ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ( ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ. ਐੱਸ. ਏ)

Sun rays

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥
सूरज किरणि मिले जल का जलु हूआ राम ॥
Sūraj kiraṇ mile jal kā jal hū▫ā rām.
The rays of light merge with the sun, and water merges with water.

ਸੂਰਜ ਕਿਰਣਿ ਮਿਲੇ

ਜਲ ਕਾ ਜਲੁ ਹੂਆ ਰਾਮ॥

ਉਪਰੋਕਤ ਤੁਕ ਦੇ ਅਰਥਾਂ ਤੋਂ ਮਜਹੂਲ ਚੋਟੀ ਦੇ ਰਾਗੀ ਜਥੇ ਇਸ ਤੁਕ ਨੂੰ ਆਧਾਰ ਬਣਾ ਕੇ ਸ਼ਹੀਦੀ ਪੁਰਬਾਂ ਦੇ ਸਮਾਗਮਾਂ ਵਿੱਚ ਕੀਰਤਨ ਕਰਦੇ ਹਨ। ਅਜਿਹਾ ਕਰਨਾ ਜਿੱਥੇ ਗੁਰਬਾਣੀ ਦੀ ਸਮਝ ਵਲੋਂ ਵੱਡੀ ਅਗਿਆਨਤਾ ਦਾ ਸੂਚਕ ਹੈ ਉੱਥੇ ਸ਼੍ਰੋਤਿਆਂ ਨੂੰ ਗ਼ਲਤ ਅਗਵਾਈ ਦੇਣ ਦਾ ਵੀ ਪਾਪ ਹੈ। ਇੱਥੋਂ ਤੀਕ ਕਿ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਚਲਾਣੇ ਸੰਬੰਧੀ ਸਮਾਗਮ ਵਿੱਚ ਵੀ ਇਸ ਤੁਕ ਵਾਲ਼ੇ ਸ਼ਬਦ ਦਾ ਗਾਇਨ ਕਰ ਕੇ ਮਸਕੀਨ ਜੀ ਨੂੰ ਭੀ ਸ਼ਹੀਦ ਸਮਝਿਆ ਗਿਆ। ਗੁਰਬਾਣੀ ਵਿਆਕਰਣ ਦੀ ਸਹਾਇਤਾ ਨਾਲ਼ ਇਸ ਤੁਕ ਦੇ ਅਰਥ ਸਮਝਣ ਦਾ ਯਤਨ ਕਰੀਏ ਤਾ ਪਤਾ ਚੱਲੇਗਾ ਕਿ ਇਹ ਤੁਕ ਸ਼ਹੀਦੀ ਪ੍ਰੰਪਰਾ ਨਾਲ਼ ਬਿਲਕੁਲ ਕੋਈ ਜੋੜ ਨਹੀਂ ਰੱਖਦੀ। ਸ਼ਹੀਦੀ ਪ੍ਰੰਪਰਾ ਤਾਂ ਪੰਜਵੇਂ ਗੁਰੂ ਜੀ ਦੀ ਸ਼ਹੀਦੀ ਨਾਲ਼ ਸਿੱਖੀ ਵਿੱਚ ਸ਼ੁਰੂ ਹੋਈ ਹੈ ਤੇ ਇਹ ਰਚਨਾ ਸ਼ਹੀਦੀ ਤੋਂ ਪਹਿਲਾਂ ਦੀ ਹੈ।

               ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਦੇ ਪੰਨਾਂ 846 ਉੱਤੇ ਇਸ ਤੁਕ ਵਾਲ਼ਾ ਪੂਰਾ ਸ਼ਬਦ ਇਉਂ ਹੈ:-

ਬਿਲਾਵਲੁ ਮਹਲਾ 5 ॥

ਭਾਗ ਸੁਲਖਣਾ ਹਰਿ ਕੰਤੁ ਹਮਾਰਾ ਰਾਮ ॥

ਅਨਹਦ ਬਾਜਿਤ੍ਰਾ ਤਿਸੁ ਧੁਨਿ ਦਰਬਾਰਾ ਰਾਮ ॥

ਆਨੰਦ ਅਨਦਿਨੁ ਵਜਹਿ ਵਾਜੇ ਦਿਨਸੁ ਰੈਣਿ ਉਮਾਹਾ ॥

ਤਹ ਰੋਗ ਸੋਗ ਨ ਦੂਖੁ ਬਿਆਪੈ ਜਨਮ ਮਰਣੁ ਨ ਤਾਹਾ ॥

ਰਿਧਿ ਸਿਧਿ ਸੁਧਾ ਰਸੁ ਅੰਮ੍ਰਿਤੁ ਭਗਤਿ ਭਰੇ ਭੰਡਾਰਾ ॥

ਬਿਨਵੰਤਿ ਨਾਨਕ ਬਲਿਹਾਰਿ ਵੰਞਾ ਪਾਰਬ੍ਰਹਮ ਪ੍ਰਾਨ ਅਧਾਰਾ ॥1॥

ਸੁਣਿ ਸਖੀਅ ਸਹੇਲੜੀਹੋ ਮਿਲਿ ਮੰਗਲੁ ਗਾਵਹ ਰਾਮ ॥

ਮਨਿ ਤਨਿ ਪ੍ਰੇਮੁ ਕਰੇ ਤਿਸੁ ਪ੍ਰਭ ਕਉ ਰਾਵਹ ਰਾਮ ॥

ਕਰਿ ਪ੍ਰੇਮੁ ਰਾਵਹ ਤਿਸੈ ਭਾਵਹ ਇਕ ਨਿਮਖ ਪਲਕ ਨ ਤਿਆਗੀਐ ॥

ਗਹਿ ਕੰਠਿ ਲਾਈਐ ਨਹ ਲਜਾਈਐ ਚਰਨ ਰਜ ਮਨੁ ਪਾਗੀਐ ॥

ਭਗਤਿ ਠਗਉਰੀ ਪਾਇ ਮੋਹਹ ਅਨਤ ਕਤਹੂ ਨ ਧਾਵਹ ॥

ਬਿਨਵੰਤਿ ਨਾਨਕ ਮਿਲਿ ਸੰਗਿ ਸਾਜਨ ਅਮਰ ਪਦਵੀ ਪਾਵਹ ॥2॥

ਬਿਸਮਨ ਬਿਸਮ ਭਈ ਪੇਖਿ ਗੁਣ ਅਬਿਨਾਸੀ ਰਾਮ ॥

ਕਰੁ ਗਹਿ ਭੁਜਾ ਗਹੀ ਕਟਿ ਜਮ ਕੀ ਫਾਸੀ ਰਾਮ ॥

ਗਹਿ ਭੁਜਾ ਲੀਨ੍‍ੀ ਦਾਸਿ ਕੀਨ੍‍ੀ ਅੰਕੁਰਿ ਉਦੋਤੁ ਜਣਾਇਆ ॥

ਮਲਨ ਮੋਹ ਬਿਕਾਰ ਨਾਠੇ ਦਿਵਸ ਨਿਰਮਲ ਆਇਆ ॥

ਦ੍ਰਿਸਟਿ ਧਾਰੀ ਮਨਿ ਪਿਆਰੀ ਮਹਾ ਦੁਰਮਤਿ ਨਾਸੀ ॥

ਬਿਨਵੰਤਿ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਿਨਾਸੀ ॥3॥

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥

ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥

ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ ॥

ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ ॥

ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ ॥

ਬਿਨਵੰਤਿ ਨਾਨਕ ਸੇਈ ਜਾਣਹਿ ਜਿਨ੍‍ੀ ਹਰਿ ਰਸੁ ਪੀਆ ॥4॥2॥

ਅਰਥ ਵਿਚਾਰ :

ਸ਼ਬਦ ਦੇ ਪਹਿਲੇ ਬੰਦ ਵਿੱਚ ਦੱਸਿਆ ਹੈ ਕਿ ਪ੍ਰਭੂ ਸਾਡਾ ਖ਼ਸਮ ਹੈ ਜਿੱਸ ਕਰਕੇ ਸਾਡੇ ਚੰਗੇ ਭਾਗ ਹਨ। ਐਸੇ ਪ੍ਰਭੂ ਤੋਂ ਸਦਕੇ ਹੋਣ ਦੀ ਗੱਲ ਕਹੀ ਹੈ।

           ਸ਼ਬਦ ਦੇ ਦੂਜੇ ਬੰਦ ਵਿੱਚ ਸਤਿਸੰਗੀ ਸਹੇਲੀਆਂ ਨੂੰ ਆਵਾਜ਼ਾ ਦਿੱਤਾ ਹੈ ਕਿ ਆਓ ਰਲ਼ ਕੇ ਉਸ ਖ਼ਸਮ ਪ੍ਰਭੂ ਦੇ ਗੀਤ ਗਾਈਏ। ਉਸ ਨਾਲ਼ ਪ੍ਰੇਮ ਕਰੀਏ ਤੇ ਪਲ ਭਰ ਵੀ ਉਸ ਦੀ ਯਾਦ ਤੋਂ ਅਵੇਸਲ਼ੇ ਨਾ ਹੋਈਏ ਤੇ ਉੱਚੀ ਆਤਮਕ ਅਵਸਥਾ ਦੇ ਧਾਰਣੀ ਬਣੀਏ।

          ਸ਼ਬਦ ਦੇ ਤੀਜੇ ਬੰਦ ਵਿੱਚ ਦੱਸਿਆ ਹੈ ਕਿ ਜਿੱਸ ਜੀਵ ਇਸਤ੍ਰੀ ਨੂੰ ਪ੍ਰਭੂ ਬਾਂਹ ਪਕੜ ਕੇ ਆਪਣੀ ਦਾਸੀ ਬਣਾ ਲੈਂਦਾ ਹੈ ਉਹ ਨਿਰਮਲ ਤੇ ਪਵਿੱਤ੍ਰ ਹੋ ਜਾਂਦੀ ਹੈ।

ਸ਼ਬਦ ਦੇ ਚਉਥੇ ਬੰਦ ਦੇ ਪਦ-ਅਰਥ :

               ਸੂਰਜ- ਸੰਬੰਧਕੀ (genitive case) ਪਦ  ਤੇ ਅਰਥ ਬਣਨਗੇ ‘ਸੂਰਜ ਦੀ’। ਜੇ ‘ਸੂਰਜ’ ਸ਼ਬਦ ਉਕਾਰਾਂਤ ਹੁੰਦਾ ਤਾਂ ਅਰਥ ਹੋਣਾ ਸੀ ‘ਸੂਰਜੁ’। ਇਸ ਤਰ੍ਹਾਂ ‘ਸੂਰਜ ਕਿਰਣਿ’ ਵਾਕ-ਅੰਸ਼ ਦਾ ਅਰਥ ਬਣਿਆਂ- ਸੂਰਜ ਦੀ ਕਿਰਣ ਨਾਲ਼ ਮਿਲੇ- ਇਹ ਸ਼ਬਦ ਕਾਰਦੰਤਕ (participle) ਸ਼ਬਦ ‘ਮਿਲਿ’ ਤੋਂ ਹੈ ਤੇ ਅਰਥ ਹੈ – ਮਿਲ਼ ਕੇ। ‘ਮਿਲੇ’ ਸ਼ਬਦ ਭੂਤ ਕਾਲ਼ ਦੀ ਕਿਰਿਆ ਨਹੀਂ ਹੈ। ‘ਸੂਰਜ ਕਿਰਣਿ ਮਿਲੇ’ ਵਾਕ-ਅੰਸ਼ ਦਾ ਅਰਥ ਹੈ –ਸੂਰਜ ਦੀ ਕਿਰਣ ਨਾਲ਼ ਮਿਲ਼ ਕੇ ਭਾਵ ਗੁਰ ਉਪਦੇਸ਼ ਮਨ ਵਿੱਚ ਵਸਾਉਣ ਨਾਲ਼। ‘ਸੂਰਜ ਅਤੇ ਕਿਰਣ ਮਿਲ਼ ਗਏ’ ਅਰਥ ਕਰਨਾ ਤੇ ਸਮਝਣਾਂ ਗੁਰਬਾਣੀ ਵਿਆਕਰਣ ਦੇ ਨੇਮਾਂ ਦੀ ਘੋਰ ਨਿਰਾਦਰੀ ਹੈ। ਸੂਰਜ ਤੇ ਕਿਰਣ ਤਾਂ ਸਦਾ ਹੀ ਮਿਲ਼ੇ ਹੋਏ ਹੁੰਦੇ ਹਨ ਕਿਉਂਕਿ ਕਿਰਣ ਸੂਰਜ ਤੋਂ ਹੀ ਆਉਂਦੀ ਹੈ ਤੇ ਇਨ੍ਹਾਂ ਦੇ ਵਿਛੁੜਨ ਦਾ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ। ਕਿਰਣ ਦਾ ਰਸਤਾ ਰੋਕ ਕੇ ਹਨ੍ਹੇਰਾ ਤਾਂ ਕੀਤਾ ਜਾ ਸਕਦਾ ਹੈ ਪਰ ਕਿਰਣ ਨੂੰ ਸੂਰਜ ਤੋਂ ਕੋਈ ਵਿਛੋੜ ਨਹੀਂ ਸਕਦਾ। ਸ਼ਹੀਦੀ ਲਈ ਇਸ ਤੁਕ ਨੂੰ ਵਰਤਣਾਂ ਤੇ ਆਖਣਾ ਕਿ ਹੁਣ ਸੂਰਜ ਤੇ ਕਿਰਣ ਮਿਲ਼ ਗਏ ਹਨ, ਗ਼ਲਤ ਲੀਹਾਂ ਪਾਉਣ ਦੇ ਪਾਪ ਕਰਨ ਤੋਂ ਬਿਨਾ ਹੋਰ ਕੁੱਝ ਨਹੀ ਹੈ। ਸੂਰਜ ਤੇ ਕਿਰਣ ਦਾ ਮਿਲਣਾਂ ਸ਼ਹੀਦੀ ਨਹੀਂ ਹੈ।

           ‘ਮਿਲੇ’ ਸ਼ਬਦ ‘ਮਿਲਿ’ ਦਾ ਹੀ ਰੂਪ ਹੈ ਤੇ ਇਸ ਨੂੰ ਸਮਝਣ ਲਈ ਇਹ ਪ੍ਰਮਾਣ ਪੜ੍ਹੋ:

ਗੁਰੁ ਸੁੰਦਰੁ ਮੋਹਨੁ ਪਾਇ ਕਰੇ ਹਰਿ ਪ੍ਰੇਮ ਬਾਣੀ ਮਨੁ ਮਾਰਿਆ॥

               ਇਸ ਪ੍ਰਮਾਣ ਵਿੱਚ ‘ਪਾਇ ਕਰੇ’ ਵਾਕ-ਅੰਸ਼ ‘ਪਾਇ ਕਰਿ’ ਦਾ ਹੀ ਰੂਪ ਹੈ। ‘ਕਰੇ’ ਦਾ ਅਰਥ ਭੂਤ ਕਾਲ਼ ਵਿੱਚ ‘ਕਰ ਲਏ’ ਜਾਂ ‘ਕਰ ਦਿੱਤੇ’ਨਹੀਂ ਹੈ। ‘ਕਰੇ’ ਦਾ ਅਰਥ ਹੈ ‘ਕਰ ਕੇ’। ‘ਪਾਇ ਕਰੇ’ ਤੋਂ ਭਾਵ ਹੈ- ਪ੍ਰਾਪਤ ਕਰ ਕੇ (ਕਾਰਦੰਤਕ)। ਜਲ ਕਾ ਜਲੁ- ਪਹਿਲਾ ਸ਼ਬਦ ‘ਜਲ’ ਪਾਣੀ ਦੀ ਕਠੋਰਤਾ ਭਾਵ ਬਰਫ਼ ਰੂਪ ਦਾ ਸੰਕੇਤਕ ਹੈ ਕਿਉਂਕਿ ਸੂਰਜ ਦੀ ਗਰਮੀ ਮਿਲਣ ਨਾਲ਼ ਬਰਫ਼ ਦਾ ਪਾਣੀ ਬਣਦਾ ਹੈ ਤੇ ਇਹ ਹੈ ਪਾਣੀ ਦਾ ਪਾਣੀ ਹੋਣਾ।ਇੱਥੇ ਪਾਣੀ ਦੀ ਕਠੋਰਤਾ ਤੋਂ ਭਾਵ ਹੈ ਮਨ ਦਾ ਰੁੱਖਾ-ਪਨ ਜੋ ਗੁਰ ਉੱਪਦੇਸ਼ ਨਾਲ਼ ਦੂਰ ਹੁੰਦਾ ਹੈ। ਜੋਤੀ ਜੋਤਿ ਰਲੀ- ਇਸ ਦਾ ਅਰਥ ਹੈ, ਮਨ ਵਿੱਚ ਨਾਮ ਸਿਮਰਨ ਦਾ ਸੰਚਾਰ ਹੋ ਜਾਣਾ, ਕਿਉਂਕਿ ਮਨ ਦੀ ਕਠੋਰਤਾ ਖ਼ਤਮ ਹੋ ਗਈ ਜਿਸ ਨਾਲ਼ ਪੈਦਾ ਹੋਈ ਨਿਮਰਤਾ ਤੇ ਗ਼ਰੀਬੀਨੇ ਮਨ ਨੂੰ ਪ੍ਰਭੂ ਪਿਆਰੇ ਨਾਲ਼ ਜੋੜ ਦਿੱਤਾ।ਇਹ ਤੁਕ ਜੀਉਂਦਿਆਂ ਨਾਲ਼ ਸੰਬੰਧਤ ਹੈ, ਸ਼ਹੀਦੀ ਨਾਲ਼ ਨਹੀਂ। ਸੰਪੂਰਨ ਥੀਆ ਰਾਮ- ਸੰਪੂਰਨ ਪ੍ਰਭੂ ਦੇ ਗੁਣਾਂ ਨੂੰ ਧਾਰਣ ਕਰਨ ਵਾਲ਼ਾ। ਇਹ ਵਾਕ-ਅੰਸ਼ ਮਨ ਦੀ ਕਠੋਰਤਾ ਖ਼ਤਮ ਕਰ ਚੁੱਕੇ ਪ੍ਰਾਣੀ ਵਾਸਤੇ ਹੈ ਨਾ ਕਿ ਸ਼ਹੀਦ ਬਾਰੇ। ਜੇ ਇਹ ਵਾਕ-ਅੰਸ਼ ਨੂੰ ਪੰਜਵੇਂ ਜਾਂ ਨੌਂਵੇਂ ਗੁਰੂ ਜੀ ਦੀ ਸ਼ਹੀਦੀ ਨਾਲ਼ ਜੋੜਿਆ ਜਾਵੇ ਤਾਂ ਅਰਥ ਨਿਕਲਣਗੇ ਕਿ ਸ਼ਹੀਦੀ ਤੋਂ ਪਿੱਛੋਂ ਗੁਰੂ ਜੀ ਸੰਪੂਰਨ ਹੋ ਗਏ। ਇਸ ਦਾ ਅਰਥ ਫਿਰ ਇਹ ਬਣੇਗਾ ਕਿ ਸ਼ਹੀਦੀ ਤੋਂ ਪਹਿਲਾਂ ਗੁਰੂ ਜੀ ਪੂਰਨ ਨਹੀਂ ਸਨ ਤੇ ਅਜਿਹਾ ਸੋਚਣਾਂ ਵੀ ਪਾਪ ਹੈ ਕਿ ਗੁਰੂ ਜੀ ਪਹਿਲਾਂ ਪੂਰਨ ਨਹੀਂ ਸਨ। ਗੁਰੂ ਜੀ ਤਾਂ ਸਦਾ ਹੀ ਪੂਰਨ ਹਨ। ਜਿਵੇਂ ਗੁਰਵਾਕ ਹਨ:

1) ਗੁਰੁ ਪੂਰਾ ਮੇਰਾ ਗੁਰੁ ਪੂਰਾ॥ (ਗਗਸ ਅੰਕੁ 901)

2) ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ॥ (SGGS, ਅੰਕੁ 375)

               ਬ੍ਰਹਮੁ ਦੀਸੈ ਬ੍ਰਹਮੁ ਸੁਣੀਐ- ਪ੍ਰਭੂ ਨਾਲ਼ ਜੁੜਨ ਵਾਲ਼ੇ ਨੂੰ ਹਰ ਥਾਂ ਪ੍ਰਭੂ ਹੀ ਵਸਦਾ ਤੇ ਜੀਵਾਂ ਵਿੱਚ ਸੁਣੀਂਦਾ ਜਾਪਦਾ ਹੈ ਤੇ ਹਰ ਥਾਂ ਪ੍ਰਭੂ ਦੀ ਹੀ ਚਰਚਾ ਹੁੰਦੀ ਜਾਪਦੀ ਹੈ। ਆਤਮ ਪਸਾਰਾ ਕਰਣਹਾਰਾ- ਉਹ ਗੁਰਮੁਖ ਹਰ ਪਾਸੇ ਪ੍ਰਭੂ ਦੀ ਆਤਮਾ ਦਾ ਹੀ ਪਸਾਰਾ ਦੇਖਦਾ ਹੈ ਤੇ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਸਮਰੱਥ ਨਹੀਂ ਜਾਣਦਾ।

               ਆਪਿ ਕਰਤਾ ਆਪਿ ਭੁਗਤਾ- ਮਨ ਦਾ ਰੁੱਖਾ-ਪਨ ਦੂਰ ਕਰ ਕੇ ਪ੍ਰਭੂ ਨਾਲ਼ ਇੱਕ ਮਿੱਕ ਹੋਣ ਵਾਲ਼ੇ ਨੂੰ ਪ੍ਰਭੂ ਆਪ ਹੀ ਪੈਦਾ ਕਰਨ ਵਾਲ਼ਾ ਤੇ ਅਨੰਦ ਲੈਣ ਵਾਲ਼ਾ ਪ੍ਰਤੀਤ ਹੁੰਦਾ ਹੈ। ਆਪਿ ਕਾਰਣ ਕੀਆ-ਉਸ ਨੂੰ ਜਾਪਦਾ ਹੈ ਕਿ ਪ੍ਰਭੂ ਆਪ ਹੀ ਸੱਭ ਨੂੰ ਪ੍ਰੇਰਣਾ ਕਰ ਰਿਹਾ ਹੈ। ਬਿਨਵੰਤਿ ਨਾਨਕ ਸੇਈ ਜਾਣੈ-

               ਧੰਨੁ ਗੁਰੂ ਪੰਜਵੇਂ ਪਾਤਿਸ਼ਾਹ ਜੀ ਬੇਨਤੀ ਕਰਦੇ ਬਚਨ ਕਰਦੇ ਹਨ ਕਿ ਇਹ ਭੇਦ ਉਹੀ ਜਾਣਦੇ ਹਨ ਜਿਨ੍ਹਾਂ ਨੇ ਪ੍ਰਭੂ ਨਾਲ਼ ਇੱਕ ਮਿੱਕ ਹੋ ਕੇ ਨਾਮ ਰਸ ਦਾ ਚੱਖਣਾ ਕੀਤਾ ਹੈ।

              ਗੁਰਬਾਣੀ ਵਿਆਕਰਣ ਦੀ ਅਗਵਾਈ ਨਾਲ਼ ਇਹ ਸਿੱਟਾ ਨਿਕਲ਼ਦਾ ਹੈ ਕਿ ਵਿਚਾਰ ਅਧੀਨ ਸ਼ਬਦ ਦਾ ਗੁਰੂ ਵਿਅੱਕਤੀਆਂ ਦੇ ਸ਼ਹੀਦੀ ਦਿਹਾੜਿਆਂ ਨਾਲ਼ ਕੋਈ ਸੰਬੰਧ ਨਹੀਂ ਹੈ। ਇਹ ਸ਼ਬਦ ਮਨ ਦੀ ਕਠੋਰਤਾ, ਨਿਰਦਈ-ਪੁਣਾ ਤੇ ਰੁੱਖਾ-ਪਨ ਤਿਆਗ ਕੇ ਪ੍ਰਭੂ ਸਿਮਰਨ ਵਿੱਚ ਜੁੜ ਕੇ ਆਤਮਕ ਆਨੰਦ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੰਦਾ ਹੈ।         

__________________***************___________________

Note:  Only Professor Kashmira Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।