇਸ ਪ੍ਰਵਾਨੇ ਹੋਏ ਨਿੱਤਨੇਮ ਨੂੰ ਤੋੜਨ ਦੀ ਅਵੱਗਿਆ ਕਰਨ ਵਾਲ਼ੀ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ ਹੈ ਅਤੇ ਇਸ ਦਾ ਤੋੜਿਆ ਹੋਇਆ ਨਿੱਤਨੇਮ ਸਿੱਖ ਰਹਤ ਮਰਯਾਦਾ ਵਿੱਚ ਦਰਜ ਹੈ ਜੋ ਅੱਜ ਸਿੱਖ ਕੌਮ ਵਿੱਚ ਆਪਸੀ ਫੁੱਟ ਦਾ ਕਾਰਣ ਬਣ ਚੁੱਕਾ ਹੈ । ਆਪਣੇ ਖ਼ਸਮ ਨੂੰ ਛੱਡ ਕੇ ਕਿਸੇ ਪਰਾਏ ਨਾਲ਼ ਜਾਰੀ ਪਾਉਣ ਦੇ ਕਦੇ ਵੀ ਚੰਗੇ ਸਿੱਟੇ ਨਹੀਂ ਨਿਕਲ਼ ਸਕਦੇ ਪਰ ਸ਼ੋ. ਕਮੇਟੀ ਨੇ ਆਪਣਾ ਖ਼ਸਮ ਛੱਡ ਕੇ ਪਰਾਏ ਵਲ ਝਾਕਣ ਲੱਗਿਆਂ ਖ਼ਸਮ ਗੁਰੂ ਦਾ ਕੋਈ ਭੈ ਨਹੀਂ ਰੱਖਿਆ ਜਿਸ ਦਾ ਖ਼ਮਿਆਜ਼ਾ ਸਾਰੀ ਸਿੱਖ ਕੌਮ ਨੂੰ ਭੁਗਤਣਾ ਪੈ ਰਿਹਾ ਹੈ ।
ਗੁਰੂ ਰਾਖਾ!